ਵੈਸੇ ਤਾਂ ਨਵਾਂ ਵਿਦਿਅਕ ਸੈਸ਼ਨ ਇੱਕ ਅਪਰੈਲ ਤੋਂ ਸ਼ੁਰੂ ਹੁੰਦਾ ਹੈ । 31 ਮਾਰਚ ਨੂੰ ਸਲਾਨਾ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਨਵੀਆਂ ਜਮਾਤਾਂ ਵਿੱਚ ਬੱਚਿਆਂ ਦਾ ਦਾਖ਼ਲਾ ਕੀਤਾ ਜਾਂਦਾ ਰਿਹਾ ਹੈ। ਪਰੰਤੂ ਪਿਛਲੇ ਕੁਝ ਕੁ ਸਾਲਾਂ ਤੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੇਂ ਦਾਖ਼ਲਿਆਂ ਦੀ ਰਜਿਸਟਰੇਸ਼ਨ ਦਾ ਕੰਮ 14 ਨਵੰਬਰ ਨੂੰ 'ਬਾਲ ਦਿਵਸ" ਤੋਂ ਸ਼ੁਰੂ ਕਰਨ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਜਿਹੜੀ ਕਿ ਬੜੀ ਸਲਾਹੁਣਯੋਗ ਹੈ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਹੋਣ ਨਾਲ ਮਾਪਿਆਂ ਦਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਰੁਝਾਨ ਵਧਿਆ ਹੈ। ਪਹਿਲਾਂ ਅਜਿਹਾ ਕੁਝ ਨਹੀਂ ਸੀ। ਇਹ ਇੱਕ ਚੰਗਾ ਕਦਮ ਹੈ। ਅਧਿਆਪਕਾਂ ਦੁਆਰਾ ਨਵਾਂ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੇਂ ਦਾਖ਼ਲ ਹੋਣ ਵਾਲੇ ਬੱਚਿਆਂ ਦੀ ਪਛਾਣ ਕਰਕੇ ਉਹਨਾਂ ਤੱਕ ਪਹੁੰਚ ਕਰ ਲਈ ਜਾਂਦੀ ਹੈ ਅਤੇ ਸੈਸ਼ਨ ਸ਼ੁਰੂ ਹੋਣ 'ਤੇ ਬਕਾਇਦਾ ਰੂਪ ਵਿੱਚ ਸੰਬੰਧਿਤ ਜਮਾਤਾਂ ਵਿੱਚ ਦਾਖ਼ਲ ਕਰ ਲਿਆ ਜਾਂਦਾ ਹੈ। ਇਸ ਨਾਲ ਇੱਕ ਤਾਂ ਨਵੇਂ ਦਾਖ਼ਲਿਆਂ ਦਾ ਟੀਚਾ ਪੂਰਾ ਕਰਨਾ ਵਿੱਚ ਸੌਖ ਰਹਿੰਦੀ ਹੈ। ਦੂਜਾ ਬੱਚੇ ਪ੍ਰਾਈਵੇਟ ਦੁਕਾਨਨੁਮਾ ਸਕੂਲਾਂ ਦਾ ਸ਼ਿਕਾਰ ਹੋਣੋ ਬਚ ਜਾਂਦੇ ਹਨ। ਸੋ ਇਹਨਾਂ ਨਵੇਂ ਦਾਖ਼ਲਿਆਂ ਪ੍ਰਤੀ ਜ਼ੋਰਦਾਰ ਮੁਹਿੰਮ ਚਲਾਈ ਜਾਣੀ ਬੇਹੱਦ ਜ਼ਰੂਰੀ ਹੈ। ਇਸ ਮੁਹਿੰਮ ਦੀ ਸਫ਼ਲਤਾ ਲਈ ਨਿਮਨ ਲਿਖਤ ਕੁਝ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ--
●--ਸਰਕਾਰੀ ਸਹੂਲਤਾਂ ਦਾ ਪ੍ਰਚਾਰ--ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਸਹੂਲਤਾਂ ਜਿਵੇਂ- ਮੁਫ਼ਤ ਕਿਤਾਬਾਂ, ਕਿਸੇ ਕਿਸਮ ਦੀ ਦਾਖ਼ਲਾ ਫ਼ੀਸ ਦਾ ਨਾ ਹੋਣਾ, ਮੁਫ਼ਤ ਵਰਦੀ, ਮੈਡੀਕਲ ਸਹੂਲਤਾਂ, ਸਲਾਨਾ ਵਜ਼ੀਫ਼ੇ, ਦੁਪਹਿਰ ਦਾ ਪੌਸਟਿਕ ਭੋਜਨ ਆਦਿਕ ਦਾ ਪ੍ਰਚਾਰ ਆਮ ਪਬਲਿਕ ਵਿੱਚ ਹੋਣਾ ਚਾਹੀਦਾ ਹੈ। ਪੜ੍ਹਾਈ ਦੀ ਬਿਹਤਰੀ ਲਈ ਵਰਤੀਆਂ ਜਾ ਰਹੀਆਂ ਤਕਨੀਕਾਂ ਅਤੇ ਸਕੂਲ ਪੱਧਰ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਇਹ ਨਵੇਂ ਦਾਖ਼ਲੇ ਲਈ ਬਿਹਤਰ ਉਪਰਾਲਾ ਹੋਵੇਗਾ।
●--ਮਾਪਿਆਂ ਨਾਲ ਰਾਬਤਾ--ਚੰਗਾ ਹੋਵੇਗਾ ਕਿ ਨਵੇਂ ਦਾਖ਼ਲੇ ਲਈ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਹਨਾਂ ਨਾਲ ਮੀਟਿੰਗ ਕਰਕੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ। ਸਿੱਖਿਆ ਦੇ ਵਿਕਾਸ ਅਤੇ ਗੁਣਾਤਮਿਕ ਸਿੱਖਿਆ ਦੇ ਉਸਾਰੂ ਪੱਖਾਂ ਨੂੰ ਉਹਨਾਂ ਨਾਲ ਸਾਂਝਾ ਕੀਤਾ ਜਾਵੇ।
●--ਨੁੱਕੜ ਮੀਟਿੰਗਾਂ-- ਅਧਿਆਪਕਾਂ ਦੁਆਰਾ ਨਵਾਂ ਦਾਖਲਾ ਮੁਹਿੰਮ ਦੀ ਸਫ਼ਲਤਾ ਲਈ ਨੁੱਕੜ ਮੀਟਿੰਗਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਮੁਹੱਲੇ ਵਾਈਜ਼ ਮੀਟਿੰਗ ਕਰਕੇ ਲੋਕਾਂ ਨੂੰ ਮਿਆਰੀ ਸਿੱਖਿਆ ਬਾਰੇ ਸਮਝਾਇਆ ਜਾਣਾ ਚਾਹੀਦਾ ਹੈ। ਗੱਲਬਾਤ ਦਾ ਮਾਹੌਲ ਉਸਾਰੂ ਹੋਣਾ ਬੜਾ ਜ਼ਰੂਰੀ ਹੈ।
●-ਮਾਪੇ-ਅਧਿਆਪਕ ਮਿਲਣੀ ਦਾ ਸਦ ਉਪਯੋਗ--ਜਦੋਂ ਮਾਪੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਜਾਚਣ ਲਈ ਸਕੂਲ ਪਹੁੰਚਦੇ ਹਨ ਤਾਂ ਉਹਨਾਂ ਦੀ ਸਮੁੱਚੇ ਸਕੂਲ ਨਾਲ ਜਾਣ-ਪਛਾਣ ਕਰਵਾਈ ਜਾਣੀ ਚਾਹੀਦੀ ਹੈ। ਸਕੂਲ ਵਿੱਚ ਪੜ੍ਹਾਈ ਨਾਲ ਸੰਬੰਧਤ ਟੀ ਐਲ ਐਮ, ਐਲ ਈ ਡੀ, ਪ੍ਰੋਜੈਕਟਰ, ਲਾਇਬਰੇਰੀ, ਕੰਪਿਊਟਰ ਲੈਬ ਆਦਿਕ ਦਾ ਦੌਰਾ ਕਰਵਾਇਆ ਜਾਣਾ ਚਾਹੀਦਾ ਹੈ। ਪੜ੍ਹਾਉਣ ਦੀਆਂ ਵਿਧੀਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਉਹ ਅੱਗੇ ਜਾ ਕੇ ਲੋਕਾਂ ਵਿੱਚ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨਗੇ। ਜਿਹੜਾ ਕਿ ਨਵੇਂ ਦਾਖ਼ਲਿਆਂ ਲਈ ਸਹਾਇਕ ਸਿੱਧ ਹੋਵੇਗਾ।
●--ਡੋਰ ਟੂ ਡੋਰ ਮੁਹਿੰਮ--ਇਸ ਮੁਹਿੰਮ ਨੂੰ ਘਰੋ-ਘਰੀਂ ਪਹੁੰਚ ਵੀ ਕਿਹਾ ਜਾਂਦਾ ਹੈ। ਅਧਿਆਪਕਾਂ ਦੁਆਰਾ ਨਵੇਂ ਦਾਖਲੇ ਲਈ ਡੋਰ ਟੂ ਡੋਰ ਕੰਪੇਨ ਚਲਾਈ ਜਾਣੀ ਚਾਹੀਦੀ ਹੈ। ਬੱਚਿਆਂ ਦੇ ਮਾਪਿਆਂ ਨੂੰ ਉਸ ਸਮੇਂ ਅਥਾਹ ਖੁਸ਼ੀ ਹੁੰਦੀ ਹੈ ਜਦੋਂ ਅਧਿਆਪਕ ਉਹਨਾਂ ਦੇ ਘਰ ਪਹੁੰਚ ਕੇ ਜਮਾਤ ਵਾਈਜ਼ ਪੜ੍ਹਾਈ, ਲਾਇਬਰੇਰੀ ਦੀ ਸਹੂਲਤ, ਖੇਡਾਂ, ਪੜ੍ਹਾਉਣ ਦੇ ਤਰੀਕੇ ਅਤੇ ਬੱਚੇ ਦੀ ਬਿਹਤਰੀ ਲਈ ਗੱਲਬਾਤ ਕਰਦੇ ਹਨ। ਨਵੇਂ ਦਾਖ਼ਲਿਆਂ ਲਈ ਇਹ ਇੱਕ ਕਾਰਗਰ ਤਰੀਕਾ ਹੈ।
●--ਸਲਾਨਾ ਸਮਾਗਮ--ਸਾਲ ਦੇ ਆਖੀਰ ਮਾਰਚ ਮਹੀਨੇ ਵਿੱਚ ਸਲਾਨਾ ਨਤੀਜਿਆਂ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸਲਾਨਾ ਸਮਾਗਮ ਕਰਵਾਇਆ ਜਾਣਾ ਚਾਹੀਦਾ ਹੈ।ਇਸ ਵਿੱਚ ਪਿੰਡ ਦੀ ਪੰਚਾਇਤ, ਮੁਹਤਵਰ ਵਿਅਕਤੀਆਂ, ਐਸ ਐਮ ਸੀ ਕਮੇਟੀ ਅਤੇ ਮਾਪਿਆਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਨਾਲ ਲੋਕ ਸਕੂਲੀ ਸੰਸਥਾਵਾਂ ਨਾਲ ਵਧੇਰੇ ਨੇੜੇ ਤੋਂ ਜੁੜਦੇ ਹਨ। ਬੱਚਿਆਂ ਦੀ ਸਹਿ ਵਿਦਿਅਕ ਸਰਗਰਮੀਆਂ ਨਾਲ ਦਰਸਾਉਂਦੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ। ਇਹ ਉਚੇਚੇ ਯਤਨ ਬੱਚਿਆਂ ਦੀ ਦਾਖ਼ਲਾ ਗਿਣਤੀ ਵਧਾਉਣ ਲਈ ਸਹਾਇਕ ਸਿੱਧ ਹੋਣਗੇ।
●--ਸਕੂਲ ਦੀਆਂ ਪ੍ਰਾਪਤੀਆਂ--ਨਵੇਂ ਦਾਖ਼ਲੇ ਲਈ ਸਕੂਲ ਦੀਆਂ ਪਿਛਲੀਆਂ ਪ੍ਰਾਪਤੀਆਂ ਦੇ ਬਿਹਤਰ ਹੋਣਾ ਬੜਾ ਜ਼ਰੂਰੀ ਹੈ। ਜਿਵੇਂ ਬੱਚਿਆਂ ਦੀ ਵਿਦਿਅਕ ਮੁਕਾਬਲਿਆਂ ਵਿੱਚ ਹਿੱਸੇਦਾਰੀ, ਵਿਦਿਅਕ ਟੂਰ, ਖੇਡਾਂ ਵਿੱਚ ਸ਼ਮੂਲੀਅਤ, ਆਦਿ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਮਾਪਿਆਂ ਦਾ ਸਰਕਾਰੀ ਸਕੂਲਾਂ ਵੱਲ ਝੁਕਾਅ ਬਣਦਾ ਹੈ।
●-ਇਸ਼ਤਿਹਾਰਬਾਜ਼ੀ--ਅੱਜਕੱਲ ਵਿਦਿਅਕ ਸੰਸਥਾਵਾਂ ਵੱਲੋਂ ਨਵੇਂ ਦਾਖ਼ਲਿਆਂ ਲਈ ਮੁਕਾਬਲਾਤਨ ਵਿਧੀਆਂ ਨੂੰ ਅਪਣਾਇਆ ਜਾ ਰਿਹਾ ਹੈ। ਰੋਜ਼ਾਨਾ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ ਤਾਂ ਕਿ ਦੂਰ ਦੁਰਾਡੇ ਬੈਠੇ ਲੋਕਾਂ ਨੂੰ ਸੰਸਥਾਵਾਂ ਬਾਰੇ ਜਾਣਕਾਰੀ ਮਿਲ ਸਕੇ। ਇਸ ਤੋਂ ਬਿਨਾਂ ਰੰਗਦਾਰ ਪੈਂਫਲਿਟ, ਫਲੈਕਸ ਅਤੇ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟਸ ਆਦਿ ਦੇ ਪ੍ਰੋਗਰਾਮ ਦਿੱਤੇ ਜਾਂਦੇ ਹਨ। ਸਰਕਾਰੀ ਸਕੂਲ ਵੀ ਅੱਜਕੱਲ ਇਹ ਤਰੀਕਾ ਅਪਣਾ ਰਹੇ ਹਨ। ਵੇਖਿਆ ਗਿਆ ਹੈ ਕਿ ਅਧਿਆਪਕ ਲਗਾਤਾਰ ਮਿਹਨਤ ਕਰ ਰਹੇ ਹਨ ਅਤੇ ਜੋ ਕਰਨੀ ਵੀ ਚਾਹੀਦੀ ਹੈ।
●--ਆਲੀਸ਼ਨ ਬਿਲਡਿੰਗ--ਨਵਾਂ ਦਾਖ਼ਲਾ ਵਧਾਉਣ ਲਈ ਸਕੂਲ ਦੀ ਇਮਾਰਤ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਸਕੂਲ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਬਿਲਡਿੰਗ ਜਿੰਨੀ ਖਿੱਚ ਭਰਪੂਰ ਹੋਵੇਗੀ, ਦਾਖ਼ਲਿਆਂ ਗਿਣਤੀ ਉੱਨੀਂ ਵਧੇਰੇ ਹੋਵੇਗੀ। ਅੱਜਕੱਲ ਲੋਕ ਇਹਨਾਂ ਚੀਜ਼ਾਂ ਨੂੰ ਵਧੇਰੇ ਵੇਖਦੇ ਹਨ। ਉਹ ਆਪਣੇ ਬੱਚਿਆਂ ਨੂੰ ਵਧੀਆ ਸੰਸਥਾਵਾਂ ਵਿੱਚ ਪੜ੍ਹਾਉਣ ਲਈ ਮਾਣ ਮਹਿਸੂਸ ਕਰਦੇ ਹਨ।
●-ਸਕੂਲ ਵੈਨ ਦੀ ਸਹੂਲਤ--ਕਈ ਬੱਚੇ ਅਜਿਹੇ ਹੁੰਦੇ ਹਨ ਕਿ ਜਿਹਨਾਂ ਦੇ ਘਰ ਤੋਂ ਸਕੂਲ ਦੀ ਦੂਰੀ ਜ਼ਿਆਦਾ ਹੁੰਦੀ ਹੈ। ਉਹਨਾਂ ਨੂੰ ਸਕੂਲ ਪਹੁੰਚਣ ਵਿੱਚ ਔਖ ਮਹਿਸੂਸ ਹੁੰਦੀ ਹੈ। ਉਹਨਾਂ ਨੂੰ ਨਵਾਂ ਦਾਖ਼ਲਾ ਮੁਹਿੰਮ ਤਹਿਤ ਸਕੂਲ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸਕੂਲ ਵੈਨ ਦੀ ਸਹੂਲਤ ਮਿਲਣ ਨਾਲ ਉਹਨਾਂ ਦੀ ਇਹ ਸਮੱਸਿਆ ਹੱਲ ਹੋ ਸਕੇਗੀ। ਬਹੁਤੇ ਸਰਕਾਰੀ ਸਕੂਲਾਂ ਵੱਲੋਂ ਇਹ ਸਹੂਲਤ ਦਿੱਤੀ ਵੀ ਜਾ ਰਹੀ ਹੈ। ਆਵਾਜਾਈ ਦੇ ਯੋਗ ਸਾਧਨ ਮਿਲਣ ਨਾਲ ਦਾਖ਼ਲਾ ਮੁਹਿੰਮ ਨੂੰ ਨਵਾਂ ਹੁਲਾਰਾ ਮਿਲੇਗਾ। ਜਿਹੜਾ ਕਿ ਆਪਣੇ-ਆਪ ਵਿੱਚ ਇੱਕ ਮਿਸਾਲੀ ਕਾਰਜ ਹੈ।
●-ਸੋਸ਼ਲ ਮੀਡੀਆ ਦੀ ਵਰਤੋਂ--ਅੱਜਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ। ਨਵਾਂ ਦਾਖ਼ਲਾ ਮੁਹਿੰਮ ਤਹਿਤ ਇਸ ਦੀ ਵਰਤੋਂ ਵਧੇਰੇ ਲਾਹੇਵੰਦ ਰਹੇਗੀ। ਪਹਿਲਾਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੇ ਜਮਾਤ ਵਾਈਜ਼ ਵਟਸ ਐਪ ਗਰੁੱਪ ਬਣੇ ਹੋਏ ਹੁੰਦੇ ਹਨ। ਅਧਿਆਪਕ ਇਸ ਦੀ ਵਰਤੋਂ ਨਾਲ ਬੱਚਿਆਂ ਦੇ ਮਾਪਿਆਂ ਤੱਕ ਸੌਖ ਨਾਲ ਪਹੁੰਚ ਕਰ ਸਕਦੇ ਹਨ। ਉਹਨਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਨਵੇਂ ਦਾਖ਼ਲੇ ਲਈ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹਨ। ਇਸ ਤੋਂ ਬਿਨ੍ਹਾਂ ਸਕੂਲ ਦੇ ਫੇਸਬੁੱਕ ਅਤੇ ਯੂ ਟਿਊਬ ਪੇਜ਼ ਰਾਹੀਂ ਵੀ ਇਸ ਮੁਹਿੰਮ ਨੂੰ ਜ਼ੋਰਦਾਰ ਤਰੀਕੇ ਨਾਲ ਚਲਾਇਆ ਜਾਣਾ ਚਾਹੀਦਾ ਹੈ। ਪਹਿਲਾਂ ਤੋਂ ਪੜ੍ਹ ਰਹੇ ਬੱਚੇ ਵੀ ਆਪਣੇ ਆਂਢ-ਗੁਆਂਢ ਵਿੱਚੋਂ ਨਵੇਂ ਦਾਖ਼ਲ ਹੋਣ ਵਾਲੇ ਬੱਚਿਆਂ ਦੀ ਪਛਾਣ ਕਰਵਾਉਣ ਵਿੱਚ ਸਹਾਇਕ ਸਿੱਧ ਹੁੰਦੇ ਹਨ।
ਇੱਥੇ ਇਹ ਕਹਿਣਾ ਬਿਹਤਰ ਹੋਵੇਗਾ ਕਿ ਇਨਰੋਲਮੈਂਟ ਵਿੱਚ ਵਾਧੇ ਲਈ ਸਾਡੇ ਕੋਲ ਅਪ੍ਰੈਲ-ਮਈ ਮਹੀਨੇ ਦਾ ਸੁਨਹਿਰੀ ਸਮਾਂ ਹੈ। ਇਸ ਦੌਰਾਨ ਕੀਤੀ ਸਖ਼ਤ ਮਿਹਨਤ ਰੰਗ ਲਿਆਵੇਗੀ। ਵਿਦਵਾਨ ਕਹਿੰਦੇ ਹਨ ਕਿ ਕਿਸੇ ਕੰਮ ਦੀ ਸ਼ੁਰੂਆਤ ਅਤੇ ਅੰਤ ਦੋਵੇਂ ਵਧੀਆ ਹੋਣੇ ਚਾਹੀਦੇ ਹਨ। ਇਸ ਲਈ ਅਧਿਆਪਕ ਵਰਗ ਵੱਲੋਂ ਨਵੇਂ ਦਾਖ਼ਲਿਆਂ ਲਈ ਮਾਪਿਆਂ ਨਾਲ ਸੰਪਰਕ ਪੈਦਾ ਕਰਕੇ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਨਾਲ ਜੋੜਨ ਦਾ ਹਰ ਸੰਭਵ ਯਤਨ ਕਰਨਾ ਹੋਵੇਗਾ। ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਅਕ ਸੰਸਥਾਵਾਂ ਦੇ ਸੁਧਾਰ ਲਈ ਕੀਤੇ ਜਾ ਰਹੇ ਵਿਲੱਖਣ ਕਾਰਜ ਅਤੇ ਮਿਲ ਰਹੀਆਂ ਸਹੂਲਤਾਂ ਦਾ ਪ੍ਚਾਰ ਕਰਕੇ ਨਵਾਂ ਦਾਖ਼ਲਾ ਮੁਹਿੰਮ ਨੂੰ ਵੱਡੇ ਪੱਧਰ ਤੱਕ ਚਲਾਇਆ ਜਾ ਸਕੇਗਾ। ਜਿਸ ਦੀ ਅਜੋਕੇ ਸੰਦਰਭ ਵਿੱਚ ਵਧੇਰੇ ਲੋੜ ਹੈ।
-
ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ), ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਲੂਕਾ (ਬਠਿੰਡਾ)
*******
98720-89538
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.