ਕੈਨੇਡਾ: ਕੈਲਗਰੀ 'ਚ ਰੇਡੀਓ ਪੱਤਰਕਾਰ 'ਤੇ ਹਮਲਾ, ਕੈਨੇਡਾ ਇੰਡੀਆ ਫਾਊਂਡੇਸ਼ਨ ਨੇ ਹਮਲੇ ਦੀ ਕੀਤੀ ਨਿੰਦਾ
ਕੈਲਗਰੀ, 30 ਸਤੰਬਰ 2024- ਕੈਨੇਡਾ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਰੇਡੀਓ ਐਫ.ਐਮ. ਕੈਲਗਰੀ ਦੇ ਨਿਊਜ਼ ਐਡੀਟਰ ਰਿਸ਼ੀ ਨਾਗਰ 'ਤੇ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਨਗਰ ਰੀਓ ਬੈਂਕੁਏਟ ਹਾਲ ਵੱਲ ਜਾ ਰਿਹਾ ਸੀ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਉਸ 'ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਹਮਲਾ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕਾਬੂ 'ਚ ਕੀਤਾ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਹਮਲਾ ਮੀਡੀਆ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਰਿਹਾ ਹੈ, ਕਿਉਂਕਿ ਹਾਲ ਹੀ ਦੇ ਸਮੇਂ ਵਿਚ ਕੈਨੇਡਾ ਵਿਚ ਪੱਤਰਕਾਰਾਂ ਅਤੇ ਘੱਟ ਗਿਣਤੀਆਂ 'ਤੇ ਅਜਿਹੇ ਹਮਲੇ ਵਧੇ ਹਨ। ਦੂਜੇ ਪਾਸੇ, ਕੈਨੇਡਾ ਇੰਡੀਆ ਫਾਊਂਡੇਸ਼ਨ ਅਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਹਮਲੇ ਨੂੰ ਵਿਚਾਰਾਂ ਅਤੇ ਮੀਡੀਆ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਪੁਲਿਸ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।