ਸਕੇ ਭਰਾ ਨੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਮਾਮਲਾ -ਦਰਜ ਦੋਸ਼ੀ ਫਰਾਰ
ਮਨਜੀਤ ਸਿੰਘ ਢੱਲਾ
ਜੈਤੋ ,17 ਨਵੰਬਰ 2024 : ਸਥਾਨਕ ਗੁਰਦੁਆਰਾ ਟਿੱਬੀ ਸਾਹਿਬ ਰੋਡ ਜੈਤੋ ਵਿਖੇ ਬੀਤੀ ਰਾਤ ਨੂੰ ਇਕ ਭਰਾ ਨੇ ਦੂਜੇ ਭਰਾ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਕੁਲਦੀਪ ਸਿੰਘ ਉਰਫ ਗਗਨ (23) ਪੁੱਤਰ ਜੀਤ ਰਾਮ ਦਾ ਆਪਣੇ ਸਕੇ ਭਰਾ ਗੁਰਮੀਤ ਸਿੰਘ ਜੀਤਾ ਨਾਲ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਇਆ ਤੇ ਗੁਰਮੀਤ ਸਿੰਘ ਜੀਤਾ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਭਰਾ ਕੁਲਦੀਪ ਸਿੰਘ ਉਰਫ ਗਗਨ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਕੁਲਦੀਪ ਸਿੰਘ ਉਰਫ ਗਗਨ ਗੰਭੀਰ ਜ਼ਖਮੀ ਹੋ ਗਿਆ। ਉਹ ਆਪਣੀ ਜਾਨ ਨੂੰ ਬਚਾਉਣ ਲਈ ਭੱਜ ਕੇ ਦੂਜੀ ਗਲੀ ਵਿਚ ਆ ਕੇ ਡਿੱਗ ਗਿਆ ਤੇ ਕੁਝ ਵਿਅਕਤੀਆਂ ਨੇ ਮੋਟਰਸਾਈਕਲ ਵਾਲੀ ਰੇਹੜੀ ’ਤੇ ਪਾ ਕੇ ਸਿਵਲ ਹਸਪਤਾਲ ਜੈਤੋ ਵਿਖੇ ਲਿਆਂਦਾ, ਜਿਥੇ ਮੌਜੂਦ ਡਾਕਟਰਾਂ ਦੀ ਟੀਮ ਨੇ ਮੁੱਢਲੀ ਸਹਾਇਤਾ ਦੇ ਕੇ ਫ਼ਰੀਦਕੋਟ ਵਿਖੇ ਰੈਫਰ ਕਰ ਦਿੱਤਾ ਜਦਕਿ ਕੁਲਦੀਪ ਸਿੰਘ ਉਰਫ ਗਗਨ ਨੂੰ ਫ਼ਰੀਦਕੋਟ ਵਿਖੇ ਲਿਜਾਇਆ ਗਿਆ ਤੇ ਰਸਤੇ ਵਿਚ ਪਰਿਵਾਰ ਜਦੋਂ ਕੁਲਦੀਪ ਨੂੰ ਕੋਟਕਪੂਰਾ ਦੇ ਹਸਪਤਾਲ ਵਿਚ ਲੈ ਕੇ ਪਹੁੰਚੇ ਤਾਂ ਉਥੋਂ ਦੇ ਡਾਕਟਰਾਂ ਨੇ ਕੁਲਦੀਪ ਸਿੰਘ ਉਰਫ ਗਗਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਡੀਐਸਪੀ ਸੁਖਦੀਪ ਸਿੰਘ ਜੈਤੋ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਕਰਨ ਵਾਲਾ ਦੋਸ਼ੀ ਗੁਰਮੀਤ ਸਿੰਘ ਘਰ ਵਿਚ ਆਪਣੇ ਭਾਈ ਨਾਲ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ, ਉਨ੍ਹਾਂ ਦੱਸਿਆ ਕਿ ਪਰਿਵਾਰ ਮੈਂਬਰਾਂ ਦੇ ਦੱਸਣ ਮੁਤਾਬਿਕ ਦੋਸ਼ੀ ਗੁਰਮੀਤ ਸਿੰਘ ਨਸ਼ੇ ਕਰਨ ਦਾ ਆਦੀ ਸੀ। ਉਕਤ ਦੋਸ਼ੀ ਪੁਲਿਸ ਦੀ ਗ੍ਰਿਫਤਾਰੀ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ ।ਡੀਐਸਪੀ ਨੇ ਕਿਹਾ ਕਿ ਥਾਣਾ ਜੈਤੋ ਦੀ ਪੁਲਿਸ ਵਲੋਂ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਦੋਸ਼ੀ ਦੀ ਭਾਲ ਵਿਚ ਲੱਗ ਗਈ ਹੈ। ਖ਼ਬਰ ਲਿਖੇ ਜਾਣ ਤੱਕ ਉਕਤ ਦੋਸ਼ੀ ਨੌਜਵਾਨ ਪੁਲਿਸ ਦੀ ਪਕੜ ਤੋਂ ਬਾਹਰ ਦੱਸਿਆ ਜਾ ਰਿਹਾ ਸੀ।