ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੂੰ ਰਾਸ਼ਟਰੀ ਸੁਸਾਇਟੀ ਦੇ ਫੈਲੋ ਚੁਣਿਆ ਗਿਆ
ਲੁਧਿਆਣਾ 20 ਨਵੰਬਰ, 2024 - ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਡਾ. ਮਨਮੀਤ ਬਰਾੜ ਭੁੱਲਰ ਨੂੰ ਭਾਰਤੀ ਇਕਾਲੋਜੀਕਲ ਸੁਸਾਇਟੀ ਨੇ ਮਾਨਮੱਤੀ ਫੈਲੋਸ਼ਿਪ ਨਾਲ ਨਿਵਾਜਿਆ ਹੈ| ਇਹ ਫੈਲੋਸ਼ਿਪ ਉਹਨਾਂ ਵੱਲੋਂ ਵਾਤਾਵਰਨ ਪੱਖੀ ਖੋਜ ਅਤੇ ਖੇਤੀ ਦੇ ਸਥਿਰ ਵਿਕਾਸ ਲਈ ਕੀਤੇ ਕਾਰਜਾਂ ਦੇ ਇਵਜ਼ ਵਜੋਂ ਪ੍ਰਦਾਨ ਕੀਤੀ ਗਈ| ਬੀਤੇ ਦਿਨੀਂ ਪੀ.ਏ.ਯੂ. ਵਿਚ ਬਦਲਦੇ ਜਲਵਾਯੂ ਅਤੇ ਊਰਜਾ ਹਾਲਾਤ ਬਾਰੇ ਕਰਵਾਈ ਗਈ ਕੌਮਾਂਤਰੀ ਕਾਨਫਰੰਸ ਵਿਚ ਡਾ. ਮਨਮੀਤ ਬਰਾੜ ਭੁੱਲਰ ਨੂੰ ਇਸ ਫੈਲੋਸ਼ਿਪ ਨਾਲ ਨਿਵਾਜਿਆ ਗਿਆ| ਉਹਨਾਂ ਦਾ ਕਾਰਜ ਖੇਤੀ ਵਾਤਾਵਰਨ ਪ੍ਰਬੰਧਾਂ ਦੀ ਮਜ਼ਬੂਤੀ ਤੋਂ ਇਲਾਵਾ ਜੈਵਿਕ ਭਿੰਨਤਾ ਦੀ ਸੰਭਾਲ ਅਤੇ ਜਲਵਾਯੂ ਦੀ ਸੁਰੱਖਿਆ ਨਾਲ ਸੰਬੰਧਿਤ ਹੈ| ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੌਜੂਦਾ ਲੋੜਾਂ ਦੇ ਮੱਦੇਨਜ਼ਰ ਉਹਨਾਂ ਦੇ ਕਾਰਜ ਨੂੰ ਵਿਆਪਕ ਪਛਾਣ ਵੀ ਹਾਸਲ ਹੋਈ ਹੈ|
ਜ਼ਿਕਰਯੋਗ ਹੈ ਕਿ ਭਾਰਤੀ ਇਕਾਲੋਜੀ ਸੁਸਾਇਟੀ ਵੱਲੋਂ ਨਿੱਜੀ ਤੌਰ ਤੇ ਵਿਗਿਆਨ ਸੰਬੰਧੀ ਮਾਹਿਰਾਂ ਨੂੰ ਦਿੱਤੀ ਜਾਣ ਵਾਲੀ ਇਹ ਸਰਵੋਤਮ ਫੈਲੋਸ਼ਿਪ ਹੈ ਜੋ ਵਾਤਾਵਰਨ ਦੀ ਸੁਰੱਖਿਆ ਲਈ ਨਿਰਵਿਘਨ ਕਾਰਜ ਕਰਨ ਵਾਲੇ ਵਿਗਿਆਨੀਆਂ ਦਾ ਸਨਮਾਨ ਕਰਦੀ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਡਾ. ਮਨਮੀਤ ਬਰਾੜ ਭੁੱਲਰ ਨੂੰ ਇਸ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ|