ਚੰਡੀਗੜ੍ਹ ਅਦਾਲਤ ਨੇ ਬਿਨਾਂ ਫੂਡ ਲਾਇਸੈਂਸ ਤੋਂ ਕਾਰੋਬਾਰ ਚਲਾਉਣ ਵਾਲੇ ਨੂੰ ਸੁਣਾਈ ਸਜ਼ਾ, ਜੁਰਮਾਨਾ ਵੀ ਠੋਕਿਆ
ਚੰਡੀਗੜ੍ਹ, 5 ਨਵੰਬਰ 2024- ਜ਼ਿਲ੍ਹਾ ਅਦਾਲਤ ਨੇ ਬਿਨਾਂ ਫੂਡ ਲਾਇਸੈਂਸ ਤੋਂ ਆਪਣਾ ਕਾਰੋਬਾਰ ਚਲਾਉਣ ਲਈ ਕੇਕ ਅਤੇ ਪੇਸਟਰੀ ਬਣਾਉਣ ਅਤੇ ਵੇਚਣ ਵਾਲੀ ਕਨਫੈਕਸ਼ਨਰੀ ਦੇ ਮਾਲਕ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਅਦਾਲਤ ਦੇ ਫੈਸਲੇ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ 'ਤੇ 30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਫੜੇ ਗਏ ਦੋਸ਼ੀ ਦੀ ਪਛਾਣ ਮੱਖਣ ਮਾਜਰਾ ਸਥਿਤ ਅਨਵਰ ਬੇਕਰੀ ਦੇ ਮਾਲਕ ਅਨਵਰ ਆਲਮ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮੱਖਣ ਮਾਜਰਾ ਸਥਿਤ ਅਨਵਰ ਬੇਕਰੀ ਦਾ ਕਰੀਬ 4 ਸਾਲ ਪਹਿਲਾਂ 12 ਅਕਤੂਬਰ 2021 ਨੂੰ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਵੱਲੋਂ ਨਿਰੀਖਣ ਕੀਤਾ ਗਿਆ ਸੀ। ਉਥੇ ਉਨ੍ਹਾਂ ਨੇ ਦੇਖਿਆ ਕਿ ਦੁਕਾਨ ਵਿਚ ਕੇਕ ਅਤੇ ਪੇਸਟਰੀ ਵੇਚੀ ਜਾ ਰਹੀ ਸੀ ਪਰ ਦੁਕਾਨਦਾਰ ਕੋਲ ਫੂਡ ਲਾਇਸੈਂਸ ਨਹੀਂ ਸੀ। ਅਜਿਹੇ 'ਚ ਦੋਸ਼ੀ ਦੁਕਾਨਦਾਰ ਅਨਵਰ ਆਲਮ ਦੇ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੇ ਤਹਿਤ ਜ਼ਿਲਾ ਅਦਾਲਤ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਦੇ ਨਾਲ ਹੀ ਦੋਸ਼ੀ ਦੁਕਾਨਦਾਰ ਦੇ ਵਕੀਲ ਨੇ ਅਦਾਲਤ 'ਚ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਵਿਭਾਗ ਨੇ ਉਸ 'ਤੇ ਝੂਠਾ ਕੇਸ ਦਰਜ ਕੀਤਾ ਹੈ। ਹਾਲਾਂਕਿ ਅਦਾਲਤ ਨੇ ਦੁਕਾਨਦਾਰ ਦੀਆਂ ਦਲੀਲਾਂ ਨੂੰ ਨਾ ਮੰਨਿਆ ਅਤੇ ਦੁਕਾਨਦਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।