ਸਕੂਲ ਆਫ ਐਮੀਨੈਂਸ ਮਹਿੰਦੀਪੁਰ (ਬਲਾਚੌਰ) ਵਿਖੇ ਵਿਦਿਆਰਥੀਆਂ ਨੂੰ ਡੇਂਗੂ ਤੋੰ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 8 ਨਵੰਬਰ ,2024 - ਨਵਾਂਸ਼ਹਿਰ, 8 ਨਵੰਬਰ 2024: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਸ਼ੁੱਕਰਵਾਰ ਨੂੰ "ਹਰ ਸ਼ੁੱਕਰਵਾਰ-ਡੇੰਗੂ ਤੇ ਵਾਰ" ਮੈਗਾ ਮੁਹਿੰਮ ਤਹਿਤ ਸਕੂਲ ਆਫ ਐਮੀਨੈੰਸ ਮਹਿੰਦੀਪੁਰ (ਬਲਾਚੌਰ) ਵਿਖੇ ਵਿਦਿਆਰਥੀਆਂ ਨੂੰ ਡੇਂਗੂ ਤੋੰ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਨੂੰ ਡੇੰਗੂ ਦੇ ਲਾਰਵੇ ਦੀ ਪਛਾਣ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਡੇੰਗੂ ਬੁਖਾਰ ਸਾਫ ਖੜੇ ਪਾਣੀ ਵਿੱਚ ਪੈਦਾ ਹੋਣ ਵਾਲੇ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਲਈ ਡੇੰਗੂ ਬੁਖਾਰ ਦੇ ਖਤਰੇ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਮੱਛਰ ਦੀ ਬ੍ਰੀਡਿੰਗ ਵਾਲੀਆਂ ਸੰਭਾਵਿਤ ਥਾਵਾਂ ਨੂੰ ਟਰੇਸ ਕਰਕੇ ਸਾਫ-ਸਫਾਈ ਯਕੀਨੀ ਬਣਾਉਣੀ ਚਾਹੀਦੀ ਹੈ। ਫਰਿੱਜਾਂ ਦੇ ਪਿੱਛੇ ਵਾਧੂ ਪਾਣੀ ਵਾਲੀ ਟਰੇਅ ਨੂੰ ਹਰ ਹਫਤੇ ਸਾਫ ਕਰਕੇ ਸੁਕਾਇਆ ਜਾਣਾ ਚਾਹੀਦਾ ਹੈ, ਗਮਲਿਆਂ ਵਿੱਚ ਸੀਮਤ ਪਾਣੀ ਪਾਇਆ ਜਾਵੇ, ਘਰ ਵਿੱਚ ਪਏ ਵਾਧੂ ਸਮਾਨ ਜਾਂ ਕਬਾੜ ਨੂੰ ਨਸ਼ਟ ਕਰ ਦਿੱਤਾ ਜਾਵੇ, ਕੋਠਿਆਂ 'ਤੇ ਪਏ ਖੁੱਲੇ ਮੂੰਹ ਵਾਲੇ ਬਰਤਨਾਂ, ਬੋਤਲਾਂ, ਬਾਲਟੀਆਂ ਜਾਂ ਕੰਨਟੇਨਰਾਂ ਨੂੰ ਮੁੱਧਾ ਕਰਕੇ ਰੱਖਿਆ ਜਾਣਾ ਚਾਹੀਦਾ ਹੈ। ਬੁਖਾਰ ਹੋਣ 'ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਡੇੰਗੂ ਦਾ ਟੈਸਟ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ ਬਿਲਕੁੱਲ ਮੁਫਤ ਉਪਲੱਬਧ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਦੇ ਫੈਲਾਅ ਨੂੰ ਰੋਕ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਮੱਛਰਾਂ, ਜੋ ਸਿਰਫ ਇੱਕ ਹਫ਼ਤੇ ਵਿੱਚ ਅੰਡੇ ਤੋਂ ਵਿਕਸਿਤ ਹੋ ਸਕਦੇ ਹਨ, ਦੇ ਪ੍ਰਜਨਨ ਚੱਕਰ ਨੂੰ ਤੋੜਨ ਦੀ ਲੋੜ ਤੇ ਜੋਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਹੀ ਇਸ ਬਿਮਾਰੀ ਉਤੇ ਕਾਬੂ ਪਾਉਣ ਦੀ ਕੁੰਜੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਡੇਂਗੂ ਵਿਰੁੱਧ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਸਾਥ ਦੇਣ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਡੇਂਗੂ ਦੇ ਲੱਛਣ:
* ਤੇਜ਼ ਬੁਖਾਰ, ਸਿਰ ਦਰਦ, ਚਮੜੀ ਤੇ ਲਾਲ ਨਿਸ਼ਾਨ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ
ਡੇਂਗੂ ਬੁਖਾਰ ਤੋਂ ਬਚਾਓ ਦੇ ਤਰੀਕੇ:
• ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਰ ਸ਼ੁੱਕਰਵਾਰ ਜ਼ਰੂਰ ਸਾਫ਼ ਕਰੋ।
• ਕੱਪੜੇ ਅਜਿਹੇ ਪਾਓ, ਜਿਸ ਨਾਲ ਸ਼ਰੀਰ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ।
• ਸੌਣ ਵੇਲੇ ਮੱਛਰਦਾਨੀ, ਮੱਛਰਾਂ ਦੇ ਕੱਟਣ ਤੋਂ ਬਚਾਅ ਕਰਨ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।
• ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ਤੇ ਸਿਰਫ ਪੈਰਾਸੀਟਾਮੋਲ ਗੋਲੀ ਹੀ ਲਵੋ। ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ।
• ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ।
• ਪਸ਼ੂ-ਪੱਛੀਆਂ ਲਈ ਪੀਣ ਦੇ ਪਾਣੀ ਦੇ ਬਰਤਨਾਂ ਨੂੰ ਹਰ ਸ਼ੁੱਕਰਵਾਰ ਜ਼ਰੂਰ ਸਾਫ਼ ਕਰੋ। ਵਧੇਰੇ ਮਾਤਰਾ ਵਿੱਚ ਤਰਲ ਪਦਾਰਥ ਲਓ।