ਗਰੀਬ ਦੀ ਥਾਲੀ ’ਚ ਲੱਤ ਮਾਰਦਾ ਹਕੂਮਤ ਦਾ ਬੁਲਡੋਜ਼ਰ- ਰਸੂਖਵਾਨਾਂ ਵਾਰੀ ਵੱਟਦੈ ਪਾਸਾ
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2024: ਇਹ ਇੱਕ ਮੰਦਭਾਗਾ ਅਤੇ ਗੈਰ ਜਮਹੂਰੀ ਅਮਲ ਹੀ ਹੈ ਕਿ ਨਗਰ ਨਿਗਮ ਬਠਿੰਡਾ ਦਾ ਬੁਲਡੋਜ਼ਰ ਗਰੀਬ ਦੀ ਰੋਜ਼ੀ ਰੋਟੀ ਨੂੰ ਲੱਤ ਮਾਰਨ ਵੇਲੇ ਜਿਨਾਂ ਹੌਸਲਾ ਫੜਦਾ ਹੈ ਉਨਾਂ ਹੀ ਰਸੂਖਵਾਨਾਂ ਵੱਲੋਂ ਗੈਰਕਾਨੂੰਨੀ ਤੌਰ ਤੇ ਉਸਾਰੀਆਂ ਦਿਓ ਕੱਦ ਇਮਾਰਤਾਂ ਨੂੰ ਦੇਖ ਕੇ ਪਾਸਾ ਵੱਟ ਜਾਂਦਾ ਹੈ। ਤਾਜਾ ਮਾਮਲਾ ਨਗਰ ਨਿਗਮ ਵੱਲੋਂ ਮਾਲ ਰੋਡ ਵਰਗੀ ਪ੍ਰਾਈਮ ਲੋਕੇਸ਼ਨ ਤੇ ਸਥਿਤ ਨਜਾਇਜ ਕਬਜਿਆਂ ਵਾਲਾ ਕਰਾਰ ਦਿੱਤੇ ਬਠਿੰਡਾ ਫਲ ਬਜਾਰ ਨੂੰ ਬੁਲਡੋਜ਼ਰ ਰਾਹੀਂ ਢਾਹੁਣ ਦਾ ਹੈ ਜਿਸ ਖਿਲਾਫ ਸੋਮਵਾਰ ਨੂੰ ਏਡੀ ਸਖਤ ਕਾਰਵਾਈ ਕੀਤੀ ਗਈ ਹੈ। ਇਸ ਬਜ਼ਾਰ ’ਚ ਵੱਡੀ ਗਿਣਤੀ ਮੱਧਵਰਗੀ ਤੇ ਗਰੀਬ ਪ੍ਰੀਵਾਰਾਂ ਵੱਲੋਂ ਫਲ ਅਤੇ ਹੋਰ ਖਾਣ ਪੀਣ ਵਾਲਾ ਸਮਾਨ ਵੇਚਕੇ ਆਪੋ ਆਪਣੇ ਪ੍ਰੀਵਾਰਾਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਪਰ ਦੁਕਾਨਾ ਢਾਹੁਣ ਉਪਰੰਤ ਹੁਣ ਇਹ ਲੋਕ ਇੱਕ ਵਾਰ ਸੜਕ ਤੇ ਆ ਗਏ ਹਨ।
ਦੂਜੇ ਪਾਸੇ ਸ਼ਹਿਰ ’ਚ ਕਈ ਇਮਾਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਢਾਹੁਣ ਦੇ ਹੁਕਮ ਦੇਣ ਦੀ ਥਾਂ ਮਾਮਲਾ ਸਿਆਸੀ ਤੌਰ ਤੇ ਰਸੂਖਵਾਨਾਂ ਨਾਲ ਜੁੜਿਆ ਹੋਣ ਕਰਕੇ ਕਿਸੇ ਦੀ ਹਿੰਮਤ ਵੀ ਨਹੀਂ ਪੈਂਦੀ ਕਿ ਉਧਰ ਝਾਕ ਵੀ ਜਾਏ। ‘ਬਾਬੂਸ਼ਾਹੀ ’ ਵੱਲੋਂ ਅੱਜ ਮੌਕੇ ਤੇ ਲਏ ਜਾਇਜੇ ਦੌਰਾਨ ਸਾਹਮਣੇ ਆਇਆ ਕਿ ਹਕੂਮਤ ਦੇ ਝੱਖੜ ਵੱਲੋਂ ਤਬਾਹੀ ਦੀਆਂ ਛੱਡੀਆਂ ਪੈੜਾਂ ਅੱਜ ਤੀਜੇ ਦਿਨ ਵੀ ਸੱਜ਼ਰੀਆਂ ਸਨ। ਅੱਜ ਵੀ ਇਸ ਥਾਂ ਤੇ ਕੰਮ ਕਰਨ ਵਾਲੇ ਵਿਸ਼ਵਾਸ਼ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਚਾਰ ਪ੍ਰੀਵਾਰ ਇਸ ਥਾਂ ਤੇ ਪਿਛਲੇ 10 ਸਾਲਾਂ ਤੋਂ ਦਕਾਨ ਚਲਾ ਰਹੇ ਸਨ। ਉਨ੍ਹਾਂ ਕਿਹਾ ਕਿ ਦਕਾਨਦਾਰਾਂ ਨੂੰ ਤਾਂ ਇਸ ਮੌਕੇ ਆਪੋ ਆਪਣਾ ਸਮਾਨ ਅਤੇ ਫਲ ਚੁੱਕਣ ਦਾ ਵਕਤ ਵੀ ਨਹੀਂ ਦਿੱਤਾ ਗਿਆ ਜਿਸ ਕਰਕੇ ਇੱਕ ਦੁਕਾਨਦਾਰ ਨੂੰ 5 ਤੋਂ 7 ਲੱਖ ਰੁਪਏ ਦਾ ਆਰਥਿਕ ਰਗੜਾ ਲੱਗ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀ ਕਾਰਵਾਈ ਦੌਰਾਨ ਮਹਿੰਗੇ ਫਲ ਤਾਂ ਬਰਬਾਦ ਹੋਏ ਹੀ ਬਲਕਿ ਫਰਿੱਜਾਂ,ਡੀਪ ਫਰੀਜ਼ਰ ਅਤੇ ਹੋਰ ਕੀਮਤੀ ਸਮਾਨ ਵੀ ਬੁਰੀ ਤਰਾਂ ਨੁਕਸਾਨਿਆ ਗਿਆ ਹੈ। ਆਪਣਾ ਬਚਿਆ ਖੁਚਿਆ ਸਮਾਨ ਸਮੇਟਣ ਦੀ ਕੋਸ਼ਿਸ਼ ਕਰ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਜੇਸੀਬੀ ਮਸ਼ੀਨ ਰਾਹੀਂ ਛੱਪਰ ਢਾਹੁਣ ਵਕਤ ਤਾਂ ਕਈ ਡੀਪ ਫਰੀਜ਼ਰ ਟੁੱਟ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁੱਝ ਦਿਨ ਪਹਿਲਾਂ ਨਗਰ ਨਿਗਮ ਨੇ ਪਾਰਕਿੰਗ ਲਈ ਥਾਂ ਛਡਣ ਲਈ ਕਿਹਾ ਸੀ ਪਰ ਜਗ੍ਹਾ ਖਾਲੀ ਕਰਨ ਸਬੰਧੀ ਤਾਂ ਕੁੱਝ ਨਹੀਂ ਕਿਹਾ ਸੀ। ਰਾਜੂ ਨਾਂ ਦੇ ਦੁਕਾਨਦਾਰ ਨੇ ਕਿਹਾ ਕਿ ਤਰਲਾ ਮਿੰਨਤਾਂ ਕਰਨ ਦੇ ਬਾਵਜੂਦ ਦੁਕਾਨਾ ਢਾਹੁਣ ਆਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਪਣਾ ਸਮਾਨ ਚੁੱਕਣ ਲਈ ਤਾਂ ਸਮਾਂ ਨਹੀਂ ਦਿੱਤਾ ਪਰ ਮਲਬਾ ਉਠਾਉਣ ਲਈ ਦੋ ਦਿਨ ਜਰੂਰ ਦੇ ਦਿੱਤੇ ਹਨ ਜੋ ਕਿੰਨੀਂ ਹਾਸੋਹੀਣੀ ਗੱਲ ਹੈ।
ਆਪਣੇ ਤਬਾਹ ਹੋਏ ਸਮਾਨ ਨੂੰ ਹੰਝੂਆਂ ਨਾਲ ਭਰੀਆਂ ਅੱਖਾਂ ਨਿਹਾਰਦਿਆਂ ਦੁਕਾਨਦਾਰਾਂ ਦਾ ਪ੍ਰਤੀਕਰਮ ਸੀ ਕਿ ਦਸ ਸਾਲ ਪੁਰਾਣੇ ਅੱਡਿਆਂ ਨੂੰ ਬਰਬਾਦ ਹੁੰਦਿਆਂ ਦੇਖ ਉਨ੍ਹਾਂ ਨੂੰ ਹੌਲ ਪੈਂਦੇ ਹਨ ਪਰ ਉਨ੍ਹਾਂ ਦੀ ਬੇਬਸੀ ਤੇ ਕਿਸੇ ਨੂੰ ਵੀ ਤਰਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਨਗਰ ਨਿਗਮ ਚਾਹੁੰਦਾ ਤਾਂ ਬੜੇ ਸ਼ਾਂਤਮਈ ਮਹੌਲ ‘ਚ ਸਮੂਹ ਦੁਕਾਨਦਾਰਾਂ ਨੂੰ ਕੰਮ ਧੰਦਾ ਚਲਾਉਣ ਲਈ ਬਦਲਵੀਂ ਥਾਂ ਮੁਹੱਈਆ ਕਰਵਾ ਸਕਦਾ ਸੀ ਜੋ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੱਲ੍ਹ ਕਿਸ ਨੇ ਦੇਖਿਆ ਕਿ ਕੀ ਹੁੰਦਾ ਹੈ ਪਰ ਇੱਕ ਵਾਰ ਤਾਂ ਨਗਰ ਨਿਗਮ ਟੀਮ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਦੁਕਾਨਦਾਰ ਲੁੱਟੇ ਪੱਟੇ ਗਏ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਨਗਰ ਨਿਗਮ ਉਨ੍ਹਾਂ ਨੂੰ ਹੋਰ ਥਾਂ ਮੁਹੱਈਆ ਕਰਵਾਏ ਤਾਂ ਜੋ ਉਹ ਆਪਣੇ ਪ੍ਰੀਵਾਰ ਪਾਲਣ ਲਈ ਫਿਰ ਤੋਂ ਕੋਈ ਕੰਮ ਧੰਦਾ ਕਰ ਸਕਣ।
ਜਗ੍ਹਾ ਵਿਵਾਦਿਤ ਪਰਲ ਗਰੁੱਪ ਦੀ
ਨਗਰ ਨਿਗਮ ਦੇ ਐਸਟੀਪੀ ਸੁਰਿੰਦਰ ਬਿੰਦਰਾ ਅਨੁਸਾਰ ਇਹ ਥਾਂ ਪਰਲ ਗਰੁੱਪ ਦੀ ਹੈ ਜਿਸ ਦੀ ਸੁਰੱਖਿਆ ਕਰਨਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਨੋਟਿਸ ਦਿੱਤਾ ਸੀ ਜਿਸ ਖਿਲਾਫ ਉਹ ਅਦਾਲਤ ’ਚ ਚਲੇ ਗਏ ਜਿੱਥੇ ਉਨ੍ਹਾਂ ਦੀ ਅਪੀਲ ਖਾਰਜ ਹੋ ਗਈ। ਅਦਾਲਤ ਤੋਂ ਰਾਹਤ ਨਾਂ ਮਿਲਣ ਦੇ ਬਾਵਜੂਦ ਇਹ ਲੋਕ ਕਬਜਾ ਛੱਡਣ ਨੂੰ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਕਬਜੇ ਹਟਾਉਣ ਬਾਰੇ ਫੈਸਲਾ ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ’ਚ ਲਿਆ ਗਿਆ ਸੀ ।
ਕਿਰਤੀ ਖਿਲਾਫ ਚੱਲਦਾ ਬੁਲਡੋਜ਼ਰ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਜਦੋਂ ਗਰੀਬ ਲੋਕਾਂ ਦਾ ਮਾਮਲਾ ਹੁੰਦਾ ਹੈ ਤਾਂ ਅਫਸਰ ਤੁਰੰਤ ਬੁਲਡੋਜ਼ਰ ਅਤੇ ਪੁਲਿਸ ਲੈਕੇ ਪਹੁੰਚ ਜਾਂਦੇ ਹਨ ਪਰ ਵੱਡਿਆਂ ਘਰਾਂ ਵਾਰੀ ਚੁੱਪ ਵੱਟ ਲਈ ਜਾਂਦੀ ਹੈ। ਉਨ੍ਹਾਂ ਆਖਿਆ ਕਿ ਸ਼ਹਿਰ ਦੇ ਕਈ ਪਾਰਕਾਂ ‘ਤੇ ਵੱਡੇ ਲੋਕਾਂ ਨੇ ਕਬਜ਼ੇ ਹਨ ਪਰ ਨਗਰ ਨਿਗਮ ਚੁੱਪ ਹੈ। ਉਨ੍ਹਾਂ ਕਿਰਤੀ ਲੋਕਾਂ ਨੂੰ ੳਜਾੜਨ ਤੋਂ ਪਹਿਲਾਂ ਉਨ੍ਹਾਂ ਲਈ ਬਦਲਵੀਂ ਥਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਅਦਾਲਤੀ ਹੁਕਮਾਂ ਤੇ ਕਾਰਵਾਈ
ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਏਦਾਂ ਦੀ ਕੋਈ ਗੱਲ ਨਹੀਂ ਬਲਕਿ ਨਜਾਇਜ ਉਸਾਰੀਆਂ ਜਾਂ ਕਬਜਾ ਕਰਨ ਵਾਲਿਆਂ ਚਿਲਾਫ ਬਿਨਾਂ ਭੇਦਭਾਵ ਕਾਰਵਾਈ ਕੀਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਫਲ ਬਜਾਰ ਖਿਲਾਫ ਕਾਰਵਾਈ ਅਦਾਲਤੀ ਹੁਕਮਾਂ ਤਹਿਤ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਬਦਲਵੀਂ ਥਾਂ ਦੇਣ ਲਈ ਕੋਈ ਸਰਕਾਰੀ ਸਕੀਮ ਨਹੀਂ ਤੇ ਨਾਂ ਹੀ ਨਜਾਇਜ ਕਬਜਾ ਕਰਨ ਦਿੱਤਾ ਜਾ ਸਕਦਾ ਹੈ।