ਕੋਟਪਾ ਐਕਟ ਦੀ ਉਲੰਘਣਾ ਕਰਨ 'ਤੇ ਪੰਜ ਦੁਕਾਨਦਾਰਾਂ ਦੇ ਕੱਟੇ ਚਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਅਕਤੂਬਰ ,2024
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਦੀ ਤੰਬਾਕੂ ਸੈੱਲ ਟੀਮ ਨੇ ਅੱਜ ਅਰਬਨ ਰਾਹੋਂ ਬੱਸਸਟੈਂਡ, ਟੀ-ਪੁਆਇੰਟ, ਜਾਡਲਾ ਰੋਡ, ਰਾਹੋਂ ਵਿਖੇ ਕੋਟਪਾ ਐਕਟ ਦੀ ਉਲੰਘਣਾ ਕਰਨ 'ਤੇ ਪੰਜ ਦੁਕਾਨਦਾਰਾਂ ਦੇ ਚਲਾਨ ਕੱਟੇ।
ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਮ.ਪ.ਹ.ਸ. (ਮੇਲ) ਰਵੀਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ, ਮੁਜ਼ੱਫਰਪੁਰ ਵੱਲੋਂ ਕੋਟਪਾ ਐਕਟ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਅੱਜ ਕੋਟਪਾ ਐਕਟ ਦੀ ਉਲੰਘਣਾ ਕਰਨ 'ਤੇ ਪੰਜ ਦੁਕਾਨਦਾਰਾਂ ਅਤੇ ਖੋਖਾ ਮਾਲਕਾਂ ਦੇ ਚਲਾਨ ਕੱਟੇ ਗਏ, ਜਿਨ੍ਹਾਂ ਕੋਲੋਂ ਕੁੱਲ 250 ਰੁਪਏ ਜੁਰਮਾਨਾ ਵੀ ਵਸੂਲਿਆ ਗਿਆ। ਇਸ ਮੌਕੇ ਉਨ੍ਹਾਂ ਨੂੰ ਤੰਬਾਕੂ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਸ. ਸਿੰਘ ਨੇ ਕੋਟਪਾ ਐਕਟ ਦੀਆਂ ਧਾਰਾਵਾਂ ਤਹਿਤ ਹੋਣ ਵਾਲੀਆਂ ਵੱਖ-ਵੱਖ ਸਜ਼ਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ, ਕਾਲਜਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚੇਤਾਵਨੀ ਬੋਰਡ ਲੱਗਿਆ ਹੋਣਾ ਜਰੂਰੀ ਹੈ, ਨਹੀਂ ਤਾਂ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕੋਟਪਾ ਐਕਟ 2003 ਅਧੀਨ ਧਾਰਾ 4 ਅਨੁਸਾਰ ਕੋਈ ਵੀ ਵਿਅਕਤੀ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ, ਜਿਸ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਕੀਤਾ ਜਾਂਦਾ ਹੈ। ਧਾਰਾ 4 ਤਹਿਤ ਜਨਤਕ ਸਥਾਨਾਂ 'ਤੇ ਤੰਬਾਕੂਨੋਸ਼ੀ 'ਤੇ 200 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਸੈਕਸ਼ਨ 6-(ਏ) ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਸਿਗਰਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ/ਖਰੀਦਣ ਤੇ ਮਨਾਹੀ ਹੈ ਅਤੇ । ਧਾਰਾ-6ਬੀ ਅਨੁਸਾਰ ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਅਤੇ ਸੇਵਨ ਕਰਨਾ ਅਪਰਾਧ ਹੈ। ਧਾਰਾ 5 ਅਧੀਨ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਧਾਰਾ-7 ਅਧੀਨ ਬਿਨਾਂ ਸਿਹਤ ਚੇਤਾਵਨੀ ਤੋਂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ 'ਤੇ ਰੋਕ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਰੋਜ਼ਾਨਾ ਔਸਤਨ 48 ਵਿਅਕਤੀਆਂ ਦੀ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮੌਤ ਹੋ ਜਾਂਦੀ ਹੈ। ਇਹੀ ਨਹੀਂ, ਤੰਬਾਕੂ ਦੇ ਸੇਵਨ ਨਾਲ ਮੂੰਹ ਦੇ ਕੈਂਸਰ ਅਤੇ ਮੂੰਹ ਦੀ ਬਦਬੂ ਸਮੇਤ ਦੰਦਾਂ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਹੁੰਦੇ ਹਨ, ਕਿਉਂਕਿ ਇਸ ਵਿੱਚ ਨਿਕੋਟਿਨ ਸਮੇਤ 4000 ਤੋਂ ਵੱਧ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਸੌਖਾ ਅਤੇ ਹਰ ਥਾਂ ਮਿਲਣ ਕਰਕੇ ਨਸ਼ਿਆਂ ਦਾ ਪ੍ਰਵੇਸ਼ ਦਵਾਰ ਹੈ, ਇਸ ਕਰਕੇ ਬੱਚਿਆਂ ਨੂੰ ਇਸ ਤੋਂ ਦੂਰ ਰੱਖਣਾ ਜ਼ਰੂਰੀ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਲਤ ਤੋੰ ਦੂਰ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਮ.ਪ.ਹ.ਵ. (ਮੇਲ) ਪਰਮਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਟੀਮ ਮੈਂਬਰ ਮੌਜੂਦ ਸਨ।