ਅੰਬਾਲਾ -ਚੰਡੀਗੜ੍ਹ ਕੌਮੀ ਮਾਰਗ 'ਤੇ ਟਰੈਫਿਕ ਕੰਟਰੋਲ ਕਰਨਾ ਵੱਡੀ ਚੁਣੌਤੀ
ਦਿਨ-ਰਾਤ ਮਿਹਨਤ ਕਰ ਰਹੀ ਹੈ ਲੈਹਲੀ ਵਾਲੀ ਟ੍ਰੈਫਿਕ ਟੀਮ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਜੂਨ 2024: ਹਰਿਆਣਾ ਸਰਕਾਰ ਵੱਲੋਂ ਅੰਬਾਲਾ -ਲੁਧਿਆਣਾ ਕੌਮੀ ਮਾਰਗ ਉਪਰ ਪੈਂਦੇ ਸੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਨ ਤੋਂ ਬਾਅਦ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਵਧੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਸਥਾਨਕ ਟ੍ਰੈਫਿਕ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ।ਇਸ ਸਮੇਂ ਹਾਲਾਤ ਇਹ ਹਨ ਕਿ ਜੇਕਰ ਟ੍ਰੈਫਿਕ ਮੁਲਾਜ਼ਮ ਇੱਕ ਮਿੰਟ ਲਈ ਵੀ ਲਾਲੜੂ ਦੇ ਆਈਟੀਆਈ ਚੌਕ ਵਰਗੇ ਨਾਜ਼ੁਕ ਸਥਾਨਾਂ ਤੋਂ ਹਟ ਜਾਣ ਤਾਂ ਇਸ ਸਮੇਂ ਦਰਮਿਆਨ ਵਿੱਚ ਹੀ ਵੱਡਾ ਹਾਦਸਾ ਜਾਂ ਵਾਹਨ ਚਾਲਕਾਂ ਵਿੱਚ ਲੜਾਈ -ਝਗੜਾ ਹੋ ਸਕਦਾ ਹੈ।ਸੰਭੂ ਬਾਰਡਰ ਸੀਲ ਹੋਣ ਕਾਰਨ ਖੇਤਰ ਦੀਆਂ ਸੜਕਾਂ ਵੀ ਜਾਮ ਦੀ ਮਾਰ ਹੇਠ ਹਨ ਤੇ ਹਰ ਸੜਕ ਕੌਮੀ ਮਾਰਗ ਵਰਗਾ ਹੀ ਪ੍ਰਭਾਵ ਦੇ ਰਹੀ ਹੈ ਪਰ ਇਸ ਦੇ ਬਾਵਜੂਦ ਇਸ ਸਮੇਂ ਲੈਹਲੀ ਟ੍ਰੈਫਿਕ ਇੰਚਾਰਜ ਜਸਬੀਰ ਸਿੰਘ ਪੂਰੀ ਮੁਸਤੈਦੀ ਨਾਲ ਟ੍ਰੈਫਿਕ ਕੰਟਰੋਲ ਕਰਨ ਵਿੱਚ ਡਟੇ ਹੋਏ ਹਨ।ਜਸਬੀਰ ਸਿੰਘ ਆਪਣੀ ਟੀਮ ਨਾਲ ਕਦੇ ਲੈਹਲੀ ਫਾਟਕ ਤੇ ਕਦੇ ਆਈਟੀਆਈ ਚੌਕ ਉਤੇ ਖੜ੍ਹੇ ਹੀ ਮਿਲਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੀ ਸਰਵਿਸ ਦੌਰਾਨ ਕਦੇ ਵੀ ਇਸ ਕਦਰ ਟ੍ਰੈਫਿਕ ਤੇ ਐਨਾ ਸਮਾਂ ਕੋਈ ਸੜਕ ਬੰਦ ਨਹੀਂ ਵੇਖੀ।ਜਸਬੀਰ ਸਿੰਘ ਮੁਤਾਬਕ ਜਿੱਥੇ ਲੈਹਲੀ ਰੇਲਵੇ ਫਾਟਕ ਬੰਦ ਹੋਣ ਕਾਰਨ ਵੱਡੀ ਪ੍ਰੇਸ਼ਾਨੀ ਹੁੰਦੀ ਹੈ,ਉੱਥੇ ਹੀ ਬਿਜਲੀ ਚੱਲੇ ਜਾਣ ਕਾਰਨ ਆਈਟੀਆਈ ਚੌਕ ਦੀਆਂ ਲਾਈਟਾਂ ਉਤੇ ਸਾਰਾ ਸਿਸਟਮ ਹੀ ਅਸਥ -ਵਿਅਸਥ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਕਈ ਵਾਰ ਜਿੱਥੇ ਚਾਹ-ਪਾਣੀ ਪੀਣ ਦਾ ਵੀ ਸਮਾਂ ਨਹੀਂ ਮਿਲਦਾ, ਉੱਥੇ ਕਈ ਵਾਰ ਤਾਂ ਟ੍ਰੈਫਿਕ ਮੁਲਾਜ਼ਮਾਂ ਦੀ ਗੱਡੀ ਵਾਲਿਆਂ ਨਾਲ ਝੜੱਪ ਵੀ ਹੋ ਜਾਂਦੀ ਹੈ ਪਰ ਇਸ ਦੇ ਬਾਵਜੂਦ ਸ਼ਾਂਤੀ ਨਾਲ ਡਿਊਟੀ ਕਰਨੀ ਪੈਂਦੀ ਹੈ,ਕਿਉਂਕਿ ਇੱਕ ਮਿੰਟ ਦੀ ਗੜਬੜ ਹੀ ਕਈ ਘੰਟਿਆਂ ਦਾ ਜਾਮ ਲਗਵਾ ਦਿੰਦੀ ਹੈ।ਜਸਵੀਰ ਸਿੰਘ ਮੁਤਾਬਕ ਟ੍ਰੈਫਿਕ ਕੰਟਰੋਲ ਕਰਨ ਵਿੱਚ ਜਿੱਥੇ ਉਨ੍ਹਾਂ ਦੇ ਸਾਰੇ ਸਹਿਯੋਗੀ ਪੂਰਾ ਤਾਲਮੇਲ ਕਰਦੇ ਹਨ ,ਉੱਥੇ ਉੱਚ ਅਧਿਕਾਰੀ ਵੀ ਗੱਲ ਨੂੰ ਧਿਆਨ ਨਾਲ ਸੁਣਦਿਆਂ ਸਮੱਸਿਆ ਦੂਰ ਕਰਦੇ ਹਨ।ਉਨ੍ਹਾਂ ਕਿਹਾ ਕਿ ਕਈ ਵਾਰ ਮੁਲਾਜ਼ਮ ਸਾਥੀਆਂ ਦੀ ਵੀਆਈਪੀ ਡਿਊਟੀ ਲੱਗਣ ਤੇ ਵੀਆਈਪੀ ਰੂਟ ਲੰਘਣ ਸਮੇਂ ਵੱਡੀ ਪ੍ਰੇਸ਼ਾਨੀ ਹੋ ਜਾਂਦੀ ਹੈ।ਹਾਲਾਂਕਿ ਹੁਣ ਟ੍ਰੈਫਿਕ ਮੁਲਾਜ਼ਮਾਂ ਦੀਆਂ ਬਦਲੀਆਂ ਵੀ ਜਸਬੀਰ ਸਿੰਘ ਦੀ ਟੀਮ ਦਾ ਕੰਮ ਵਧਾ ਰਹੀਆਂ ਹਨ।ਇਸ ਲਈ ਉਨ੍ਹਾਂ ਇਸ ਕੌਮੀ ਮਾਰਗ ਉਤੇ ਟ੍ਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੇ ਸਾਧਨ ਸਾਵਧਾਨੀ ਨਾਲ ਚਲਾਉਣ ਨੂੰ ਤਰਜੀਹ ਦੇਣ।