ਸੁਪਰੀਮ ਕੋਰਟ ਵਿੱਚ ਤੱਥਾਂ ਸਮੇਤ ਪੱਖ ਰੱਖਾਂਗੇ: ਬੁਲਾਰਾ ਡੇਰਾ ਸੱਚਾ ਸੌਦਾ ਸਿਰਸਾ
ਅਸ਼ੋਕ ਵਰਮਾ
ਚੰਡੀਗੜ੍ਹ,19 ਅਕਤੂਬਰ2024:ਸੁਪਰੀਮ ਕੋਰਟ ਵੱਲੋਂ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਕੇਸਾਂ ਵਿਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ਼ ਮੁਕੱਦਮੇ ਦੀ ਕਾਰਵਾਈ ਤੇ ਰੋਕ ਹਟਾਉਣ ਤੋਂ ਬਾਅਦ ਅੱਜ ਡੇਰਾ ਸਿਰਸਾ ਦੇ ਬੁਲਾਰੇ ਨੇ ਆਪਣਾ ਪੱਖ ਰੱਖਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਵਿਚ ਮੁਕੱਦਮਾ ਚਲਾਉਣ ’ਤੇ ਲਾਈ ਰੋਕ ਹਟਾਉਂਦਿਆਂ ਰਾਮ ਰਹੀਮ ਨੂੰ ਜਵਾਬ ਦਾਖਲ ਕਰਨ ਦੀ ਹਦਾਇਤ ਕੀਤੀ ਹੈ। ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਇੰਸਾਂ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਡੇਰਾ ਮੁਖੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਉਹਨਾਂ ਕਿਹਾ ਕਿ ਇਸ ਪਟੀਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਅਧੂਰੇ ਤੱਥਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਜਲਦ ਹੀ ਸੁਪਰੀਮ ਕੋਰਟ ਵਿੱਚ ਪੂਰੇ ਤੱਥਾਂ ਸਮੇਤ ਇਸ ਦਾ ਕਾਨੂੰਨੀ ਜਵਾਬ ਦਾਇਰ ਕਰਾਂਗੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਹਾਈਕੋਰਟ ਦੇ ਸਾਹਮਣੇ ਸਾਰੇ ਤੱਥ ਪੇਸ਼ ਕੀਤੇ ਸਨ ਤਾਂ ਹਾਈਕੋਰਟ ਨੇ ਇਹਨਾਂ ਕੇਸਾਂ ਦੀ ਸੁਣਵਾਈ 'ਤੇ ਰੋਕ ਲਾ ਦਿੱਤੀ ਸੀ। ਉਹਨਾਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਸਮੁੱਚੇ ਤੱਥ ਸੁਪਰੀਮ ਕੋਰਟ ਅੱਗੇ ਰੱਖੇ ਜਾਣਗੇ ਤਾਂ ਉਹਨਾਂ ਨੂੰ ਪੂਰਨ ਉਮੀਦ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਡੇਰਾ ਮੁਖੀ ਨੂੰ ਨਿਆਂ ਮਿਲੇਗਾ। ਉਹਨਾਂ ਕਿਹਾ ਕਿ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ।