ਜਨਤਕ ਜਥੇਬੰਦੀਆਂ ਵੱਲੋਂ ਫਾਸ਼ੀਵਾਦੀ ਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਕਨਵੈਂਸ਼ਨ ਕਰਨ ਦਾ ਐਲਾਨ
ਅਸ਼ੋਕ ਵਰਮਾ
ਰਾਮਪੁਰਾ,17 ਨਵੰਬਰ 2024 :ਰਾਮਪੁਰਾ ਫੂਲ ਦੀਆਂ ਸਮੂਹ ਜਮਹੂਰੀ ਜਨਤਕ ਜਥੇਬੰਦੀਆਂ ਨੇ ਮਿਤੀ 24 ਨਵੰਬਰ 2024 ਨੂੰ ਸ਼ਹੀਦੀ ਯਾਦਗਾਰ ਹਾਲ ਰਾਮਪੁਰਾ ਫੂਲ ਵਿਖੇ ਫਾਸ਼ੀਵਾਦੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਕਨਵੈਂਸ਼ਨ ਕਰਨ ਦਾ ਐਲਾਨ ਕੀਤਾ ਹੈ।ਇਸ ਕਨਵੈਂਸ਼ਨ ਵਿੱਚ ਫਾਸ਼ੀਵਾਦ ਅਤੇ ਲੋਕ ਵਿਰੋਧੀ ਕਾਨੂੰਨਾਂ ਸਮੇਤ ਤਾਜ਼ਾ ਫੌਜਦਾਰੀ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਇਸ ਮੌਕੇ ਫਾਸ਼ੀਵਾਦੀ ਵਿਸ਼ੇ ਲਈ ਸ਼ਿਵਾਨੀ ਕੌਲ ਸੂਬਾ ਪ੍ਰਧਾਨ ਆਂਗਣਵਾੜੀ ਯੂਨੀਅਨ ਦਿੱਲੀ ਤੋਂ ਆ ਰਹੇ ਹਨ ਅਤੇ ਐਡਵੋਕੇਟ ਅਮਨਦੀਪ ਕੌਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਲੋਕ ਵਿਰੋਧੀ ਕਾਲੇ ਕਾਨੂੰਨਾਂ ਉੱਪਰ ਵਿਸਥਾਰਪੂਰਵਕ ਆਪਣੀ ਗੱਲ ਰੱਖਣਗੇ I
ਆਗੂਆਂ ਨੇ ਵਿਸ਼ੇ ਦੀ ਮਹੱਤਤਾ ਨੂੰ ਸਪਸ਼ਟ ਕਰਦੇ ਹੋਏ ਕਿਹਾ ਕਿ ਅੱਜ ਦੇ ਦੌਰ ਵਿੱਚ ਦੁਨੀਆ ਭਰ ਦੇ ਸਾਰੇ ਸੋਮੇ ਕੁਝ ਕਾਰਪੋਰੇਟਾਂ ਜੇ ਕਬਜੇ ਹੇਠ ਆ ਗਏ ਹਨ ਅਤੇ ਰਹਿੰਦੇ ਬਹੁਤ ਜਲਦ ਲੋਕਾਂ ਕੋਲੋਂ ਖੁਸ ਜਾਣਗੇ । ਅਜਿਹੇ ਸਮੇਂ ਸਰਮਾਏਦਾਰੀ ਵੱਲੋਂ, ਲੋਕ ਵਿਰੋਧ ਨੂੰ ਕੁਚਲਣ ਲਈ ਫਾਸ਼ੀਵਾਦ, ਨਵੇਂ ਫੌਜਦਾਰੀ ਕਾਨੂੰਨ ਅਤੇ ਹੋਰ ਕਾਲੇ ਕਾਨੂੰਨ ਸਭ ਤੋਂ ਤਾਕਤਵਰ ਹਥਿਆਰ ਵਜੋਂ ਵਰਤੇ ਜਾ ਰਹੇ ਹਨ ਅਤੇ ਇਹਨਾਂ ਦੀ ਵਰਤੋਂ ਨੇ ਹੋਰ ਕਈ ਗੁਣਾ ਤਿੱਖੀ ਹੋਣਾ ਹੈ । ਮਨੀਪੁਰ ਵਿੱਚ ਕਈ ਮਹੀਨੇ ਤੋਂ ਚਲਾਇਆ ਜਾ ਰਿਹਾ ਕਤਲੇਆਮ ਅਤੇ ਭੀਮਾ ਕੋਰਾ ਗਾਓਂ ਦੀ ਤਰਜ ਤੇ ਲਖਨਊ ਐਫ ਆਈ ਆਰ ਦਰਜ ਕਰਕੇ ਲੋਕ ਆਗੂਆਂ ਤੇ ਛਾਪੇਮਾਰੀ ਅਤੇ ਗਿਰਫਤਾਰੀਆਂ ਤੋ ਮੌਜੂਦਾ ਚੁਣੌਤੀ ਨੂੰ ਸਮਝਿਆ ਜਾ ਸਕਦਾ ਹੈ ।
ਕਨਵੈਂਸ਼ਨ ਦਾ ਸੱਦਾ ਦੇਣ ਵਾਲਿਆਂ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਅਵਤਾਰ ਸਿੰਘ, ਸੁਖਦੇਵ ਪਾਂਧੀ, ਬੰਤ ਭੂੰਦੜ, ਕੋਰ ਸਿੰਘ ਲਹਿਰਾ ਧੂਰਕੋਟ, ਤਰਕਸ਼ੀਲ ਸੋਸਾਇਟੀ ਦੇ ਗਗਨ ਗਰੋਵਰ, ਮਾਸਟਰ ਗੁਰਮੇਲ ਸਿੰਘ, ਜਗਦੇਵ ਸਿੰਘ, ਲੋਕ ਸੰਗਰਾਮ ਮੰਚ ਦੇ ਲੋਕ ਰਾਜ ਮਹਿਰਾਜ, ਬੀਕੇਯੂ ਉਗਰਾਹਾ ਦੇ ਗੁਲਾਬ ਸਿੰਘ, ਬੀਕੇਯੂ ਡਕੌਂਦਾ ਦੇ ਗੁਰਦੀਪ ਸਿੰਘ, ਜਗਦੀਸ਼ ਸਿੰਘ, ਬੀਕੇਯੂ ਕ੍ਰਾਂਤੀਕਾਰੀ ਦੇ ਗੁਰਜੰਟ ਸਿੰਘ ਰਾਮਪੁਰਾ, ਭੱਠਾ ਮਜ਼ਦੂਰ ਯੂਨੀਅਨ ਦੇ ਕੁੱਕੂ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਜਗਤਾਰ ਫੂਲ, ਹਰਜਿੰਦਰ ਮਹਿਰਾਜ, ਦਲਿਤ ਮਜਦੂਰ ਯੂਨੀਅਨ ਦੇ ਭਗਵੰਤ ਸਿੰਘ, ਟੈਕਨੀਕਲ ਯੂਨੀਅਨ ਦੇ ਜਗਜੀਤ ਸਿੰਘ, ਨਗਰ ਪਾਲਿਕਾ ਰਾਮਪੁਰਾ ਫੂਲ ਦੇ ਸੰਦੀਪ ਸਿੰਘ, ਭੱਠਾ ਮਜ਼ਦੂਰ ਯੂਨੀਅਨ ਦੇ ਰਮਨਦੀਪ ਸਿੰਘ, ਵਾਟਰ ਸਪਲਾਈ ਯੂਨੀਅਨ ਤੋ ਅੰਮ੍ਰਿਤ ਮਾੜੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰੀ ਯੂਨੀਅਨ ਦੇ ਕੁਲਵੰਤ ਸੇਲਵਰਾਹ, ਡੀਟੀਐਫ ਦੇ ਬੇਅੰਤ ਸਿੰਘ, ਪੰਜਾਬੀ ਸਾਹਿਤ ਸਭਾ ਦੇ ਮੇਘ ਰਾਜ ਫੌਜੀ, ਪੈਂਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਹਰਭਜਨ ਸਿੰਘ, ਲਹਿਰਾ ਥਰਮਲ ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਜਗਰੂਪ ਸਿੰਘ ਆਦਿ ਸ਼ਾਮਿਲ ਹਨ ।