← ਪਿਛੇ ਪਰਤੋ
ਲੰਬੀ ਹਲਕੇ ਵਿਚ ਨਾਮਜ਼ਦਗੀਆਂ ਦਾ ਸਮਾਂ ਵਧਾਉਣ ਤੇ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਲੰਬੀ, 4 ਅਕਤੂਬਰ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਆਖਿਆ ਹੈ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪੰਚਾਇਤ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਲੰਬੀ ਹਲਕੇ ਵਿਚ ਲੋਕਤੰਤਰ ਦਾ ਕਤਲ ਕਰਵਾਇਆ ਹੈ ।ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਿੱਡੂਖੇੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਪੰਚਾਇਤ ਚੋਣਾਂ ਵਿਚ ਤਾਂ ਕਦੇ ਆਪ ਐਮ ਐਲ ਏ ਵੀ ਬੀ ਡੀ ਪੀ ਓ ਦਫਤਰ ਨਹੀਂ ਪੁੱਜਦੇ ਪਰ ਲੰਬੀ ਹਲਕੇ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪ ਲਾਮ ਲਸ਼ਕਰ ਲੈ ਕੇ ਪਹੁੰਚੇ ਹੋਏ ਸਨ ਉਹਨਾਂ ਕਿਹਾ ਕਿ ਉਨ੍ਹਾਂ ਦੇ ਨਜ਼ਦੀਕੀਆਂ ਨੇ ਉਥੇ ਖੜ੍ਹੇ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਲੈ ਕੇ ਪਾੜ ਦਿੱਤੇ। ਉਹਨਾਂ ਦੱਸਿਆ ਕਿ ਖੁੱਡੀਆਂ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਪਿੰਡ ਵਿਚ ਵਿਰੋਧੀ ਧਿਰ ਦੀ ਮਹਿਲਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਵੀ ਖੋਹ ਕੇ ਪਾੜ ਦਿੱਤੇ ਗਏ।ਉਹਨਾਂ ਕਿਹਾ ਕਿ ਮੰਤਰੀ ਨੇ ਡਰ ਤੇ ਦਹਿਸ਼ਤ ਦਾ ਮਾਹੌਲ ਬਣਾਇਆ ਜੋ ਚੋਣ ਜ਼ਾਬਤੇ ਦੀ ਸ਼ਰ੍ਹੇਆਮ ਉਲੰਘਣਾ ਹੈ। ਉਹਨਾਂ ਕਿਹਾ ਕਿ ਦਫਤਰਾਂ ਵਿਚ ਬਦਇੰਤਜ਼ਾਮੀ ਤਾਂ ਪਹਿਲਾਂ ਹੀ ਸੀ ਕਿਉਂਕਿ ਨਾ ਕਿਸੇ ਦੇ ਬੈਠਣ ਦਾ ਇੰਤਜ਼ਾਮ ਸੀ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਸੀ ਤੇ ਇਸ ਬਦਇੰਤਜ਼ਾਮੀ ਵਿਚ ਵਾਧਾ ਉਸ ਵੇਲੇ ਹੋਇਆ ਜਦੋਂ ਮੰਤਰੀ ਆਪ ਦਖਲ ਕਰਨ ਲੱਗ ਪਏ। ਉਹਨਾਂ ਕਿਹਾ ਕਿ ਮੰਤਰੀ ਦਾ ਰਵੱਈਆ ਚੋਣ ਜ਼ਾਬਤੇ ਦੀ ਸਿੱਧੀ ਉਲੰਘਣਾ ਹੈ ਜਿਸ ਲਈ ਚੋਣ ਕਮਿਸ਼ਨ ਨੂੰ ਤੁਰੰਤ ਮੰਤਰੀ ਦੇ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਨਿਰਪੱਖ ਤੇ ਆਜ਼ਾਦ ਢੰਗ ਨਾਲ ਚੋਣਾਂ ਕਰਵਾਉਣ ਵਾਸਤੇ ਇਸ ਤਰੀਕੇ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੁਰੰਤ ਰੋਕੀਆਂ ਜਾਣ ਅਤੇ ਲੰਬੀ ਹਲਕੇ ਦੇ ਪਿੰਡਾਂ ਵਿਚ ਜਿਹੜੇ ਵਿਰੋਧੀ ਧਿਰ ਦੇ ਉਮੀਦਵਾਰ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਜੋ ਚੋਣਾਂ ਪੂਰਨ ਪਾਰਦਰਸ਼ੀ ਢੰਗ ਨਾਲ ਹੋ ਸਕਣ।
Total Responses : 45