ਬਹੁਤੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਇਸ ਕਰਕੇ ਕੰਨੀਂ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇ ਸਫਲ ਨਾ ਹੋਏ ਫਿਰ ਕੀ ਬਣੇਗਾ। ਅਜਿਹੀ ਸੋਚ ਦਾ ਆਧਾਰ ਖ਼ੁਦ ’ਤੇ ਭਰੋਸੇ ਦੀ ਘਾਟ ਹੁੰਦਾ ਹੈ। ਇਮਾਨਦਾਰੀ ਨਾਲ ਕੀਤੀ ਮਿਹਨਤ ਕਦੇ ਅਜਾਈਂਂ ਨਹੀਂ ਜਾਂਦੀ।
ਬਹੁਤੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਇਸ ਕਰਕੇ ਕੰਨੀਂ ਕਤਰਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਜੇ ਸਫਲ ਨਾ ਹੋਏ ਫਿਰ ਕੀ ਬਣੇਗਾ। ਅਜਿਹੀ ਸੋਚ ਦਾ ਆਧਾਰ ਖ਼ੁਦ ’ਤੇ ਭਰੋਸੇ ਦੀ ਘਾਟ ਹੁੰਦਾ ਹੈ। ਇਮਾਨਦਾਰੀ ਨਾਲ ਕੀਤੀ ਮਿਹਨਤ ਕਦੇ ਅਜਾਈਂਂ ਨਹੀਂ ਜਾਂਦੀ। ਕਾਰੋਬਾਰ ’ਚ ਸਫਲਤਾ ਲਈ ਇੱਥੇ ਸੱਤ ਨੁਕਤੇ ਵਿਚਾਰੇ ਗਏ ਹਨ, ਜਿਨ੍ਹਾਂ ਨੂੰ ਸਤਰੰਗੀ ਆਖਿਆ ਗਿਆ ਹੈ। ਇਨ੍ਹਾਂ ’ਤੇ ਅਮਲ ਕੀਤਿਆਂ ਯਕੀਨੀ ਸਫਲਤਾ ਹਾਸਿਲ ਕੀਤੀ ਜਾ ਸਕਦੀ ਹੈ।
ਇੱਛਾ ਸ਼ਕਤੀ/ਵਚਨਬੱਧਤਾ
ਕਾਰੋਬਾਰ ਵਿਚ ਸਫਲਤਾ ਲਈ ਜ਼ਰੂਰੀ ਹੈ ਇੱਛਾ ਸ਼ਕਤੀ। ਆਪਣੇ ਕਿੱਤੇ ਦੀ ਚੋਣ ਕਰ ਕੇ ਜੇ ਦ੍ਰਿੜ੍ਹ ਇਰਾਦੇ ਨਾਲ ਫ਼ੈਸਲਾ ਕਰ ਲਿਆ ਜਾਵੇ ਕਿ ਮੈਂ ਇਹ ਕਿੱਤਾ ਕਰਨਾ ਹੈ, ਕਰ ਸਕਦਾ ਹਾਂ ਤੇ ਇਸ ’ਚ ਸਫਲਤਾ ਪ੍ਰਾਪਤ ਕਰਾਂਗਾ, ਫਿਰ ਕਾਮਯਾਬੀ ਜ਼ਰੂਰ ਮਿਲਦੀ ਹੈ। ਉਹੀ ਮੁਸਾਫ਼ਰ ਮੰਜ਼ਿਲ ਉਤੇ ਪੁੱਜਦਾ ਹੈ, ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਹੁੰਦਾ ਹੈ। ਕੁਦਰਤ ਨੇ ਹਰ ਮਨੁੱਖ ਨੂੰ ਸ਼ਕਤੀ ਰੂਪੀ ਤਖ਼ਤੀ ਬਖ਼ਸ਼ੀ ਹੈ, ਜਿਸ ’ਤੇ ਉਹ ਆਪ ਆਪਣੇ ਕਰਮ ਲਿਖਦਾ ਹੈ। ਕਰਮ ਕਰਨ ਦੀ ਸ਼ਕਤੀ ਲਗਭਗ ਸਾਰਿਆਂ ’ਚ ਇਕੋ ਜਿਹੀ ਹੁੰਦੀ ਹੈ ਪਰ ਕਰਮ ਕਰਨ ਦੀ ਇੱਛਾ ਮਨੁੱਖ ਦੇ ਆਪਣੇ ਵੱਸ ਹੁੰਦੀ ਹੈ। ਜਿਹੜਾ ਮਨੁੱਖ ਕਰਮ ਕਰਨ ਦੀ ਸ਼ਕਤੀ ਦੀ ਪੂਰੀ ਵਰਤੋਂ ਕਰਦਾ ਹੈ ਤੇ ਲਗਨ ਨਾਲ ਮਿਹਨਤ ਕਰਦਾ ਹੈ, ਸਫਲਤਾ ਖ਼ੁਦ ਉਸ ਦੇ ਕਦਮ ਚੁੰਮਦੀ ਹੈ।
ਬਿਨਾਂ ਮਿਹਨਤ ਕੀਤਿਆਂ ਨਹੀਂ ਹੁੰਦੀ ਪ੍ਰਾਪਤੀ
ਬਿਨਾਂ ਮਿਹਨਤ ਕੀਤਿਆਂ ਕੋਈ ਪ੍ਰਾਪਤੀ ਨਹੀਂ ਹੁੰਦੀ। ਇਹ ਪ੍ਰਾਪਤੀ ਉਦੋਂ ਹੀ ਹੋ ਸਕਦੀ ਹੈ, ਜੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਮਿਹਨਤ ਕਰੀਏ। ਮਿਹਨਤ ਹੀ ਮਨੁੱਖੀ ਸ਼ਕਤੀ ਹੈ। ਜੇ ਕੋਈ ਅੱਜ ਦਾ ਕੰਮ ਕੱਲ੍ਹ ’ਤੇ ਛੱਡਦਾ ਹੈ ਤਾਂ ਉਸ ਦਾ ਕੰਮ ਕਦੇ ਪੂਰਾ ਹੁੰਦਾ ਹੀ ਨਹੀਂ ਕਿਉਂਕਿ ਕੱਲ੍ਹ ਤਾਂ ਕਦੇ ਆਉਂਦਾ ਨਹੀਂ। ਕਈ ਵਾਰ ਜੇ ਹਾਰ ਦਾ ਮੂੰਹ ਵੇਖਣਾ ਪਵੇ ਤਾਂ ਘਬਰਾ ਕੇ ਮੈਦਾਨ ਨਹੀਂ ਛੱਡਣਾ ਚਾਹੀਦਾ। ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜੇ ਮਨ ’ਚ ਲਗਨ ਤੇ ਖ਼ਾਹਿਸ਼ ਹੋਵੇ ਤਾਂ ਮੁਸ਼ਕਲਾਂ ਦੇ ਹੱਲ ਲੱਭ ਹੀ ਪੈਂਦੇ ਹਨ।
ਆਤਮ-ਵਿਸ਼ਵਾਸ ਦੀ ਜ਼ਰੂਰਤ
ਕਾਰੋਬਾਰ ’ਚ ਸਫਲਤਾ ਬਹੁਤਾ ਕਰਕੇ ਆਤਮ-ਵਿਸ਼ਵਾਸ ਉੱਤੇ ਨਿਰਭਰ ਕਰਦੀ ਹੈ। ਜਿਸ ਮਨੁੱਖ ਨੂੰ ਖ਼ੁਦ ’ਤੇ ਭਰੋਸਾ ਨਹੀਂ, ਉਸ ਦੇ ਇਰਾਦੇ ਕਦੇ ਪੁਖਤਾ ਨਹੀਂ ਹੋ ਸਕਦੇ। ਉਹ ਫ਼ੈਸਲੇ ਲੈਣ ਤੋਂ ਝਿਜਕਦਾ ਰਹਿੰਦਾ ਹੈ ਤੇ ਕਦੇ ਵੀ ਪੂਰੇ ਹੌਸਲੇ ਨਾਲ ਕਿਸੇ ਕੰਮ ਨੂੰ ਹੱਥ ਨਹੀਂ ਪਾ ਸਕਦਾ। ਕਾਰੋਬਾਰ ਵਿਚ ਕਈ ਵਾਰ ਖੜੋਤ ਆ ਸਕਦੀ ਹੈ। ਉਸ ਨੂੰ ਵੇਖ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਇਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ। ਜੇ ਮਨੁੱਖ ਨੂੰ ਖ਼ੁਦ ’ਤੇ ਭਰੋਸਾ ਹੋਵੇ ਤਾਂ ਮੁਸ਼ਕਲਾਂ ਦੇ ਹੱਲ ਲੱਭ ਹੀ ਪੈਂਦੇ ਹਨ।
ਇਮਾਨਦਾਰੀ
ਹਰ ਕੰਮ ਇਸ ਨਿਸ਼ਚੇ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਕਿ ਜੇ ਮੈਨੂੰ ਕੋਈ ਰਾਹ ਨਾ ਵੀ ਮਿਲਿਆ ਤਾਂ ਨਵਾਂ ਰਾਹ ਬਣਾ ਲਵਾਂਗਾ ਪਰ ਸਫਲਤਾ ਜ਼ਰੂਰ ਹਾਸਿਲ ਕਰਾਂਗਾ। ਇਮਾਨਦਾਰੀ ਨਾਲ ਮਿਹਨਤ ਕੀਤਿਆਂ ਜਿਹੜੀ ਸਫਲਤਾ ਪ੍ਰਾਪਤ ਹੁੰਦੀ ਹੈ, ਉਹ ਹੀ ਸਥਾਈ ਹੈ। ਬੇਈਮਾਨੀ ਜਾਂ ਹੇਰਾਫੇਰੀ ਨਾਲ ਕੀਤੀ ਕਮਾਈ ਫੌਰੀ ਸੁੱਖ ਤਾਂ ਭਾਵੇਂ ਦੇ ਸਕੇ ਪਰ ਇਹ ਖ਼ੁਸ਼ੀ ਸਥਾਈ ਨਹੀਂ ਹੁੰਦੀ। ਆਤਮਾ ’ਤੇ ਬੋਝ ਪੈ ਜਾਂਦਾ ਹੈ, ਜਿਸ ਦਾ ਅਹਿਸਾਸ ਹਮੇਸ਼ਾ ਪ੍ਰੇਸ਼ਾਨ ਕਰਦਾ ਹੈ।
ਕਿੱਤੇ ’ਚ ਮੁਹਾਰਤ ਹੈ ਜ਼ਰੂਰੀ
ਆਪਣੇ ਕਿੱਤੇ ’ਚ ਸਫਲਤਾ ਲਈ ਇਮਾਨਦਾਰੀ, ਦ੍ਰਿੜ੍ਹ ਇਰਾਦਾ ਤੇ ਮਿਹਨਤ ਦੇ ਨਾਲ-ਨਾਲ ਉਸ ਕਿੱਤੇ ਵਿਚ ਮੁਹਾਰਤ ਵੀ ਜ਼ਰੂਰੀ ਹੈ। ਹੁਨਰ ਬਗ਼ੈਰ ਤਾਂ ਕਾਰੋਬਾਰ ਠੀਕ ਢੰਗ ਨਾਲ ਨਹੀਂ ਚੱਲ ਸਕੇਗਾ। ਜੇ ਤੁਹਾਨੂੰ ਆਪਣੇ ਕਿੱਤੇ ਬਾਰੇ ਪੂਰਾ ਗਿਆਨ ਹੋਵੇਗਾ, ਮਿਹਨਤ ਦਾ ਫਲ ਵੀ ਉਦੋਂ ਹੀ ਪ੍ਰਾਪਤ ਹੋ ਸਕੇਗਾ। ਜਿਹੜੇ ਲੋਕ ਚੁਣੇ ਹੋਏ ਕਿੱਤੇ ਵਿਚ ਮੁਹਾਰਤ ਹਾਸਿਲ ਕਰ ਕੇ ਪ੍ਰਸਿੱਧੀ ਪ੍ਰਾਪਤ ਕਰਦੇ ਹਨ, ਉਨ੍ਹਾਂ ਵਿਚ ਇਮਾਨਦਾਰੀ, ਲਗਨ ਤੇ ਮਿਹਨਤ ਵਰਗੇ ਹੁਣ ਹੁੰਦੇ ਹਨ। ਸਫਲਤਾ ਲਈ ਹਮੇਸ਼ਾ ਆਪਣੇ ਗਿਆਨ ’ਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਗਿਆਨ ਦਾ ਘੇਰਾ ਜੇ ਸੌੜਾ ਹੋਵੇ ਤਾਂ ਕਾਰੋਬਾਰ ’ਚ ਠਹਿਰਾਅ ਆ ਜਾਂਦਾ ਹੈ।
ਬੋਲਬਾਣੀ ਦੀ ਭੂਮਿਕਾ
ਸੰਸਾਰ ’ਚ ਮਨੁੱਖ ਹੀ ਅਜਿਹਾ ਜੀਵ ਹੈ, ਜਿਸ ਕੋਲ ਬਾਣੀ ਦੀ ਸ਼ਕਤੀ ਹੈ। ਬਾਣੀ ਦੀ ਸ਼ਕਤੀ ਨਾਲ ਸੰਗੀ-ਸਾਥੀਆਂ ਦਾ ਮਨ ਜਿੱਤਿਆ ਜਾ ਸਕਦਾ ਹੈ ਪਰ ਇਸ ਸ਼ਕਤੀ ਦੀ ਦੁਰਵਰਤੋਂ ਸੰਗੀ-ਸਾਥੀਆਂ ਤੇ ਗਾਹਕਾਂ ਨੂੰ ਦੂਰ ਕਰ ਦਿੰਦੀ ਹੈ। ਮਿੱਠਾ ਬੋਲਣ ’ਚ ਕੁਝ ਖ਼ਰਚ ਨਹੀਂ ਹੁੰਦਾ ਤੇ ਕਿਸੇ ਉਚੇਚੇ ਯਤਨ ਦੀ ਵੀ ਲੋੜ ਨਹੀਂ ਪੈਂਦੀ। ਫਿੱਕਾ ਬੋਲਣ ਲੱਗਿਆਂ ਜਾਂ ਕ੍ਰੋਧ ਸਮੇਂ ਤਾਂ ਸਰੀਰ ਦੀ ਤਾਕਤ ਲੋੜ ਨਾਲੋਂ ਵੱਧ ਵਰਤੀ ਜਾਂਦੀ ਹੈ, ਜਿਸ ਨਾਲ ਮਨੁੱਖ ਦੀ ਸਿਹਤ ਹੀ ਖ਼ਰਾਬ ਨਹੀਂ ਹੁੰਦੀ ਸਗੋਂ ਉਮਰ ਵੀ ਘੱਟਦੀ ਹੈ। ਕਾਰੋਬਾਰ ਵਿਚ ਸਫਲਤਾ ਤੇ ਸੰਗੀ-ਸਾਥੀਆਂ ਦਾ ਪਿਆਰ ਤੇ ਸਤਿਕਾਰ ਪ੍ਰਾਪਤ ਕਰਨ ਲਈ ਫਿੱਕਾ ਬੋਲਣ ਦਾ ਯਤਨ ਨਾ ਕੀਤਾ ਜਾਵੇ ਸਗੋਂ ਮਿੱਠਾ ਬੋਲਣ ਦਾ ਅਭਿਆਸ ਕੀਤਾ ਜਾਵੇ।
ਚੜ੍ਹਦੀ ਕਲਾ ’ਚ ਰਹੋ
ਇਸ ਸਾਰੇ ਕੁਝ ਤੋਂ ਉੱਤੇ ਹੈ ਚੜ੍ਹਦੀ ਕਲਾ। ਜਿਹੜਾ ਮਾਨਵ ਦੁੱਖ-ਸੁੱਖ ਤੇ ਔਖੀ ਘੜੀ ਵੇਲੇ ਵੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ, ਉਹ ਕਦੇ ਅਸਫਲ ਹੋ ਹੀ ਨਹੀਂ ਸਕਦਾ। ਜੀਵਨ ਵਿਚ ਉਤਰਾਅ-ਚੜ੍ਹਾਅ ਤਾਂ ਆਉਂਦੇ ਰਹਿੰਦੇ ਹਨ ਪਰ ਜੇ ਅਸੀਂ ਦੁੱਖ ਸਮੇਂ ਵੀ ਉਮੀਦ ਦੀ ਕਿਰਨ ਲੈ ਕੇ ਸ਼ੁਕਰਾਨਾ ਕਰਦੇ ਹਾਂ ਤਾਂ ਔਖੀ ਘੜੀ ਆਪਣੇ ਆਪ ਹੀ ਦੂਰ ਹੋ ਜਾਂਦੀ ਹੈ। ਜੀਵਨ ਚੱਲਦੇ ਰਹਿਣ ਦਾ ਨਾਂ ਹੈ। ਜਿਸ ਨੇ ਹਿੰਮਤ ਹਾਰ ਦਿੱਤੀ, ਉਸ ਨੇ ਬਾਜ਼ੀ ਹਾਰ ਦਿੱਤੀ। ਦ੍ਰਿੜ੍ਹ ਇਰਾਦੇ ਤੇ ਸਵੈ-ਭਰੋਸੇ ਸਦਕਾ ਚੜ੍ਹਦੀ ਕਲਾ ਵਿਚ ਰਹਿੰਦਿਆਂ ਜਿਹੜਾ ਇਨਸਾਨ ਜੀਵਨ ਦੀ ਲੜਾਈ ਲੜਦਾ ਹੈ, ਸਫਲਤਾ ਉਸ ਦੇ ਕਦਮ ਚੁੰਮਦੀ ਹੈ। ਹਿੰਮਤ ਅਤੇ ਉੱਦਮ ਹਰ ਮੁਸ਼ਕਲ ਨੂੰ ਦੂਰ ਕਰ ਸਕਦੇ ਹਨ। ਬੱਦਲ ਭਾਵੇਂ ਕਿੰਨੇ ਵੀ ਸੰਘਣੇ ਕਿਉਂ ਨਾ ਹੋਣ, ਸੂਰਜ ਦੀ ਕਿਰਨ ਜ਼ਰੂਰ ਚਮਕਦੀ ਹੈ। ਇਸ ਕਰਕੇ ਨਿਰਾਸ਼ਤਾ ਨੂੰ ਕਦੇ ਵੀ ਆਪਣੇ ਨੇੜੇ ਢੁਕਣ ਨਹੀਂ ਦੇਣਾ ਚਾਹੀਦਾ। ਲਾਲਚ ’ਚ ਆ ਕੇ ਕਦੇ ਗ਼ਲਤ ਰਾਹ ਅਖਤਿਆਰ ਨਹੀਂ ਕਰਨਾ ਚਾਹੀਦਾ। ਗ਼ਲਤੀ ਹਰ ਇਨਸਾਨ ਤੋਂ ਹੁੰਦੀ ਹੈ ਪਰ ਅੱਗੇ ਉਹੀ ਜਾਂਦਾ ਹੈ, ਜਿਹੜਾ ਗ਼ਲਤੀ ਨੂੰ ਮੰਨ ਕੇ ਉਸ ਨੂੰ ਸੁਧਾਰਨ ਦਾ ਯਤਨ ਕਰਦਾ ਹੈ।
ਸਫਲ ਮਨੁੱਖਾਂ ਅੰਦਰ ਦਰਿਆ ਵਰਗੀ ਰਵਾਨਗੀ ਹੁੰਦੀ ਹੈ। ਜੀਵਨ ’ਚ ਸਫਲਤਾ ਹਾਸਿਲ ਕਰਨ ਲਈ ਮਨੁੱਖ ਨੂੰ ਸੱਚੀ ਕਿਰਤ ਕਰਦਿਆਂ ਹਮੇਸ਼ਾ ਚੜ੍ਹਦੀ ਕਲਾ ’ਚ ਰਹਿਣਾ ਚਾਹੀਦਾ ਹੈ। ਜਿਹੜੇ ਇਨਸਾਨ ਖ਼ੁਸ਼ੀਆਂ ਵੰਡਦੇ ਹਨ, ਦੂਜਿਆਂ ਦੀ ਲੋੜ ਵੇਲੇ ਸਹਾਇਤਾ ਕਰਦੇ ਹਨ, ਉਹ ਹੀ ਮਨਮੋਹਕ ਸ਼ਖ਼ਸੀਅਤ ਦੇ ਮਾਲਕ ਬਣਦੇ ਹਨ। ਲਾਲਚ ’ਚ ਆ ਕੇ ਗ਼ਲਤ ਢੰਗ-ਤਰੀਕਿਆਂ ਨਾਲ ਕੀਤੀ ਕਮਾਈ ਨਾਲ ਜੀਵਨ ਦੇ ਸੁੱਖ ਤਾਂ ਖ਼ਰੀਦੇ ਜਾ ਸਕਦੇ ਹਨ ਪਰ ਖ਼ੁਸ਼ੀ ਤੇ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਹਮੇਸ਼ਾ ਇਮਾਨਦਾਰੀ ਨਾਲ ਮਿਹਨਤ ਕਰ ਕੇ ਕਮਾਈ ਕਰੋ।
-
ਵਿਜੈ ਗਰਗ, ਸੇਵਾਮੁਕਤ ਪ੍ਰਿੰਸੀਪਲ ਐਜੂਕੇਸ਼ਨਲ ਕਲਮਨਇਸਟ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.