ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ ਹਰਦੀਪ ਕੌਰ ਦੀ ਪਲੇਠੀ ਪੁਸਤਕ "ਸ਼ਮਸ਼ਾਨ ਘਾਟ ਸੌ ਗਿਆ" ਕੀਤੀ ਗਈ ਰਿਲੀਜ਼
- ਵਿਸ਼ਵ ਦੇ ਹਰ ਖੇਤਰ ਵਿੱਚ ਔਰਤ ਸ਼ਕਤੀ: ਸੰਧਵਾ
- ਔਰਤਾਂ ਦੀ ਮਦਦ ਲਈ ਔਰਤਾਂ ਨੂੰ ਅੱਗੇ ਆਉਣਾ ਪਵੇਗਾ: ਰਾਜ ਲਾਲੀ ਗਿੱਲ
ਚੰਡੀਗੜ੍ਹ, 26 ਅਕਤੂਬਰ 2024 - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਔਰਤਾਂ ਦੀ ਸ਼ਕਤੀ ਉਨ੍ਹਾਂ ਦੀ ਸ਼ਖਸੀਅਤ ਵਿੱਚ ਨਹੀਂ ਸਗੋਂ ਸਾਡੇ ਦੇਸ਼ ਅਤੇ ਦੁਨੀਆ ਦੇ ਹਰ ਖੇਤਰ ਵਿੱਚ ਹੈ। ਸਮਾਜ ਨੂੰ ਚਲਾਉਣ ਵਿੱਚ ਔਰਤਾਂ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ। ਸਮਾਜ ਪ੍ਰਤੀ ਔਰਤਾਂ ਦੇ ਯੋਗਦਾਨ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੇਖਿਕਾ ਹਰਦੀਪ ਕੌਰ ਦੀ ਪਲੇਠੀ ਪੁਸਤਕ ‘ਸ਼ਮਸ਼ਾਨ ਘਾਟ ਸੌਂ ਗਿਆ ' ਦੇ ਰਿਲੀਜ਼ ਹੋਣ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਕਲਮ ਦੀ ਤਾਕਤ ਦਾ ਅੰਦਾਜ਼ਾ ਲੇਖਕ ਜਾਂ ਪਾਠਕ ਹੀ ਲਗਾ ਸਕਦਾ ਹੈ।
ਕਲਮ ਦੀ ਨੋਕ ਹਥਿਆਰ ਤੋਂ ਵੀ ਵੱਧ ਤਿੱਖੀ ਹੁੰਦੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਨ ਲੇਖਕ ਦੱਸਦਿਆਂ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਹਥਿਆਰਾਂ ਨਾਲ ਨਹੀਂ ਸਗੋਂ ਕਲਮ ਨਾਲ ਪ੍ਰਭਾਵਿਤ ਕੀਤਾ ਸੀ। ਗੁਰੂ ਸਾਹਿਬ ਦਾ ਆਪਣੀ ਕਲਮ ਨਾਲ ਲਿਖਿਆ ਜ਼ਫਰਨਾਮਾ ਵਿਸ਼ਵ-ਵਿਆਪੀ ਦਸਤਾਵੇਜ਼ ਬਣ ਗਿਆ। ਉਨ੍ਹਾਂ ਲੇਖਿਕਾ ਹਰਦੀਪ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਪੁਸਤਕਾਂ ਪੜ੍ਹਨ ਅਤੇ ਲਿਖਣ ਵੱਲ ਝੁਕਾਅ ਘਟਦਾ ਜਾ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਲੇਖਕਾਂ ਨੂੰ ਹਰਦੀਪ ਕੌਰ ਤੋਂ ਨਵੀਂ ਸੇਧ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਕਿ ਕਿਵੇਂ ਔਰਤ ਆਪਣੇ ਘਰ, ਪਰਿਵਾਰ ਅਤੇ ਕੰਮ ਵਾਲੀ ਥਾਂ 'ਤੇ ਸੰਤੁਲਨ ਬਣਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨੇ ਦਿਸ਼ਾ ਟਰੱਸਟ ਵੱਲੋਂ ਔਰਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਦੀਪ ਕੌਰ ਇੱਕ ਔਰਤ ਹੋਣ ਦੇ ਨਾਤੇ ਔਰਤਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਉਨ੍ਹਾਂ ਦੇ ਹੱਲ ਲਈ ਵੀ ਆਪਣੇ ਮੰਚ ਰਾਹੀਂ ਸਾਰਥਕ ਉਪਰਾਲੇ ਕਰ ਰਹੀ ਹੈ।
ਪ੍ਰੋਗਰਾਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਹਾਜਰ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਕੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਅੱਗੇ ਆਉਣਾ ਪਵੇਗਾ। ਔਰਤਾਂ ਨੂੰ ਚੁੱਲ੍ਹੇ ਵਾਲੀ ਸੋਚ ਨੂੰ ਤਿਆਗ ਕੇ ਸਿਰਫ਼ ਆਪਣੇ ਲਈ ਨਹੀਂ ਸਗੋਂ ਆਪਣੇ ਆਲੇ-ਦੁਆਲੇ ਦੀਆਂ ਔਰਤਾਂ ਦੇ ਹੱਕਾਂ ਲਈ ਵੀ ਲੜਨਾ ਪਵੇਗਾ। ਪ੍ਰੋਗਰਾਮ ਵਿਚ ਮੁੱਖ ਬੁਲਾਰੇ ਦੇ ਤੌਰ ਹਾਜਰ ਹੋਏ ਕਹਾਣੀਕਾਰ ਅਤੇ ਵਿਸ਼ਲੇਸ਼ਕ ਜਸਵੀਰ ਰਾਣਾ ਨੇ ਪੁਸਤਕ ਦੇ ਸਾਰੇ ਪਹਿਲੂਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਹਰਦੀਪ ਕੌਰ ਨੇ ਸਮਾਜ ਵਿਚ ਔਰਤਾਂ ਨਾਲ ਪਰਦੇ ਪਿੱਛੇ ਹੋਣ ਵਾਲੇ ਅਪਰਾਧਾਂ ਨੂੰ ਨੰਗਿਆਂ ਕੀਤਾ ਹੈ। ਸੀਨੀਅਰ ਲੇਖਕ ਤੇ ਸਾਹਿਤਕਾਰ ਦੀਪਕ ਚਨਾਰਥਲ ਨੇ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੇਖਿਕਾ ਹਰਦੀਪ ਕੌਰ ਨੇ ਇਸ ਪੁਸਤਕ ਵਿੱਚ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ’ਤੇ ਧਿਆਨ ਕੇਂਦਰਿਤ ਕਰਵਾਉਂਦੇ ਹੋਏ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਔਰਤਾਂ ਨਾ ਸਿਰਫ਼ ਆਪਣੇ ਕੰਮ ਵਾਲੀ ਥਾਂ, ਸਗੋਂ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ।
ਇਸ ਮੌਕੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਹਰਦੀਪ ਕੌਰ ਦੀ ਪੁਸਤਕ ਸ਼ਮਸ਼ਾਨ ਘਾਟ ਸੌ ਗਿਆ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਕਹਾਣੀਕਾਰ ਅਤੇ ਵਿਸ਼ਲੇਸ਼ਕ ਜਸਵੀਰ ਰਾਣਾ ਨੇ ਪੁਸਤਕ ਦੇ ਸਾਰੇ ਪਹਿਲੂਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਹਰਦੀਪ ਕੌਰ ਨੇ ਸਮਾਜ ਵਿਚ ਔਰਤਾਂ ਨਾਲ ਪਰਦੇ ਪਿੱਛੇ ਹੋਣ ਵਾਲੇ ਅਪਰਾਧਾਂ ਨੂੰ ਨੰਗਿਆਂ ਕੀਤਾ ਹੈ। ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਭੁੱਲਰ ਨੇ ਕਿਹਾ ਕਿ ਲਿਖਣਾ ਇੱਕ ਕਲਾ ਹੈ। ਲੇਖਕ ਦਾ ਮਨ ਜਦੋਂ ਆਪਣੇ ਆਲੇ-ਦੁਆਲੇ ਦੀਆਂ ਘਟਨਾਵਾਂ ਨੂੰ ਕਲਮ ਰਾਹੀਂ ਪੰਨਿਆਂ ’ਤੇ ਉਤਾਰਦਾ ਹੈ ਤਾਂ ਇਹ ਪੁਸਤਕ ਦਾ ਰੂਪ ਧਾਰਨ ਕਰ ਲੈਂਦਾ ਹੈ। ਭੁੱਲਰ ਨੇ ਕਿਹਾ ਕਿ ਪੁਸਤਕ ਪੜ੍ਹ ਕੇ ਇਸ ਬਾਰੇ ਟਿੱਪਣੀ ਜ਼ਰੂਰ ਕਰੋ ਤਾਂ ਜੋ ਲੇਖਕ ਨੂੰ ਕੁਝ ਨਵਾਂ ਕਰਨ ਦੀ ਪ੍ਰੇਰਨਾ ਮਿਲੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਦੱਸਿਆ ਕਿ ਦੋਆਬਾ ਗਰੁੱਪ ਆਫ਼ ਕਾਲਜਿਜ਼ ਵੱਲੋਂ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ। ਭਵਿੱਖ ਵਿੱਚ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਮੌਕੇ ਦਿਸ਼ਾ ਮਹਿਲਾ ਭਲਾਈ ਟਰੱਸਟ ਦੀ ਚੇਅਰਪਰਸਨ ਡਾ: ਰਿੰਮੀ ਸਿੰਗਲਾ ,ਸਾਬਕਾ ਜੱਜ ਵਿਸਮਨ ਮਾਨ,ਐਡਵੋਕੇਟ ਰੁਪਿੰਦਰਪਾਲ ਕੌਰ , ਐਡਵੋਕੇਟ ਰਜਨੀ , ਐੱਮਸੀ ਰਮਨਦੀਪ ਕੌਰ ,ਬੀਬੀ ਜੌਹਲ ,ਐਂਕਰ ਰਾਧਿਕਾ ਸ਼ਰਮਾ, ਉਮਾ ਰਾਵਤ, ਮਨਪ੍ਰੀਤ ਕੌਰ , ਸਿਮਰਜੀਤ ਕੌਰ , ਅਤੇ ਟਰਾਈ ਸਿਟੀ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀ ਹਾਜ਼ਰ ਹੋਏ।