ਪੀ.ਏ.ਯੂ. ਵਿਖੇ ਸਕੂਲੀ ਵਿਦਿਆਰਥੀਆਂ ਨੂੰ ਮੋਟੇ ਅਨਾਜਾਂ ਦੇ ਗੁਣਾਂ ਬਾਰੇ ਜਾਗਰੂਕ ਕੀਤਾ ਗਿਆ
ਲੁਧਿਆਣਾ 8 ਨਵੰਬਰ, 2024 - ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਚੰਡੀਗੜ ਦੇ ਕਮਿਊਨਟੀ ਮੈਡੀਸਨ ਅਤੇ ਜਨਤਕ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਵਿਸ਼ੇਸ਼ ਸ਼ੈਸਨ ਦਾ ਆਯੋਜਨ ਕੀਤਾ| ਇਹ ਵਿਸ਼ੇਸ਼ ਪ੍ਰੋਗਰਾਮ ਮੇਰਾ ਪ੍ਰੋਜੈਕਟ ਤਹਿਤ ਆਯੋਜਿਤ ਕੀਤਾ ਗਿਆ| ਇਸ ਵਿਚ ਪੀ.ਏ.ਯੂ. ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੋਟੇ ਅਨਾਜਾਂ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ| ਵਿਦਿਆਰਥੀਆਂ ਵਿਚਕਾਰ ਪੋਸਟਰ ਬਨਾਉਣ ਅਤੇ ਸਲੋਗਨ ਲਿਖਣ ਦਾ ਮੁਕਾਬਲਾ ਇਸ ਪ੍ਰੋਗਰਾਮ ਦਾ ਇਕ ਮਹੱਤਵਪੂਰਨ ਅੰਗ ਸੀ|
ਮੋਟੇ ਅਨਾਜਾਂ ਦੇ ਬਰੀਡਰ ਅਤੇ ਪ੍ਰੋਜੈਕਟ ਦੇ ਸਹਿ ਨਿਗਰਾਨ ਡਾ. ਰੁਚਿਕਾ ਭਾਰਦਵਾਜ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਿਹਤ ਅਤੇ ਪੋਸ਼ਣ ਦੇ ਗੁਣਾ ਲਈ ਮੋਟੇ ਅਨਾਜਾਂ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਹੈ| ਇਸਦੇ ਨਾਲ ਹੀ ਸਥਿਰ ਖੇਤੀਬਾੜੀ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਇਹਨਾਂ ਅਨਾਜਾਂ ਦੀ ਕਾਸ਼ਤ ਬੜੀ ਜ਼ਰੂਰੀ ਹੈ| ਉਹਨਾਂ ਨੇ ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿਚ ਕੀਤੇ ਕਾਰਜ ਨੂੰ ਦ੍ਰਿੜਤਾ ਨਾਲ ਪੇਸ਼ ਕੀਤਾ|
ਡਾ. ਰਚਨਾ ਸ੍ਰੀਵਾਸਤਵ ਨੇ ਮੋਟੇ ਅਨਾਜਾਂ ਦੇ ਸਿਹਤ ਅਤੇ ਪੋਸ਼ਣ ਸੰਬੰਧੀ ਗੁਣਾਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਰੋਜ਼ਾਨਾ ਖੁਰਾਕ ਵਿਚ ਇਹਨਾਂ ਨੂੰ ਸ਼ਾਮਿਲ ਕਰਨ ਲਈ ਕਿਹਾ|
ਸਕੂਲ ਦੇ ਗਣਿਤ ਅਧਿਆਪਕਾ ਸ੍ਰੀਮਤੀ ਅਰਵਿੰਦਰ ਕੌਰ ਨੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਪੀ.ਏ.ਯੂ. ਅਤੇ ਹੋਰ ਅਧਿਕਾਰੀਆਂ ਦਾ ਸਵਾਗਤ ਕੀਤਾ| ਪੋਸਟਰ ਬਨਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਦੇ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਤਮਗੇ ਪ੍ਰਦਾਨ ਕੀਤੇ ਗਏ| ਪੋਸਟਰ ਬਨਾਉਣ ਵਿਚ ਪਹਿਲਾ ਇਨਾਮ ਨੌਵੀਂ-ਐੱਚ ਦੇ ਵਿਦਿਆਰਥੀ ਸ਼ਿਵਮ ਨੇ ਜਿੱਤਿਆ| ਨੌਵੀਂ ਬੀ ਦੇ ਦਿਲਖੁਸ਼ ਕੁਮਾਰ ਦੂਸਰੇ ਅਤੇ ਅੱਠਵੀਂ ਈ ਦੀ ਭਾਵਨਾ ਤੀਸਰੇ ਸਥਾਨ ਤੇ ਰਹੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਪ੍ਰਦੀਪ ਕੁਮਾਰ ਸਕੂਲ ਪ੍ਰਿੰਸੀਪਲ ਅਤੇ ਸ਼੍ਰੀਮਤੀ ਬਿੰਦਰ ਚਾਵਲਾ ਦੇ ਨਾਲ ਡਾ. ਆਰ ਐੱਸ ਸੋਹੂ, ਡਾ. ਪੂਨਮ ਖੰਨਾ ਅਤੇ ਡਾ. ਸਵਿਤਾ ਸ਼ਰਮਾ ਵੀ ਮੌਜੂਦ ਸਨ| ਅੰਤ ਵਿਚ ਸ੍ਰੀਮਤੀ ਡੌਲੀ ਸੂਦ ਦੇ ਧੰਨਵਾਦੀ ਸ਼ਬਦਾਂ ਨਾਲ ਇਹ ਸਮਾਰੋਹ ਨੇਪਰੇ ਚੜਿਆ|