ਰੂਪਨਗਰ ਰੇਂਜ 'ਚ 10 ਦਿਨਾਂ ਦੌਰਾਨ 65 FIR ਦਰਜ ਕਰਕੇ 85 ਮੁਜਰਿਮ ਸਲਾਖਾ ਪਿੱਛੇ ਡੱਕੇ-ਡੀ.ਆਈ.ਜੀ
ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਨੰਗਲ ਵਿੱਚ ਵਾਕਥੋਨ ਕਰਕੇ ਨਸ਼ਿਆ ਵਿਰੁੱਧ ਕੀਤਾ ਜਾਗਰੂਕ
10 ਸਾਲਾ ਵਿੱਚ ਨਸ਼ਿਆ ਦੇ ਸੋਦਾਗਰਾਂ ਦੀ 28 ਕਰੌੜ ਰੁਪਏ ਦੀ ਪ੍ਰਾਪਰਟੀ ਫਰੀਜ਼/ਅਟੈਂਚ ਕੀਤੀ-ਡੀ.ਆਈ.ਜੀ
ਪ੍ਰਮੋਦ ਭਾਰਤੀ
ਨੰਗਲ 28 ਜੂਨ ,2024 ਨਿਲੰਬਰੀ ਜਗਦਲੇ ਵਿਜੇ ਡੀ.ਆਈ.ਜੀ ਰੂਪਨਗਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲਿਆ ਹਦਾਇਤਾ ਅਤੇ ਸ੍ਰੀ ਗੋਰਵ ਯਾਦਵ ਡਾਂਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਕੋਹੜ ਨੂੰ ਜੜ੍ਹ ਤੋ ਖਤਮ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਰੂਪਨਗਰ ਰੇਂਜ ਵਿਚ ਪਿਛਲੇ 10 ਦਿਨਾਂ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ 65 ਐਫ.ਆਈ.ਆਰ ਦਰਜ ਕਰਕੇ 85 ਮੁਜਰਿਮ ਜੇਲ੍ਹਾਂ ਵਿੱਚ ਡੱਕੇ ਹਨ, ਪਿਛਲੇ 10 ਸਾਲਾ ਦੌਰਾਨ ਰੇਂਜ ਵਿੱਚ ਨਸ਼ਿਆ ਦੇ ਸੋਦਾਗਰਾਂ ਦੀ 28 ਕਰੋੜ ਰੁਪਏ ਦੀ ਪ੍ਰਾਪਰਟੀ ਫਰੀਜ਼/ਅਟੈਂਚ ਕੀਤੀ ਹੈ।
ਅੱਜ ਨੰਗਲ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਵਾਕਥੋਨ ਦੌਰਾਨ ਡੀ.ਆਈ.ਜੀ ਰੂਪਨਗਰ ਰੇਂਜ ਨਿਲੰਬਰੀ ਜਗਦਲੇ ਵਿਜੇ ਆਈ.ਪੀ.ਐਸ ਨੇ ਕਿਹਾ ਕਿ ਨਸ਼ਿਆ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸਾਡੀ ਮੁਹਿੰਮ ਤਹਿਤ ਵੱਡੀਆ ਮੱਛੀਆਂ ਕਾਬੂ ਕੀਤੀਆਂ ਜਾ ਰਹੀਆਂ ਹਨ, ਕਮਰਸ਼ੀਅਲ ਕੋਆਨਟਿਟੀ ਦੇ ਕੇਸ ਵੀ ਫੜ੍ਹੇ ਹਨ ਅਤੇ ਨਸ਼ਿਆ ਦੇ ਵਪਾਰੀਆਂ ਦਾ ਪਿਛੋਕੜ ਵੀ ਖੰਗਾਲਿਆਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਪਰਟੀਆਂ ਫਰੀਜ਼/ਅਟੈਚ ਕੀਤੀਆਂ ਹਨ, ਉਨ੍ਹਾਂ ਵਿਚ ਵਾਹੀਯੋਗ ਜਮੀਨ, ਟਰੈਕਟਰ, ਟਰਾਲੀ, ਮੋਟਰ ਸਾਈਕਲ ਆਦਿ ਸਪੰਤੀਆਂ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਵਾਕਥੋਨ ਵਿੱਚ ਸਾਮਿਲ ਹੋਣ ਤੇ ਵਧਾਈ ਦਿੱਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਨੂੰ ਭਰਵਾ ਸਹਿਯੋਗ ਦਿੱਤਾ ਹੈ।
ਡੀ.ਆਈ.ਜੀ ਨੇ ਕਿਹਾ ਕਿ ਅਸੀ ਨਸ਼ਿਆ ਵਿਰੁੱਧ ਜੋ ਅਭਿਆਨ ਚਲਾਇਆ ਹੈ, ਉਸ ਰਾਹੀ ਨਸ਼ਿਆ ਦੇ ਕੋਹੜ ਨੂੰ ਜੜ੍ਹ ਤੋ ਵੱਡਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ, ਪ੍ਰੰਤੂ ਇਹ ਮੁਹਿੰਮ ਆਮ ਲੋਕਾਂ, ਪਤਵੰਤੇ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨੰਗਲ ਸ਼ਹਿਰ ਵਾਸੀਆਂ ਨੇ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ। ਭਵਿੱਖ ਵਿੱਚ ਨਸ਼ਿਆ ਦੇ ਸੋਦਾਗਰ ਜੇਲ੍ਹਾਂ ਵਿਚ ਡੱਕੇ ਜਾਣਗੇ ਜਿਹੜੇ ਮੁਜਰਿਮ ਅਦਾਲਤਾਂ ਵਿਚ ਪੇਸ਼ੀਆਂ ਤੇ ਹਾਜ਼ਰ ਨਹੀ ਹੋਣਗੇ, ਉਨ੍ਹਾਂ ਦੀਆਂ ਜਮਾਨਤਾਂ ਰੱਦ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਪੰਜਾਬ ਦੇ ਸਪੱਸ਼ਟ ਨਿਰਦੇਸ਼ ਹਨ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਾ ਜਾਵੇ। ਇਹ ਵਾਕਥੋਨ ਸ਼ਹੀਦ ਕੈਪਟਨ ਅਮੋਲ ਕਾਲੀਆਂ ਪਾਰਕ ਤੋਂ ਸੁਰੂ ਹੋਈ ਅਤੇ ਬੀਬੀਐਮਬੀ ਕ੍ਰਿਕਟ ਗਰਾਊਡ ਵਿਚ ਸਮਾਪਤ ਹੋਈ।
ਇਸ ਮੌਕੇ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਕਿਹਾ ਕਿ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਜਿਲ੍ਹੇ ਵਿਚ ਨਸ਼ਿਆ ਵਿਰੁੱਧ ਜੋ ਮੁਹਿੰਮ ਚਲਾਈ ਹੈ, ਉਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਨਸ਼ਿਆ ਦੇ ਦੋਸ਼ੀ ਬਖਸ਼ੇ ਨਹੀ ਜਾਣਗੇ, ਉਹ ਸਭ ਪੁਲਿਸ ਦੀ ਗ੍ਰਿਫਤ ਵਿੱਚ ਆ ਰਹੇ ਹਨ। ਆਮ ਲੋਕ ਸਾਨੂੰ ਆਪਣਾ ਸਹਿਯੋਗ ਦੇਣ ਅਸੀ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜ ਵਿਚੋਂ ਅਜਿਹੇ ਕੋਹੜ ਨੂੰ ਖਤਮ ਕਰਕੇ ਆਪਣੇ ਨੋਜਵਾਂਨਾ ਨੂੰ ਬਚਾਉਣਾ ਹੈ। ਅੱਜ ਦੇ ਇਸ ਵਾਕਥੋਨ ਵਿੱਚ ਨੋਜਵਾਨਾਂ ਦੀ ਭਾਰੀ ਸਮੂਲੀਅਤ ਦੇ ਉਤਸ਼ਾਹ ਨਾਲ ਹਰ ਵਰਗ ਸੱਜਗ ਤੇ ਸੁਚੇਤ ਹੋਇਆ ਹੈ। ਇਸ ਮੌਕੇ ਬੀਬੀਐਮਬੀ ਕ੍ਰਿਕਟ ਗਰਾਊਡ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੇ ਕੇ ਉਤਸ਼ਾਹ ਵਿੱਚ ਵਾਧਾ ਕੀਤਾ। ਇਸ ਮੌਕੇ ਰਾਜਪਾਲ ਸਿੰਘ ਹੁੰਦਲ ਐਸ.ਪੀ.ਐਚ ਰੂਪਨਗਰ, ਡੀ.ਐਸ.ਪੀ ਮਨਜੀਤ ਸਿੰਘ, ਐਚ.ਐਲ.ਕੰਬੋਜ ਡਿਪਟੀ ਚੀਫ ਇੰਜੀਨਿਅਰ ਬੀਬੀਐਮਬੀ, ਓਕਾਰ ਸਿੰਘ ਬਲਾਕ ਪ੍ਰਧਾਨ, ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਵਿੰਗ, ਦੀਪਕ ਸੋਨੀ, ਐਡਵੋਕੇਟ ਅਸ਼ੋਕ ਮਨੋਚਾ, ਡਾ.ਅਸ਼ੋਕ ਸ਼ਰਮਾ, ਰਾਜੀ ਖੰਨਾ, ਜੇ.ਐਸ.ਵਾਲੀਆਂ, ਮੋਹਿਤ ਦੀਵਾਨ, ਸੁਮਿਤ ਸੰਦਲ, ਮਨੀਸ਼ ਸੋਨੀ, ਜਰਨੈਲ ਸਿੰਘ ਸੰਧੂ, ਓਮਾ ਕਾਂਤ ਸ਼ਰਮਾ, ਬਲਵਿੰਦਰ ਬਾਲੀ ਤੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।