ਦੋ ਦਿਨਾਂ ਵਿੱਚ ਹੋਵੇਗਾ ਜਗਰਾਓ ਸ਼ਹਿਰ ਕੂੜਾ ਮੁਕਤ - ਈਓ
ਦੀਪਕ ਜੈਨ
ਜਗਰਾਓ, 24 ਅਕਤੂਬਰ 2024 - ਰੋਸ਼ਨੀਆ ਦੇ ਸ਼ਹਿਰ ਜਗਰਾਉਂ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਦੁਖੀ ਸ਼ਹਿਰ ਨਿਵਾਸੀਆਂ ਨੇ ਆਪਣੇ-ਆਪਣੇ ਵਾਰੜਾ ਦੇ ਕੌਂਸਲਰਾਂ ਕੋਲ ਆਪਣਾ ਰੋਣਾ ਰੋਇਆ ਤਾਂ ਕੌਂਸਲਰਾਂ ਨੇ ਵੀ ਐਕਸ਼ਨ ਲੈਂਦੇ ਹੋਏ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਕੂੜਾ ਚਕਾਉਣ ਲਈ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਮੰਗ ਪੱਤਰ ਦੇਣ ਸਮੇਂ ਕੌਂਸਲਰਾਂ ਨੇ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਦੋ ਦਿਨਾਂ ਵਿੱਚ ਕੂੜਾ ਨਾ ਚੱਕਿਆ ਗਿਆ ਤਾਂ ਕੌਂਸਲਰ ਖੁਦ ਕੂੜੇ ਨੂੰ ਚੁੱਕ ਕੇ ਨਗਰ ਕੌਂਸਲ ਵਿੱਚ ਸਿੱਟਣਗੇ, ਜਿਸਦੇ ਚਲਦੇ ਕਾਰਜ ਸਾਧਕ ਅਫਸਰ ਵੱਲੋਂ ਦਿੱਤਾ ਸਮਾਂ ਪੂਰਾ ਹੋਣ ਤੇ ਅੱਜ ਫਿਰ ਕੌਂਸਲਰਾਂ ਦਾ ਵਫਦ ਕਾਰਜ ਸਾਦਕ ਅਫਸਰ ਨੂੰ ਮਿਲਿਆ ਤਾਂ ਰੰਧਾਵਾ ਨੇ ਕੌਂਸਲਰਾਂ ਤੋਂ ਦੋ ਦਿਨ ਦਾ ਹੋਰ ਸਮਾਂ ਮੰਗਿਆ ਜਿਸ ਤੇ ਕੌਂਸਲਰਾਂ ਨੇ ਵੀ ਸਹਿਮਤੀ ਜਤਾਈ।
ਕੂੜੇ ਦੇ ਢੇਰਾਂ ਨੂੰ ਲੈ ਕੇ ਨਗਰ ਕੌਂਸਲ ਦੇ ਕਾਰਜ ਸਾਦਕ ਅਫਸਰ ਰੰਧਾਵਾ ਨੇ ਕੌਂਸਲਰਾਂ ਨੂੰ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ 78 ਪਿੱਟਾਂ ਹਨ, ਜਿੱਥੇ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕੀਤਾ ਜਾਂਦਾ ਹੈ ਅਤੇ ਇਹ 78 ਪਿੱਟਾਂ ਸਾਰੇ ਸਫਾਈ ਸੇਵਕਾਂ ਨੂੰ ਅਲੱਗ-ਅਲੱਗ ਅਲਾਰਟ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਖੁਦ ਹੁਣ ਗਿੱਲੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਕਰਨਗੇ। ਰੰਧਾਵਾ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਨਗਰ ਕੌਂਸਲ ਦੇ ਵਾਹਨ ਵਿੱਚ ਗਿਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਪੌਣ ਤਾਂ ਜੋ ਉਹਨਾਂ ਦੇ ਸਹਿਯੋਗ ਨਾਲ ਜਗਰਾਓ ਸ਼ਹਿਰ ਨੂੰ ਕੂੜਾ ਮੁਕਤ ਕਰਕੇ ਸਾਫ ਸੁਥਰਾ ਕੀਤਾ ਜਾ ਸਕੇ।