ਹਰਮੀਤ ਕਾਲਕਾ ਤੇ ਜਗਦੀਪ ਕਾਹਲੋਂ ਨੇ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ, ਪੜ੍ਹੋ ਕੀ ਹੈ ਮਾਮਲਾ
- ਪਾਕਿਸਤਾਨ ਦੀ ISI ਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਖਰੀ ਤਾਰੀਕ ਨੂੰ ਮਨਾਉਣ ਲਈ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਵੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 4 ਅਕਤੂਬਰ 2024 : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੇ ਹੋਰ ਅਧਿਕਾਰੀਆਂ ਨਾਲ ਰਲ ਕੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੱਖਰੀ ਤਾਰੀਕ ਨੂੰ ਮਨਾਉਣ ਦੇ ਯਤਨ ਕਰ ਕੇ ਸੰਗਤਾਂ ਵਿਚ ਦੁਬਿਧਾ ਪੈਦਾ ਕਰਨ ਲਈ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਜ਼ਾ ਲਗਾਈ ਜਾਵੇ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਸਾਲ 2002 ਤੋਂ 2012-13 ਤੱਕ ਜਦੋਂ ਤੱਕ ਸਰਨਾ ਦਿੱਲੀ ਕਮੇਟੀ ਦੇ ਪ੍ਰਧਾਨ ਰਹੇ, ਉਹ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕਰਦੇ ਰਹੇ ਅਤੇ ਦੋ ਦੋ ਸੰਗਰਾਂਦਾ ਤੇ ਦੋ ਦੋ ਗੁਰਪੁਰਬ ਮਨਾਉਂਦੇ ਰਹੇ।
ਉਹਨਾਂ ਕਿਹਾ ਕਿ ਅਸੀਂ ਸੋਚਿਆ ਕਿ ਹੁਣ ਸ਼ਾਇਦ ਇਹ ਸੁਧਰ ਗਏ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਏ ਹਨ। ਉਹਨਾਂ ਕਿਹਾ ਕਿ ਪਰ ਅਜਿਹਾ ਨਹੀਂ ਹੋਇਆ ਤੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਬਾਵਜੂਦ ਅੱਜ ਵੀ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਗੱਲਾਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਅਕਤੂਬਰ ਨੂੰ ਮਨਾਇਆ ਜਾਣਾ ਹੈ ਪਰ ਇਸਦੇ ਉਲਟ ਸਰਨਾ ਨੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਪਾਕਿਸਤਾਨ ਦੇ ਏਜੰਟ ਤੇ ਆਈ ਐਸ ਆਈ ਨੂੰ ਖੁਸ਼ ਕਰਨ ਵਾਸਤੇ 9 ਅਕਤੂਬਰ ਦਾ ਦਿਨ ਪਾਕਿਸਤਾਨ ਕਮੇਟੀ ਵੱਲੋਂ ਗੁਰਪੁਰਬ ਮਨਾਉਣ ਲਈ ਤੈਅ ਕਰਵਾ ਦਿੱਤਾ।
ਉਹਨਾਂ ਦੱਸਿਆ ਕਿ ਸਰਨਾ ਨੇ ਇਕ ਜੱਥਾ ਭੇਜਣ ਦੀ ਗੱਲ ਕੀਤੀ ਗਈ ਅਤੇ ਸ਼ਰਧਾਲੂਆਂ ਤੋਂ ਵੀਜ਼ਾ ਲਗਵਾਉਣ ਵਾਸਤੇ ਇਕ-ਇਕ ਹਜ਼ਾਰ ਰੁਪਏ ਵੱਖਰੇ ਤੌਰ ’ਤੇ ਲਿਆ ਅਤੇ 150-150 ਡਾਲਰ ਖਰਚੇ ਵਾਸਤੇ ਵੱਖਰਾ ਲਿਆ ਗਿਆ ਅਤੇ ਕੁੱਲ 230 ਵੀਜ਼ੇ ਅਪਲਾਈ ਕੀਤੇ ਸਨ ਜੋ ਸਾਰੇ ਰਫਿਊਜ਼ ਹੋ ਗਏ।
ਉਹਨਾਂ ਦੱਸਿਆ ਕਿ ਇਸ ਮਗਰੋਂ ਸਰਨਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਆਈ ਐਸ ਆਈ ਦੇ ਪੈਰਾਂ ਵਿਚ ਪੈ ਕਿ ਅਪੀਲ ਕੀਤੀ ਕਿ ਅਸੀਂ ਦੁਨੀਆਂ ਨੂੰ ਸੁਨੇਹਾ ਕੀ ਦੇਵਾਂਗੇ ? ਇਸ ਉਪਰੰਤ ਪਾਕਿਸਤਾਨੀ ਸਫਾਰਤਖਾਨੇ ਨੇ 53 ਸ਼ਰਧਾਲੂਆਂ ਦੇ ਵੀਜ਼ੇ ਪ੍ਰਵਾਨ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਅਸੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਤੇ ਮੀਡੀਆ ਰਾਹੀਂ ਵੀ ਬੇਨਤੀ ਕਰਦੇ ਹਾਂ ਕਿ ਅਜਿਹੇ ਬੰਦੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਚਲ ਰਹੇ ਹਨ, ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਪੁੱਛਣਾ ਚਾਹੀਦਾ ਹੈ ਕਿ ਉਹ ਅਕਾਲੀ ਦਲ ਦੇ ਲੈਟਰਹੈਡ ’ਤੇ ਕਿਉਂ ਅਜਿਹੀਆਂ ਚਿੱਠੀਆਂ ਲਿਖ ਰਹੇ ਹਨ ਤੇ ਕਿਉਂ ਸੰਗਤ ਵਿਚ ਦੁਬਿਧਾ ਪੈਦਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਰਵਉੱਚ ਹੈ ਤੇ ਦੁਨੀਆਂ ਵਿਚ ਜਿਥੇ ਕਿਤੇ ਵੀ ਸਿੱਖ ਬੈਠੇ ਹਨ, ਉਹ ਹੁਕਮ ਮੰਨਣ ਦੇ ਪਾਬੰਦ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਅਕਾਲ ਤਖਤ ਸਾਹਿਬ ਦੇ ਫੁਰਮਾਨ ਦੀ ਉਲੰਘਣਾ ਕਰਦਾ ਹੈ ਤਾਂ ਉਹ ਪੰਥ ਵਿਰੋਧੀ ਹੈ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਨੇ ਪੁੱਛਿਆ ਕਿ ਕੀ ਕੇਂਦਰੀ ਮੰਤਰੀ ਜੇ ਪੀ ਨੱਢਾ ਨੂੰ ਮਿਲਣਾ ਗੁਨਾਹ ਹੈ ? ਕੀ ਉਹਨਾਂ ਨੂੰ ਮਿਲਣ ’ਤੇ ਕੋਈ ਪਾਬੰਦੀ ਸ੍ਰੀ ਅਕਾਲ ਤਖਤ ਸਾਹਿਬ ਨੇ ਲਗਾਈ ਹੈ?
ਉਹਨਾਂ ਕਿਹਾ ਕਿ ਜਿਹਨਾਂ ’ਤੇ ਆਪ ਗੋਲਕ ਚੋਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲਿਆਂ ਨਾਲ ਰਲੇ ਹੋਣ ਦੇ ਦੋਸ਼ ਜਿਹਨਾਂ ’ਤੇ ਹਮੇਸ਼ਾ ਲੱਗੇ ਹਨ, ਉਹ ਹੀ ਸਵਾਲ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਜੇ. ਪੀ. ਨੱਢਾ ਨਾਲ ਮੀਟਿੰਗ ਵਾਸਤੇ ਦਿੱਲੀ ਦੇ ਪ੍ਰਮੁੱਖ ਸਿੱਖਾਂ ਨੂੰ ਬੁਲਾਇਆ ਸੀ ਪਰ ਇਹਨਾਂ ਲੋਕਾਂ ਨੂੰ ਨਹੀਂ ਬੁਲਾਇਆ ਤਾਂ ਹੀ ਤਕਲੀਫ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਭਾਜਪਾ ਦੀ ਮੀਟਿੰਗ ਨਹੀਂ ਬਲਕਿ ਦਿੱਲੀ ਦੇ ਪ੍ਰਮੁੱਖ ਸਿੱਖਾਂ ਦੀ ਮੀਟਿੰਗ ਸੀ।