← ਪਿਛੇ ਪਰਤੋ
ਅਵਾਰਾ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿੱਚ ਬਣੀ ਦਹਿਸ਼ਤ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 22 ਸਤੰਬਰ 2024 - ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਅਵਾਰਾ ਕੁੱਤਿਆਂ ਦੇ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਬਣੀ ਹੋਈ ਹੈ ।ਤਾਜ਼ਾ ਮਾਮਲਾ ਧਾਰੀਵਾਲ ਗਾਂਧੀ ਗਰਾਉਂਡ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਗਾਂਧੀ ਗਰਾਉਂਡ ਦੇ ਵਿੱਚ ਇੱਕ ਸਰਕਾਰੀ ਸਕੂਲ ਵੀ ਹੈ ਅਤੇ ਉਸਦੇ ਨਾਲ ਹੀ ਮੰਦਰ ਵੀ ਹੈ ਜਦ ਲੋਕ ਮੰਦਰ ਵਿੱਚ ਨਤਮਸਤਕ ਹੋਣ ਜਾਂਦੇ ਹਨ ਅਤੇ ਬੱਚੇ ਸਕੂਲ ਵਿੱਚ ਜਾਂਦੇ ਹਨ ਤਾਂ ਕੁੱਤਿਆਂ ਦੇ ਝੁੰਡ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ। ਜਿਸ ਨਾਲ ਕਈ ਬੱਚੇ ਵੀ ਜਖਮੀ ਹੋਏ ਹਨ। ਤਾਜੀ ਘਟਨਾ ਵਿੱਚ ਸਮਾਜ ਸੇਵੀ ਆਗੂ ਮੁੱਖਵੰਤ ਸਿੰਘ ਨਾਗੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰ ਰਹੇ ਸਨ ਤਾਂ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਹਨਾਂ ਨੂੰ ਘੇਰ ਲਿਆ। ਉਸਦੇ ਸਰੀਰ ਦੇ ਉੱਪਰ ਕਈ ਜਗਹਾ ਦੰਦ ਮਾਰ ਕੇ ਜਖਮ ਕਰ ਦਿੱਤੇ। ਉਹਨਾਂ ਵੱਲੋਂ ਰੋਲਾ ਪਾਉਣ ਤੇ ਰਾਹਗੀਰਾਂ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਛਡਵਾਇਆ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਾਬਕਾ ਨਗਰ ਕੌਂਸਲ ਪ੍ਰਧਾਨ ਸਤੀਸ਼ ਸ਼ਰਮਾ ਨੇ ਦੱਸਿਆ ਕਿ ਧਾਰੀਵਾਲ ਦੀ ਗਾਂਧੀ ਗਰਾਉਂਡ ਵਿੱਚ ਅਵਾਰਾ ਕੁੱਤਿਆਂ ਦੀ ਪੂਰੀ ਦਹਿਸ਼ਤ ਬਣੀ ਹੋਈ ਹੈ। ਅਤੇ ਇਹਨਾਂ ਦਾ ਸ਼ਿਕਾਰ ਮੁਹੱਲੇ ਦੇ ਕਈ ਵਾਸੀ ਜੇ ਨਾਲ ਨਾਲ ਸਕੂਲ ਵਿੱਚ ਪੜਦੇ ਬੱਚੇ ਅਤੇ ਸਟਾਫ ਵੀ ਹੋ ਚੁੱਕੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਨਗਰ ਕੌਂਸਲ ਧਾਰੀਵਾਲ ਅਧਿਕਾਰੀਆਂ ਨੂੰ ਕਈ ਵਾਰੀ ਲਿਖਤੀ ਰੂਪ ਵਿੱਚ ਸ਼ਿਕਾਇਤ ਪੱਤਰ ਦਿੱਤੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ ।ਸ਼ਹਿਰ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਹੈ ਕਿ ਇਹ ਆਵਾਰਾ ਕੁੱਤਿਆਂ ਦੇ ਝੁੰਡ ਨੂੰ ਫੜ ਕੇ ਕਿਸੇ ਢੁੱਕਵੀਂ ਜਗ੍ਹਾ ਤੇ ਭੇਜਿਆ ਜਾਵੇ।
Total Responses : 25572