ਹਰਿਆਣਾ ਵਿਧਾਨ ਸਭਾ ਚੋਣਾਂ: ਵੋਟਾਂ ਅੱਜ, ਭਾਜਪਾ ਦੀ ਹੈਟ੍ਰਿਕ ’ਤੇ ਅੱਖ, ਕਾਂਗਰਸ ਸੱਤਾ ਵਾਪਸੀ ਦੀ ਚਾਹਵਾਨ
ਚੰਡੀਗੜ੍ਹ, 5 ਅਕਤੂਬਰ, 2024: ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਅੱਜ ਪੈਣਗੀਆਂ। ਸਾਰੀਆਂ 90 ਸੀਟਾਂ ’ਤੇ ਇਕੋ ਸਮੇਂ ਵੋਟਾਂ ਪੈਣਗੀਆਂ।
ਇਸ ਵਾਰ ਸੱਤਾਧਾਰੀ ਭਾਜਪਾ ਤੀਜੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਮਾਰਨ ਦੀ ਫਿਰਾਕ ਵਿਚ ਹੈ ਜਦੋਂ ਕਿ ਕਾਂਗਰਸ ਪਾਰਟੀ ਇਕ ਦਹਾਕੇ ਤੋਂ ਬਾਅਦ ਸੱਤਾ ਵਿਚ ਵਾਪਸੀ ਦੀ ਚਾਹਵਾਨ ਹੈ। ਦੋਵਾਂ ਪਾਰਟੀਆਂ ਵੱਲੋਂ ਚੋਣਾਂ ਵਿਚ ਧੂੰਆਂਧਾਰ ਪ੍ਰਚਾਰ ਮੁਹਿੰਮ ਚਲਾਈ ਗਈ।
ਭਾਜਪਾ ਤੇ ਕਾਂਗਰਸ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇ ਜੇ ਪੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਵੀ ਆਪੋ ਆਪਣੇ ਭਾਈਵਾਲਾਂ ਏ ਜੇ ਪੀ ਤੇ ਬਸਪਾ ਦੇ ਨਾਲ ਚੋਣ ਮੈਦਾਨ ਵਿਚ ਹਨ। ਦੂਜੇ ਪਾਸੇ ਪਹਿਲੀ ਵਾਰ ਸੂਬੇ ਵਿਚ ਵਿਧਾਨ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ (ਆਪ) ਇੰਨੀਆਂ ਕੁ ਸੀਟਾਂ ਚਾਹੁੰਦੀ ਹੈ ਕਿ ਉਹ ਕਿੰਗਮੇਕਰ ਦੀ ਭੂਮਿਕਾ ਅਦਾ ਕਰ ਸਕੇ। ਸਿਆਸੀ ਪਾਰਟੀਆਂ ਤੋਂ ਇਲਾਵਾ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ ਜਿਹਨਾਂ ਵਿਚੋਂ ਅਨੇਕਾਂ ਭਾਜਪਾ ਤੇ ਕਾਂਗਰਸ ਦੇ ਬਾਗੀ ਉਮੀਦਵਾਰ ਹਨ।
ਸੂਬੇ ਵਿਚ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ ਜਿਸ ਦਿਨ ਜੰਮੂ-ਕਸ਼ਮੀਰ ਵਿਚ ਵੀ ਵੋਟਾਂ ਦੀ ਗਿਣਤੀ ਹੋਣੀ ਹੈ।