UP ਦੇ ਹਰਦੋਈ ਭਿਆਨਕ ਸੜਕ ਹਾਦਸਾ: 11 ਦੀ ਮੌਤ, ਸੜਕ 'ਤੇ ਖਿੱਲਰੀਆਂ ਲਾਸ਼ਾਂ
- ਆਟੋ ਪਲਟਿਆ ਅਤੇ ਤੇਜ਼ ਰਫਤਾਰ ਨਾਲ ਰਹੇ ਟਰੱਕ ਨੇ ਦਰੜਿਆ
ਹਰਦੋਈ, 6 ਨਵੰਬਰ 2024 - ਹਰਦੋਈ ਵਿੱਚ ਡੀਸੀਐਮ (ਟਰੱਕ) ਨੇ ਆਟੋ ਨੂੰ ਦਰੜ ਦਿੱਤਾ ਅਤੇ ਇਸ ਹਾਦਸੇ 'ਚ 11 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਿਨਾਂ 4 ਗੰਭੀਰ ਹਨ। ਮਰਨ ਵਾਲਿਆਂ ਵਿੱਚ ਮਾਂ, ਪੁੱਤਰ ਅਤੇ ਧੀ ਵੀ ਸ਼ਾਮਲ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੂਰ ਜਾ ਕੇ ਡਿੱਗਿਆ। ਆਟੋ ਦੀ ਸਾਰੀ ਛੱਤ ਉੱਡ ਗਈ। ਅੰਦਰ ਬੈਠੇ ਯਾਤਰੀ ਬਾਹਰ ਡਿੱਗ ਪਏ। ਸੜਕਾਂ 'ਤੇ ਲਾਸ਼ਾਂ ਖਿੱਲਰ ਗਈਆਂ ਸਨ। ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਬਿਲਗ੍ਰਾਮ ਥਾਣਾ ਖੇਤਰ ਦੇ ਰੋਸ਼ਨਪੁਰ ਪਿੰਡ ਨੇੜੇ ਵਾਪਰਿਆ।
ਪੁਲਿਸ ਦਾ ਕਹਿਣਾ ਹੈ ਕਿ ਆਟੋ ਬਿਲਗ੍ਰਾਮ ਵੱਲ ਜਾ ਰਿਹਾ ਸੀ। ਅਚਾਨਕ ਇਹ ਕੰਟਰੋਲ ਤੋਂ ਬਾਹਰ ਹੋ ਕੇ ਸੜਕ 'ਤੇ ਪਲਟ ਗਿਆ ਤਾਂ ਸਾਹਮਣੇ ਤੋਂ ਆ ਰਹੇ ਡੀਸੀਐਮ ਨੇ ਆਟੋ ਨੂੰ ਦਰੜ ਦਿੱਤਾ। ਘਟਨਾ ਤੋਂ ਬਾਅਦ ਡੀਸੀਐਮ ਡਰਾਈਵਰ ਫਰਾਰ ਹੋ ਗਿਆ। ਹਾਦਸੇ 'ਚ 7 ਦੀ ਮੌਕੇ 'ਤੇ ਹੀ ਮੌਤ ਹੋ ਗਈ। 8 ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ 4 ਨੂੰ ਮ੍ਰਿਤਕ ਐਲਾਨ ਦਿੱਤਾ।
ਐਸਪੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ- ਹਾਦਸੇ ਦੀ ਸੂਚਨਾ ਦੁਪਹਿਰ 12.30 ਵਜੇ ਮਿਲੀ। ਮੈਂ ਮੌਕੇ 'ਤੇ ਪਹੁੰਚ ਗਿਆ। ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ। ਆਟੋ ਵਿੱਚ 15 ਲੋਕ ਸਵਾਰ ਸਨ। ਇਸ ਕਾਰਨ ਇਹ ਹਾਦਸਾ ਵਾਪਰਿਆ। ਜੋ ਵੀ ਦੋਸ਼ੀ ਹੋਵੇਗਾ, ਅਸੀਂ ਉਸ ਵਿਰੁੱਧ ਕਾਰਵਾਈ ਕਰਾਂਗੇ।
ਚਸ਼ਮਦੀਦਾਂ ਦਾ ਕਹਿਣਾ ਹੈ- ਆਟੋ ਵਿੱਚ 15 ਯਾਤਰੀ ਸਵਾਰ ਸਨ। ਉਹ ਬਹੁਤ ਤੇਜ਼ੀ ਨਾਲ ਜਾ ਰਿਹਾ ਸੀ, ਜਦੋਂ ਅਚਾਨਕ ਉਹ ਸੜਕ 'ਤੇ ਪਲਟ ਗਿਆ। ਸਾਹਮਣੇ ਤੋਂ ਆ ਰਹੇ ਡੀਸੀਐਮ ਨੇ ਉਸ ਨੂੰ ਦਰੜ ਦਿੱਤਾ। ਆਟੋ ਕਾਫੀ ਦੂਰ ਤੱਕ ਖਿੱਚਿਆ ਗਿਆ। ਸੜਕ 'ਤੇ ਖੂਨ ਹੀ ਖੂਨ ਸੀ। ਇੰਨਾ ਭਿਆਨਕ ਹਾਦਸਾ ਦੇਖ ਕੇ ਸਾਨੂੰ ਕੁਝ ਸਮਝ ਨਹੀਂ ਆਇਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਰਨ ਵਾਲਿਆਂ ਵਿਚ ਛੋਟੇ ਬੱਚੇ ਵੀ ਸ਼ਾਮਿਲ ਹਨ।