ਅੱਜ ਕੱਲ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਹੁਣ ਨਿਅਣਿਆਂ ਨੂੰ ਨਾਨਕੇ ਜਾਣ ਦਾ ਚਾਅ ਨਹੀਂ ਰਿਹਾ ।ਕੋਈ ਵੇਲਾ ਸੀ ਇਹ ਮੁਹਾਵਰਾ ਬੋਲਿਆ ਜਾਂਦਾ ਸੀ “ਨਾਨਕੀਂ ਜਾਵਾਂਗੇ, ਮੋਟੇ ਡਾਢੇ ਹੋ ਕੇ ਆਵਾਂਗੇ “ ਪਰ ਅੱਜ ਕੱਲ ਇਹ ਮੁਹਾਵਰਾ ਅਲੋਪ ਹੀ ਹੋ ਗਿਆ ਹੈ।ਇਹ ਗੱਲਾਂ ਮੇਰੇ ਜ਼ਹਿਨ 'ਚ ਬੀਤੇ ਦਿਨੀਂ ਉਦੋਂ ਆਈਆਂ ਜਦੋਂ ਮੈਂ ਆਪਦੇ ਬਿਮਾਰ ਮਾਮੇ ਦੀ ਖ਼ਬਰ ਸਾਰ ਲੈਣ ਅੰਬਾਲ਼ੇ ਹਸਪਤਾਲ 'ਚ ਗਿਆ। ਜਦੋਂ ਮੈਂ ਆਪਣੇ ਮਾਮਾ ਜੀ ਨੂੰ ਮਿਲਿਆ, ਤਾਂ ਉਹ ਮੈਨੂੰ ਵੇਖ ਕੇ ਮੁਸਕਰਾਇਆ। ਜਦੋਂ ਮੈਂ ਉਸਨੂੰ ਤਕਲੀਫ਼ ਪੁੱਛੀ, ਤਾਂ ਉਸ ਨੇ ਆਖਿਆ , ਕਿ ਤਕਲੀਫ਼ ਨਾ ਪਹਿਲਾਂ ਕੋਈ ਸੀ ਤੇ ਹੁਣ ਤਾਂ ਬਿਲਕੁਲ ਨਹੀਂ। ਫਿਰ ਮੇਰੇ ਮਨ 'ਚ ਮੇਰੇ ਨਾਨਕਿਆਂ ਨਾਲ਼ ਜੁੜੀਆਂ ਕੁੱਝ ਯਾਦਾਂ ਰੀਲ ਵਾਂਗੂੰ ਘੁੰਮਣ ਲੱਗੀਆਂ। ਜਿਨ੍ਹਾਂ 'ਚੋਂ ਮੈਂ ਪਹਿਲਾਂ ਮੇਰੀ ਮਾਂ ਵੱਲੋਂ ਦੱਸੀਆਂ ਦੋ ਗੱਲਾਂ ਦੱਸਣੀਆਂ ਚਾਹਾਂਗਾ। ਮੇਰੇ ਬੀਬੀ ਜੀ ਦਸਦੇ ਨੇ, ਕਿ ਮੇਰੇ ਜਨਮ ਉਪਰੰਤ ਮੇਰੀ ਰੀੜ੍ਹ ਦੀ ਹੱਡੀ ਉਤੇ ਰਸੌਲੀ ਵਰਗੀ ਇੱਕ ਗੁੰਮੀਂ ਹੋ ਗਈ ਸੀ, ਜਿਸਦਾ ਇਲਾਜ ਡਾਕਟਰ ਨੇ ਆਪ੍ਰੇਸ਼ਨ ਹੀ ਦੱਸਿਆ ਸੀ।ਫਿਰ ਮੇਰਾ ਵੱਡਾ ਮਾਮਾ ਮੈਨੂੰ ਓਸ ਸਮੇਂ ਦੇ ਅੰਬਾਲੇ ਸਭ ਤੋਂ ਮਹਿੰਗੇ ਪ੍ਰਾਈਵੇਟ ਡਾਕਟਰ ਐਨ ਪੀ ਸਿੰਘ ਦੇ ਲੈ ਕੇ ਗਿਆ।ਅਪਰੇਸ਼ਨ ਮਗਰੋਂ ਕਈ ਦਿਨ ਹਸਪਤਲ 'ਚ ਦਾਖਲ ਰਹਿਣਾ ਪਿਆ। ਓਦੋਂ ਹਸਪਤਾਲ ਦਾ ਖਰਚਾ ਭਾਵੇਂ ਹਜ਼ਾਰਾਂ ਵਿੱਚ ਹੋਵੇਗਾ, ਪਰ ਅੱਜ ਤੋਂ 36 ਸਾਲ ਪਹਿਲਾਂ ਜਦੋਂ ਸਧਾਰਨ ਕਿਸਾਨ ਦੀ ਜੇਬ 'ਚ ਇੱਕ ਸੌ ਦਾ ਨੋਟ ਮਸਾਂ ਹੁੰਦਾ ਸੀ ਉਦੋਂ ਮੇਰੇ ਮਾਮੇ ਨੇ ਇਸ ਅਚਾਨਕ ਆਏ ਖ਼ਰਚੇ ਦਾ ਇੰਤਜ਼ਾਮ ਕਿਵੇਂ ਕੀਤਾ ਹੋਵੇਗਾ ਮੈਂ ਉੱਦਣ ਤੱਕ ਕਦੇ ਸੋਚਿਆ ਨਹੀਂ ਸੀ। ਮਾਮੇ ਨੂੰ ਹਸਪਤਾਲ ਦੇ ਬੈੱਡ 'ਤੇ ਪਿਆ ਦੇਖ ਇਹ ਕੁਝ ਵੀ ਮੇਰੇ ਦਿਮਾਗ਼ 'ਚ ਘੁੰਮਿਆ। ਸ਼ਾਇਦ ਕੋਈ ਮਾਲ ਡੰਗਰ ਵੇਚਿਆ ਹੋਵੇ ਜਾਂ ਆੜ੍ਹਤੀਏ ਤੋਂ ਮਹਿੰਗੇ ਵਿਆਜ 'ਤੇ ਰਕਮ ਚੱਕ ਕੇ ਪੈਸਿਆਂ ਦਾ ਇੰਤਜ਼ਾਮ ਕੀਤਾ ਹੋਵੇਗਾ ਇਹ ਕਿਆਸ ਅਰਾਈਆਂ ਹਸਪਤਾਲ 'ਚ ਬੈਠਾ ਮੈਂ ਮਨ ਹੀ ਮਨ 'ਚ ਲਾਉਂਦਾ ਰਿਹਾ।
ਫਿਰ ਅੱਗੇ ਬੀਬੀ ਜੀ ਦਸਦੀ ਆ ਕਿ ਮੇਰੇ ਨਾਨਕੇ ਘਰ 'ਚ ਬਿਜਲੀ ਵਾਲਾ ਪੱਖਾ ਨਹੀਂ ਸੀ।ਹਸਪਤਾਲੋਂ ਜਦੋਂ ਮੈਨੂੰ ਜਿਸ ਦਿਨ ਛੁੱਟੀ ਹੋਈ, ਉਸੇ ਦਿਨ ਮੇਰੇ ਵਾਸਤੇ ਮਾਮਾ ਸ਼ਹਿਰੋਂ ਪੱਖਾ ਵੀ ਖਰੀਦ ਕੇ ਲਿਆਇਆ ਸੀ।ਕਾਲਜ ਦੀ ਪੜਾਈ ਤੱਕ ਵੀ ਮੈਨੂੰ ਮੇਰੇ ਨਾਨਕੇ ਪਿੰਡ ਜਾਣ ਦਾ ਚਾਅ ਬਹੁਤ ਸੀ। ਮੇਰੇ ਮਾਮੇ ਮੇਰਾ ਆਪਣੇ ਜੁਅਕਾਂ ਨਾਲ਼ੋ ਵੀ ਵੱਧ ਮੋਹ ਕਰਦੇ ਸੀ। ਜਦੋਂ ਕਦੇ ਵੀ ਮੇਰੇ ਮਾਮੇ ਦੇ ਮੁੰਡਿਆਂ ਨੇ ਲੀੜਾ ਲੱਤਾ ਖਰੀਦਣਾ, ਤਾਂ ਮੇਰੇ ਵੱਡੇ ਮਾਮੇ ਨੇ ਘਰ ਦਾ ਲਾਣੇਦਾਰ ਹੋਣ ਦੇ ਨਾਤੇ ਮੈਨੂੰ ਆਪਣੇ ਜੁਆਕਾਂ ਦੇ ਬਰਾਬਰ ਸਭ ਕੁੱਝ ਦਿਵਾਉਣਾ। ਪਿਆਰ ਮੇਰਾ ਛੋਟਾ ਮਾਮਾ ਵੀ ਕੋਈ ਘੱਟ ਨਹੀਂ ਸੀ, ਕਰਦਾ। ਉਨ੍ਹਾਂ ਦੇ ਮੇਰੇ ਨਾਲ਼ ਮੋਹ ਦੀ ਇੱਕ ਯਾਦ ਅੱਜ ਵੀ ਮੈਨੂੰ ਪੂਰੀ ਤਰ੍ਹਾਂ ਚੇਤਾ ਆ। ਮੇਰੇ ਛੋਟੇ ਮਾਮਾ ਜੀ ਡੇਅਰੀ ਚਲਾਉਂਦੇ ਸਨ। ਉਹ ਨਿੱਤ ਮੈਨੂੰ ਸਵੇਰੇ ਇੱਕ ਰੁਪਇਆ ਦੁਕਾਨ ਦੀਆਂ ਚੀਜ਼ਾਂ ਵਗੈਰਾ ਖਾਣ ਲਈ ਦਿੰਦੇ ਸਨ। ਇਹ ਵਰਤਾਰਾ ਜਿੰਨਾ ਚਿਰ ਮੈਂ ਨਾਨਕੇ ਘਰੇ ਰਹਿੰਦਾ ਸਾਂ, ਓਨਾ ਚਿਰ ਬਿਨ੍ਹਾਂ ਨਗਾ ਪਾਏ ਚੱਲਦਾ ਸੀ। ਇਨ੍ਹਾਂ ਰੁਪਇਆਂ 'ਚੋਂ ਕੁੱਝ ਕੁ ਰੁਪਈਏ ਅਜੇ ਵੀ ਮੇਰੇ ਬੀਬੀ ਜੀ ਨੇ ਸਾਂਭ ਕੇ ਰੱਖੇ ਹੋਏ ਨੇ। ਜਦੋਂ ਅਸੀਂ ਖੇਤਾਂ 'ਚ ਨਹਿਰ ਦੇ ਸੂਏ 'ਚ ਨਹਾਉਣ ਜਾਣਾ ਤਾਂ ਮੇਰੇ ਦੋਵੇਂ ਮਾਮਿਆਂ ਨੇ ਆਪਣੇ ਮੁੰਡਿਆਂ ਨੂੰ ਤਾਕੀਦ ਕਰਨੀ ਕਿ, ਮਲਕੀਤ ਦਾ ਧਿਆਨ ਰੱਖਿਓ , ਸਾਡੇ ਕੱਲਾ-ਕੱਲਾ ਭਾਣਜਾ ਆ। ਫਿਰ ਨਾਨਕਾ ਪਿੰਡ ਹਰਿਆਣੇ 'ਚ ਹੋਣ ਕਰਕੇ ਓਦੋਂ ਬਿਜਲੀ ਇੱਕ ਦਿਨ ਛੱਡ ਕੇ ਆਉਂਦੀ ਸੀ, ਜਦਕਿ ਪੰਜਾਬ 'ਚ ਯਾਨੀ ਮੇਰੇ ਦਾਦਕੇ ਪਿੰਡ ਬਿਜਲੀ ਨਿੱਤ ਆਉਂਦੀ ਸੀ।ਪਰ ਮੇਰੇ ਨਾਨਕਿਆਂ ਦਾ ਮੋਹ ਮੈਨੂੰ ਜੇਠ-ਹਾੜ੍ਹ ਦੀ ਗਰਮੀ 'ਚ ਵੀ ਠੰਡਕ ਦਿੰਦਾ ਸੀ।
ਪੁਰਾਣੇ ਵੇਲਿਆਂ 'ਚ ਉੱਚੀ ਥਾਂ 'ਤੇ ਲੱਗਦੇ ਰਿਸ਼ਤੇਦਾਰ ਨੂੰ ਖ਼ਾਸ ਤਵੱਜੋ ਦਿੱਤੀ ਜਾਂਦੀ ਸੀ। ਅਜੋਕੇ ਜ਼ਮਾਨੇ 'ਚ ਸਮਾਜਿਕ ਰਿਸ਼ਤਿਆਂ ਨੂੰ ਆਰਥਿਕਤਾ ਨੇ ਆਪਣੇ ਕਲਾਵੇ ਚ ਲੈ ਲਿਆ। ਪਹਿਲਾਂ ਰਿਸ਼ਤੇਦਾਰਾਂ ਨੂੰ ਹਾਸਲ ਹੁੰਦਾ ਪਰੋਟੋਕੋਲ ਰਿਸ਼ਤੇਦਾਰੀ ਦੇ ਮੁਕਾਮ (ਪੋਜੀਸ਼ਨ) ਮੁਤਾਬਕ ਤੈਅ ਹੁੰਦਾ ਸੀ, ਜਦਕਿ ਹੁਣ ਓਹਦੀ ਆਰਥਿਕਤਾ ਮੁਤਾਬਿਕ ਤੈਅ ਹੁੰਦਾ ਹੈ। ਮੇਰੇ ਦਾਦਾ ਜੀ ਗੱਲਾਂ ਕਰਦੇ ਹੋਏ ਕਹਿੰਦੇ ਹੁੰਦੇ ਸੀ, ਕਿ ਫਲਾਣਾ ਰਿਸ਼ਤੇਦਾਰ ਆਪਣੀ ਉੱਚੀ ਥਾਂ ਲੱਗਦਾ ਹੈ। ਯਾਨੀ ਜਿੱਥੇ ਕਿਸੇ ਦੀ ਧੀ , ਭੈਣ ਵਿਆਹੀ ਹੋਵੇ, ਉਸ ਰਿਸ਼ਤੇਦਾਰੀ ਨੂੰ ਉੱਚੀ ਥਾਂ ਵਾਲੀ ਰਿਸ਼ਤੇਦਾਰੀ ਆਖਿਆ ਜਾਂਦਾ ਸੀ ਤੇ ਖੁਦ ਨੂੰ ਨੀਵੇਂ ਥਾਂ ਕਿਹਾ ਜਾਂਦਾ ਸੀ ।ਮੈਂ ਆਪਣੇ ਦਾਦਾ-ਦਾਦੀ ਨੂੰ ਕਹਿੰਦੇ ਸੁਣਿਆਂ ਸੀ, ਪਹਿਲਾਂ ਤਾਂ ਲੋਕ ਧੀ ਭੈਣ ਦੇ ਸਹੁਰੇ ਘਰ 'ਚ ਰੋਟੀ ਵੀ ਨਹੀਂ ਸੀ ਖਾਂਦੇ ਹੁੰਦੇ।ਪਰ ਜਦੋਂ ਕੋਈ ਉੱਚੇ ਥਾਂ ਲਗਦਾ ਰਿਸ਼ਤੇਦਾਰ ਆਪਣੇ ਘਰੇ ਆਉਂਦਾ ਹੁੰਦਾ ਸੀ, ਤਾਂ ਓਹਦੀ ਮਹਿਮਾਨ ਨਿਵਾਜੀ ਖਾਤਰ ਪੂਰਾ ਤਾਣ ਲਾਉਣਾ ਆਪਣਾ ਫਰਜ਼ ਸਮਝਿਆ ਜਾਂਦਾ ਸੀ।
ਇੱਥੇ ਉੱਚੇ-ਨੀਵੇਂ ਮੁਕਾਮ ਤੋਂ ਭਾਵ ਉਹ ਨਹੀਂ ਜੋ ਮਨੂ-ਸਮਿਰਤੀ ਵਾਲੀ ਵਰਣ-ਵੰਡ ਮੁਤਾਬਕ ਹੈ।ਉੱਚੀ ਨੀਵੀਂ ਰਿਸ਼ਤੇਦਾਰੀ ਤੋਂ ਭਾਵ ਇਹ ਹੈ ਕਿ ਪਰੋਟੋਕੋਲ ਕਿਸ ਦਰਜੇ ਦਾ ਦਿੱਤਾ ਜਾਣਾ ਹੈ ।ਇਹਨੂੰ ਸਮਝਣ ਲਈ ਸਰਕਾਰੀ ਕਾਰ ਵਿਹਾਰ ਦੀ ਮਿਸਾਲ ਲੈਂਦੇ ਹਾਂ ਜੀਹਦੇ ਚ ਉੱਚੀ ਥਾਂ ਲਗਦੇ ਮੁਲਾਜ਼ਮ ਜਾਂ ਅਫਸਰ ਨੂੰ ਸੀਨੀਅਰ ਤੇ ਨੀਵੀਂ ਥਾਂ ਲੱਗਦੇ ਨੂੰ ਜੂਨੀਅਰ ਕਿਹਾ ਜਾਂਦਾ ਹੈ ਤੇ ਉਹਨੂੰ ਆਦਰ ਮਾਣ ਕਿਸ ਲੈਵਲ ਦਾ ਦੇਣਾ ਹੈ ਉਹਨੂੰ ਪਰੋਟੋਕੋਲ ਕਿਹਾ ਜਾਂਦਾ ਹੈ।ਮੇਰੇ ਦਾਦਾ ਜੀ ਵੇਲੇ ਕਿਸੇ ਅਣਜਾਣ ਬੰਦੇ ਨਾਲ ਵੀ ਗੱਲ ਕਰਨ ਦਾ ਤੌਰ ਤਰੀਕਾ ਅੱਜ ਨਾਲੋਂ ਕਿਤੇ ਨਿਮਰ ਅਤੇ ਸਤਿਕਾਰ ਵਾਲਾ ਸੀ।ਕਿਸੇ ਦਾ ਪਿੰਡ ਪੁੱਛਣ ਵੇਲੇ ਇਓਂ ਪੁੱਛਿਆ ਜਾਂਦਾ ਸੀ , “ ਤੇਰਾ ਦੌਲਤ-ਖ਼ਾਨਾ ਕਹਾਂ ਹੈ ਬਾਈ “ ਅੱਗਿਓਂ ਜਵਾਬ ਮਿਲਦਾ ਹੁੰਦਾ ਸੀ ,”ਮੇਰਾ ਗਰੀਬ-ਖਾਨਾ ਫਲਾਣੇ ਗਰੌਂ ਹੈ ਜੀ ।” ਯਾਨੀ ਕਿ ਅਣਜਾਣ ਬੰਦੇ ਗੱਲਬਾਤ ਸ਼ੁਰੂ ਵੀ ਅਪਣੱਤ ਨਾਲ ਹੁੰਦੀ ਸੀ।ਅੱਜ ਕੱਲ ਗੱਲ ਦੀ ਸ਼ੁਰੂਆਤ ਹਊਮੈਂ ਤੋਂ ਹੁੰਦੀ ਹੈ।ਕਿਉਂਕਿ ਲੋਕਾਂ ਦੇ ਸੰਸਕਾਰ ਆਪਣੇ ਵਡੇਰਿਆਂ ਤੋਂ ਮਿਲੇ ਹੁੰਦੇ ਸੀ ਤੇ ਅੱਜ ਕੱਲ ਇਹ ਸੰਸਕਾਰ ਟਪੂਸੀਮਾਰ ਗੀਤਾਂ ਤੋਂ ਮਿਲਦੇ ਨੇ।ਇਹਨਾਂ ਗੀਤਾਂ ਵਿੱਚ ਆਪਣੀ ਵੱਡੀ ਆਰਥਿਕਤਾ ਦਾ ਗਰੂਰ ਟਪੂਸੀਆਂ ਦੇ ਨਾਲ ਨਾਲ ਹੀ ਉਛਾਲੇ ਮਾਰ ਰਿਹਾ ਹੁੰਦਾ ਹੈ।ਜਿੱਥੇ ਪਹਿਲਾਂ ਨਿਮਰ ਬੋਲੀ ਵਾਲੇ ਨੂੰ ਸਿਆਣਾ ਕਿਹਾ ਜਾਂਦਾ ਸੀ ਤੇ ਅੱਜ ਕੱਲ ਉਹਨੂੰ ਡਰਪੋਕ ਕਿਹਾ ਜਾਂਦਾ ਹੈ।
ਹੁਣ ਫਿਰ ਆਈਏ ਨਾਨਕਿਆਂ ਵਿੱਚ ਮਿਲਣ ਵਾਲੇ ਪਰੋਟੋਲ 'ਤੇ। ਪਹਿਲਾਂ ਨਾਨਕਿਆਂ ਵਿੱਚ ਬੱਚਿਆਂ ਨੂੰ ਦੋਹਤਮਾਨ ਕਿਹਾ ਜਾਂਦਾ ਸੀ ਤੇ ਇਹ ਬੱਚਾ ਨਾਨੇ ਦੇ ਸਾਰੇ ਸਰੀਕੇ ਦਾ ਹੀ ਦੋਹਤਮਾਨ ਹੁੰਦਾ ਸੀ।ਉਹਨੂੰ ਉਹ ਪਿਆਰ ਮਿਲਦਾ ਸੀ ਜੀਹਦਾ ਜ਼ਿਕਰ ਮੈਂ ਆਪਣੇ ਮਾਮੇ ਦੇ ਹਵਾਲੇ ਨਾਲ ਉੱਪਰ ਕਰ ਚੁੱਕਿਆ ਹਾਂ।ਅੱਜ ਕੱਲ ਹਊਮੈਂ ਵਧਣ ਕਰਕੇ ਮਾਮਿਆਂ ਦੇ ਬੱਚੇ ਵੀ ਭੂਆ ਦੇ ਬੱਚਿਆਂ ਨਾਲ ਨਾਲ ਗੱਲਬਾਤ ਕਰਦੇ ਵਕਤ ਰਿਸ਼ਤੇਦਾਰੀ ਵਾਲਾ ਪਰੋਟੋਕੋਲ ਛੱਡ ਕੇ ਆਰਥਿਕ ਪੱਧਰ 'ਤੇ ਹੀ ਗੱਲਬਾਤ ਕਰਦੇ ਹਨ।ਇਹ ਵਰਤਾਰਾ ਕੁਝ ਹੱਦ ਤੱਕ ਪਹਿਲਾਂ ਵੀ ਮੌਜੂਦ ਸੀ, ਪਰ ਇਹ ਦੱਬਵੀਂ ਸ਼ਕਲ 'ਚ ਹੁੰਦਾ ਸੀ । ਸਰੀਕੇ ਵਿੱਚੋਂ ਕੋਈ ਮਾਮਾ ਨਾਨਕੀਂ ਗਏ ਭਾਣਜੇ ਨੂੰ ਉਹਦੇ ਦਾਦਕੇ ਘਰ ਦਾਣੇ ਮੁੱਕਣ ਦਾ ਟੌਂਟ ਮਾਰਦਾ ਹੁੰਦਾ ਸੀ, ਜੋ ਕਿ ਜਾਹਰਾ ਤੌਰ 'ਤੇ ਬੱਚੇ ਨੂੰ ਬੁਰਾ ਲੱਗਦਾ ਸੀ।ਸ਼ਿਕਾਇਤ ਮਿਲਣ 'ਤੇ ਨਾਨਾ ਨਾਨੀ ਟੌਂਟ ਮਾਰਨ ਵਾਲੇ ਨੂੰ ਹਲਕਾ ਜਿਹਾ ਘੂਰ ਵੀ ਦਿੰਦੇ ਸੀ।ਅੱਜ ਕੱਲ ਇਹੋ ਜਹੇ ਟੌਂਟ ਹੋਰ ਤਿੱਖੇ ਹੋ ਗਏ ਹਨ।ਤੰਗ ਆਇਆ ਬੱਚਾ ਜਦੋਂ ਕੋਈ ਜਵਾਬੀ ਟੌਂਟ ਮਾਰਦਾ ਹੈ, ਤਾਂ ਭੂਆ-ਮਾਮੇ ਦੇ ਬੱਚਿਆਂ 'ਚ ਲੜਾਈ ਪੈ ਜਾਂਦੀ ਹੈ। ਇਹੋ ਜਹੇ ਮਹੌਲ ਵਿੱਚ ਬੱਚੇ ਦਾ ਨਾਨਕੇ ਘਰ ਟਿਕਣਾ ਔਖਾ ਹੋ ਜਾਂਦਾ ਹੈ।ਅੱਜ ਕੱਲ ਨਾਨਕੇ ਘਰ ਗਏ ਬੱਚੇ ਆਪਣੇ ਡੈਡੀ ਨੂੰ ਫੋਨ 'ਤੇ ਅਕਸਰ ਕਹਿੰਦੇ ਸੁਣੇ ਗਏ ਨੇ, ਕਿ ਡੈਡੀ ਤੂੰ ਹੁਣੇ ਆ ਕੇ ਮੈਨੂੰ ਇੱਥੋਂ ਲੈ ਜਾ। ਇਹ ਵਰਤਾਰਾ ਭਾਵੇਂ ਹਰੇਕ ਥਾਂ ਲਾਗੂ ਨਹੀਂ ਹੁੰਦਾ, ਪਰ ਮੈਂ ਆਮ ਦੇਖਿਆ ਹੈ। ਅੱਜ ਕੱਲ ਬੱਚਿਆਂ ਦੇ ਮਨ ਨਾਨਕੇ ਜਾਣ ਲਈ ਉਚਾਟ ਹੋਣ ਦੇ ਕਾਰਨ ਹੋਰ ਵੀ ਹੋ ਸਕਦੇ ਹਨ ਪਰ ਇਹਦੀ ਥਾਹ ਸਮਾਜਿਕ ਕਾਰਨ ਪੜਚੋਲਣ ਤੋਂ ਬਿਨਾ ਨਹੀਂ ਪਾਈ ਜਾ ਸਕਦੀ।
-
ਮਲਕੀਤ ਸਿੰਘ ਮਲਕਪੁਰ, ਲੇਖਕ
malkeetbachhal66461@gmail.com
9815448201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.