ਗੁਰਦਾਸਪੁਰ: ਗੀਤਾ ਭਵਨ ਮੰਦਰ 'ਚ ਸ੍ਰੀ ਰਾਮ ਦਰਬਾਰ ਦਿਆਸਣ ਨੂੰ ਲੱਗੀ ਅੱਗ
ਦੁਕਾਨਦਾਰਾਂ ਦੇ ਤੁਰੰਤ ਹਰਕਤ ਵਿੱਚ ਆਉਣ ਕਾਰਨ ਵੱਡਾ ਹਾਦਸਾ ਹੋਣੋ ਟਲਿਆ
ਰੋਹਿਤ ਗੁਪਤਾ
ਗੁਰਦਾਸਪੁਰ 30 ਜੂਨ 2024- ਸ਼ਹਿਰ ਦੇ ਪ੍ਰਸਿੱਧ ਮੰਦਿਰ ਗੀਤਾ ਭਵਨ ਵਿਖੇ ਐਤਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਸ੍ਰੀ ਰਾਮ ਦਰਬਾਰ 'ਚ ਰੱਖੇ ਗਏ ਭਗਵਾਨ ਦੇ ਬਿਸਤਰੇ (ਸ਼ਈਅਨ ਆਸਨ )ਨੂੰ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਨੇੜੇ ਦੇ ਦੁਕਾਨਦਾਰ ਨੇ ਤੁਰੰਤ ਹਰਕਤ 'ਚ ਆ ਕੇ ਪਾਣੀ ਦੀਆਂ ਬਾਲਟੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਕੋਈ ਵੱਡਾ ਨੁਕਸਾਨ ਹੋਣਾ ਬਚ ਗਿਆ।
ਦੁਕਾਨਦਾਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਮੰਦਰ 'ਚ ਸਾਰੇ ਦੇਵੀ-ਦੇਵਤਿਆਂ ਦੇ ਮੰਦਰ ਬੰਦ ਰੱਖੇ ਜਾਂਦੇ ਹਨ। ਅੱਜ ਵੀ ਸ਼ਾਮ ਸਾਢੇ ਵਜੇ ਦੇ ਕਰੀਬ ਜਦੋਂ ਮੰਦਰ ਵਿੱਚ ਸਥਿਤ ਵੱਖ ਵੱਖ ਭਗਵਤ ਸਰੂਪਾ ਅਤੇ ਮੂਰਤੀਆਂ ਵਾਲੇ ਕਮਰੇ ਬੰਦ ਸੀ ਉਸ ਵੇਲੇ ਸ਼੍ਰੀ ਰਾਮ ਦਰਬਾਰ ਵਾਲੇ ਕਮਰੇ 'ਚ ਲੱਗੇ ਪੱਖੇ ਦਾ ਕੰਡੈਂਸਰ ਗਰਮੀ ਕਾਰਨ ਪਿਘਲਣਾ ਸ਼ੁਰੂ ਹੋ ਗਿਆ ਅਤੇ ਉਸ ਵਿੱਚੋ ਮੋਮ ਵਰਗਾ ਪਦਾਰਥ ਨਿਕਲ ਕੇ ਹੇਠਾਂ ਰੱਖੇ ਹੋਏ ਕੱਪੜੇ ਦੇ ਭਗਵਾਨ ਸ਼੍ਰੀ ਰਾਮ ਦੇ ਸੋਣ ਵਾਲੇ ਆਸਨ ਤੇ ਡਿੱਗਣਾ ਸ਼ੁਰੂ ਹੋ ਗਿਆ।
ਸ਼ਾਇਦ ਇਹ ਪਦਾਰਥ ਜਿਆਦਾ ਗਰਮ ਹੋਣ ਕਾਰਨ ਕੱਪੜੇ ਦੇ ਆਸਨ ਨੂੰ ਅੱਗ ਲੱਗ ਗਈ ਜੋ ਕੁਝ ਹੀ ਦੇਰ 'ਚ ਹੀ ਫੈਲਣੀ ਸ਼ੁਰੂ ਹੋ ਗਈ ਪਰ ਖੁਸ਼ਕਿਸਮਤੀ ਨਾਲ ਮੰਦਰ ਦੇ ਬਾਹਰ ਬਿਜਲੀ ਦੀ ਦੁਕਾਨ ਚਲਾਉਣ ਵਾਲਾ ਕਾਕਾ ਅਤੇ ਫੁੱਲਾਂ ਦੀ ਦੁਕਾਨ ਦਾ ਮਾਲਕ ਹੈਪੀ ਕਿਸੇ ਕੰਮ ਲਈ ਮੰਦਰ ਦੇ ਅੰਦਰ ਆਏ ਤਾਂ ਉਨ੍ਹਾਂ ਦੀ ਨਜ਼ਰ ਸ੍ਰੀ ਰਾਮ ਮੰਦਰ 'ਚ ਫੈਲੀ ਅੱਗ 'ਤੇ ਪਈ। ਉਨ੍ਹਾਂ ਤੁਰੰਤ ਹਰਕਤ 'ਚ ਆ ਕੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ 'ਤੇ ਕਾਬੂ ਪਾਇਆ, ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਮੰਦਰ ਦੇ ਪੁਜਾਰੀ ਪੰਡਿਤ ਭੂਸ਼ਣ ਮੰਦਰ ਦੇ ਇਕ ਕਮਰੇ 'ਚ ਸੌਂ ਰਹੇ ਸਨ ਅਤੇ ਬਾਹਰ ਹੋ ਰਹੀ ਘਟਨਾ ਤੋਂ ਅਣਜਾਣ ਸਨ।
ਦੂਜੇ ਪਾਸੇ ਦੋ ਦੁਕਾਨਦਾਰਾਂ ਨੇ ਲਗਾਤਾਰ ਮਿਹਨਤ ਕਰਕੇ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਜੇਕਰ ਦੋਵੇਂ ਦੁਕਾਨਦਾਰ ਮੰਦਰ ਨਾ ਆਉਂਦੇ ਤਾਂ ਭਿਆਨਕ ਅੱਗ ਲੱਗ ਸਕਦੀ ਸੀ ਅਤੇ ਮੰਦਰ ਦਾ ਵੱਡਾ ਨੁਕਸਾਨ ਹੋ ਸਕਦਾ ਸੀ।