ਬ੍ਰਹਮਕੁਮਾਰੀਆਂ ਨੇ ਰੋਪੜ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀਆਂ ਕਾਰਜਸ਼ਾਲਾਵਾਂ
ਦਿੱਲੀ ਤੋਂ ਪ੍ਰੇਰਨਾਦਾਇਕ ਬੁਲਾਰਾ ਬ੍ਰਹਮਾਕੁਮਾਰ ਪੀਯੂਸ਼ ਸਨ ਮੁੱਖ ਬੁਲਾਰਾ
ਮਨ ਨੂੰ ਤਾਕਤਵਰ, ਸਕਾਰਾਤਮਕ ਬਣਾਉਣ ਅਤੇ ਖੁਸ਼ ਰਹਿਣ ਦੇ ਦੱਸੇ ਗੁਰ
ਰੂਪਨਗਰ, 25 ਨਵੰਬਰ 2024: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਬ੍ਰਹਮਾਕੁਮਾਰੀਜ ਵੱਲੋਂ ਇੱਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸਦਾ ਵਿਸ਼ਾ- ਤਣਾਅ ਤੋਂ ਬਿਨ੍ਹਾਂ ਕੰਮ ਕਰਨਾ ਰੱਖਿਆ ਗਿਆ। ਇਸ ਕਾਰਜਸ਼ਾਲਾ ਵਿੱਚ ਸਹਾਇਕ ਕਮਿਸ਼ਨਰ ਰੂਪਨਗਰ ਸ. ਅਰਵਿੰਦਰ ਪਾਲ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਸਮੇਤ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਲਗਭਗ 55 ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਕਾਰਜਸ਼ਾਲਾ ਵਿੱਚ ਅੰਤਰ ਰਾਸ਼ਟਰੀ ਸੰਸਥਾ ਦੇ ਵਿਗਿਆਨ ਅਤੇ ਇੰਜਨੀਅਰ ਵਿੰਗ ਦਿੱਲੀ ਦੇ ਜ਼ੋਨਲ ਕੋਆਡੀਨੇਟਰ ਅਤੇ ਪ੍ਰੇਰਨਾਦਾਇਕ ਬੁਲਾਰਾ ਬ੍ਰਹਮਾਕੁਮਾਰ ਪੀਯੂਸ਼ ਮੁੱਖ ਵਕਤਾ ਸਨ।
ਬ੍ਰਹਮਾਕੁਮਾਰ ਪੀਯੂਸ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਚਿੰਤਾ ਨਾਲ ਸਾਡੀਆਂ ਅੰਦਰੂਨੀ ਸ਼ਕਤੀਆਂ ਡਰੇਨ ਆਉਟ ਭਾਵ ਬਹਿ ਜਾਂਦੀਆਂ ਹਨ ਇਸ ਲਈ ਸਾਨੂੰ ਆਪਣੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ ਨਹੀਂ ਤਾਂ ਭਵਿੱਖ ਵਿਚ ਕੰਮ ਦਾ ਬੋਝ ਵਧੇਗਾ ਅਤੇ ਮਾਨਸਿਕ ਤਣਾਅ ਵੀ ਵੱਧਦਾ ਜਾਵੇਗਾ ਤੇ ਚਿੰਤਾਵਾਂ ਵੀ ਵੱਧਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਨੂੰ ਖ਼ੁਦ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਹੈ ਤੇ ਜ਼ਿੰਦਗੀ ਵਿੱਚ ਤਣਾਅ ਨੂੰ ਨਹੀਂ ਵਧਣ ਦੇਣਾ ਚਾਹੀਦਾ। ਬੀ.ਕੇ. ਪੀਯੂਸ਼ ਨੇ ਸਲਾਹ ਦਿੱਤੀ ਕਿ ਸਾਨੂੰ ਵਾਰ-ਵਾਰ ਮੋਬਾਇਲ ਚੈਕ ਕਰਨ ਦੀ ਆਦਤ ਤੋਂ ਵੀ ਬਚਣਾ ਹੋਵੇਗਾ ਕਿਉਂਕਿ ਇਸ ਨਾਲ ਸਮਾਂ ਅਤੇ ਅੰਦਰੂਨੀ ਸ਼ਕਤੀਆਂ ਦੋਨੋਂ ਬਰਬਾਦ ਹੁੰਦੀਆਂ ਹਨ। ਉਨ੍ਹਾਂ ਇੰਟਰਨੈੱਟ ਦੇ ਵਧੇਰੇ ਇਸਤੇਮਾਲ ਦੀ ਬਜਾਏ ਇੰਟਰਨੈੱਟ ਦੇ ਉਪਯੋਗ ਨੂੰ ਵਧਾਉਣ ਲਈ ਕਿਹਾ ।
ਉਨ੍ਹਾਂ ਅੱਗੇ ਕਿਹਾ ਕਿ ਅਧਿਆਤਮ ਨਾਲ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਓ ਅਤੇ ਦਵਾਈਆਂ ਦੀ ਬਜਾਏ ਦੁਆਵਾਂ ਕਮਾਉਣ ਦਾ ਟੀਚਾ ਰੱਖੋਂ। ਉਨ੍ਹਾਂ ਕਿਹਾ ਦੁਆਵਾਂ ਨਾਲ ਚਿੰਤਾਵਾਂ ਨੂੰ ਵੀ ਮਿਟਾਇਆ ਜਾ ਸਕਦਾ ਹੈ। ਪਿਛਲੇ ਅਤੇ ਭਵਿੱਖ ਦੇ ਖਿਆਲੀ ਸੰਕਲਪਾਂ ਦੀ ਬਜਾਏ ਵਰਤਮਾਨ ਵਿੱਚ ਜਿਉਣਾ ਸਿੱਖੋ। ਉਨ੍ਹਾਂ ਅੱਗੇ ਕਿਹਾ ਕਿ ਤੁਸੀ ਯੂਨੀਕ ਵਿਅਕਤੀਤਵ ਵਾਲੇ ਹੋ ਇਸ ਲਈ ਕਦੇ ਵੀ ਕਿਸੇ ਨਾਲ ਆਪਣੀ ਤੁਲਨਾ ਨਾ ਕਰੋ। ਉਨ੍ਹਾਂ ਸਲਾਹ ਦਿੱਤੀ ਕਿ ਸਵੇਰੇ-ਸਵੇਰੇ ਆਤਮ ਨਿਸ਼ਚੈ ਕਰਕੇ ਪਰਮਾਤਮ ਸਮਰਿਤੀ ਦਾ ਅਭਿਆਸ ਕਰਨ ਉਪਰੰਤ ਹੀ ਆਪਣਾ ਕੰਮ ਕਰੋ। ਬ੍ਰਹਮਾਕੁਮਾਰੀ ਭੈਣਾਂ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਜੈਨ ਅਤੇ ਵਧੀਕ ਡਿਪਟੀ ਕਮਿਸਨਰ ਸ਼੍ਰੀਮਤੀ ਚੰਦਰਜਯੋਤੀ ਸਿੰਘ ਨੂੰ ਈਸ਼ਵਰੀ ਸੌਗਾਤ ਵੀ ਦਿੱਤੀ।
ਇਸ ਦੇ ਨਾਲ ਹੀ ਇੱਕ ਹੋਰ ਕਾਰਜਸ਼ਾਲਾ ਦਾ ਆਯੋਜਨ ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਵਿੱਚ ਵੀ ਕੀਤਾ ਗਿਆ ਜਿਸਦਾ ਵਿਸ਼ਾ ਸੀ-ਸਦੀਵੀ ਖੁਸ਼ੀ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੀ ਡੀਨ ਡਾ.ਰਿਤੂ ਸਮੇਤ ਲਗਭਗ 120 ਲੋਕਾਂ ਨੇ ਭਾਗ ਲਿਆ। ਵਿਦਿਆਰਥੀਆਂ ਅਤੇ ਫੈਕਲਟੀਜ਼ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਰਾਜਯੋਗ ਧਿਆਨ ਸਿੱਖਣ ਲਈ ਦਿਲਚਸਪੀ ਵਿਖਾਈ। ਬੀ.ਕੇ.ਪੀਯੂਸ਼ ਨੇ ਕਿਹਾ ਕਿ ਬੀਤੀਆਂ ਗੱਲਾਂ ਨੂੰ ਭੁੱਲ ਕੇ ਵਰ਼ਤਮਾਨ ਵਿਚ ਜੀਓ, ਮੋਬਾਇਲ ਦਾ ਘੱਟ ਪ੍ਰਯੋਗ ਕਰੋ ਅਤੇ ਅਧਿਆਤਮਿਕਤਾ ਨੂੰ ਅਪਣਾਕੇ ਆਪਣੇ ਰਿਸ਼ਤੇ ਸੁਚੱਜੇ ਰੱਖੋ, ਸਭ ਨਾਲ ਸਤਿਕਾਰ ਅਤੇ ਪਿਆਰ ਨਾਲ ਚਲੋ ਅਤੇ ਚਲਾੳ ਤਾਂ ਹੀ ਤੁਸੀ ਖੁਸ਼ ਰਹਿ ਸਕਦੇ ਹੋ। ਉਨ੍ਹਾਂ ਸਭ ਨੂੰ ਰਾਜਯੋਗ ਦੀ ਵਿਧੀ ਸਿੱਖਣ ਲਈ ਸੱਦਾ ਵੀ ਦਿੱਤਾ।