ਬਠਿੰਡਾ ਪੁਲਿਸ ਵੱਲੋਂ ਅਠਿਆਨੀ ਦੇ ਕਤਲ ਮਾਮਲੇ ’ਚ ਚਾਰ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ,14 ਜੁਲਾਈ 2024:ਬਠਿੰਡਾ ਜਿਲ੍ਹੇ ਦੀ ਮੌੜ ਮੰਡੀ ’ਚ ਲੰਘੀ 7 ਜੁਲਾਈ ਨੂੰ ਦੇਰ ਸ਼ਾਮ ਨੌਜਵਾਨ ਜਸਪਾਲ ਸਿੰਘ ਉਰਫ ‘ਅਠਿਆਨੀ’ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਇੱਕ ਔਰਤ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਜਸ ਪੀਰਕੋਟ ਪੁੱਤਰ ਜਗਸੀਰ ਸਿੰਘ ਵਾਸੀ ਪੀਰਕੋਟ , ਗੁਰਦੀਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮੌੜ ਮੰਡੀ, ਬਲਬੀਰ ਕੌਰ ਪਤਨੀ ਸੁਖਚੰਦ ਸਿੰਘ ਵਾਸੀ ਮੌੜ ਮੰਡੀ ਅਤੇ ਹਰਜੀਤ ਸਿੰਘ ਉਰਫ ਐਨਕੀ ਪੁੱਤਰੀ ਪਿਸ਼ੌਰਾ ਸਿੰਘ ਵਾਸੀ ਲਹਿਰੀ ਵਜੋਂ ਕੀਤੀ ਗਈ ਹੈ।
ਥਾਣਾ ਮੌੜ ਮੰਡੀ ਪੁਲਿਸ ਨੇ ਇਸ ਕਤਲ ਮਾਮਲੇ ’ਚ ਇੰਨ੍ਹਾਂ ਮੁਲਜਮਾਂ ਖਿਲਾਫ ਬੀਐਨਐਸ ਦੀ ਧਾਰਾ 103, 3(5) 61(2) ਤਹਿਤ ਮੁਕੱਦਮਾ ਦਰਜ ਕੀਤਾ ਸੀ। ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦੀਪਕ ਪਾਰੀਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ ਅਤੇ ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਨੂੰ ਬਠਿੰਡਾ ਬਰਨਾਲਾ ਹਾਈਵੇ ਤੋ ਗ੍ਰਿਫਤਾਰ ਕੀਤਾ ਗਿਆ। ਵਾਰਦਾਤ ਸਮੇ ਵਰਤੀ ਹੌਂਡਾ ਸਿਟੀ ਕਾਰ ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਦੀ ਹੈ ਜੋ ਵਾਰਦਾਤ ਵਕਤ ਮੁਲਜਮਾਂ ਦੇ ਨਾਲ ਸੀ ਜਿਸਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੀ ਹੱਤਿਆ ਜੁਲਾਈ 2020 ਦੌਰਾਨ ਅਮਰਿੰਦਰ ਸਿੰਘ ਉਰਫ ਮੰਜਾ ਨਾਮਿਕ ਨੌਜਵਾਨ ਨੂੰ ਕਤਲ ਕਰਨ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਜੁਲਾਈ 2020 ਵਿੱਚ ਪਿੰਡ ਮੌੜ ਕਲਾਂ ਦੇ ਅਮਨਿੰਦਰ ਸਿੰਘ ਉਰਫ ਮੰਜਾ (35) ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਦਾ ਕਤਲ ਕਰ ਦਿੱਧਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਲਜਮ ਜਸਪਾਲ ਸਿੰਘ ਜਮਾਨਤ ਤੇ ਬਾਹਰ ਆਇਆ ਸੀ ਅਤੇ ਮੰਜਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੂੰ ਮੁਲਜਮਾਂ ਵੱਲੋਂ ਸ਼ਰੇਆਮ ਲੋਕਾਂ ਦੀ ਭੀੜ ਦੀ ਮੌਜੂਦਗੀ ’ਚ ਤੇਜਧਾਰ ਹਥਿਆਰਾਂ ਨਾਲ ਗੰਭੀਰ ਰੂਪ ’ਚ ਜਖਮੀ ਕਰ ਦਿੱਤਾ ਗਿਆ ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ ਖਿਲਾਫ 24 ਜਨਵਰੀ 2016 ਨੂੰ ਥਾਣਾ ਸਿਵਲ ਲਾਈਨ ਬਠਿੰਡਾ ’ਚ ਕਤਲ ਦਾ ਮੁਕੱਦਮਾ ਦਰਜ ਹੋਇਆ ਸੀ।
ਇਸੇ ਤਰਾਂ ਹੀ ਥਾਣਾ ਮੌੜ ’ਚ ਹਰਪ੍ਰੀਤ ਖਿਲਾਫ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ। ਹਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ ਖਿਲਾਫ ਫਿਰੋਜ਼ਪੁਰ ਜਿਲ੍ਹੇ ਦੇ ਥਾਣਾ ਘੱਲ ਖੁਰਦ ’ਚ 12 ਦਸੰਬਰ 2021 ਨੂੰ ਧਾਰਾ ਧਾਰਾ 392 ਆਈ.ਪੀ.ਸੀ, 25,27 ਆਰਮਜ ਐਕਟ ਤਹਿਤ ਦਰਜ ਹੈ। ਇਸੇ ਤਰਾਂ ਹੀ ਜਸਪ੍ਰੀਤ ਸਿੰਘ ਉਰਫ ਜੱਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਖਿਲਾਫ ਥਾਣਾ ਸਦਰ ਰਾਮਪੁਰਾ ’ਚ ਧਾਰਾ 326,323,324,148,149 ਤਹਿਤ ਦਰਜ ਹੋਇਆ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।