ਨਹੀਂ ਰੁਕ ਰਹੀ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ- ਭੋਜਰਾਜ
ਰੋਹਿਤ ਗੁਪਤਾ
ਗੁਰਦਾਸਪੁਰ/ਡੇਰਾ ਬਾਬਾ ਨਾਨਕ 30 ਅਕਤੂਬਰ :ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਿਸਾਨਾਂ ਦੀ ਲੁੱਟ ਖ਼ਸੁੱਟ ਨਿਰੰਤਰ ਜਾਰੀ ਹੈ।
ਕੁਝ ਕਿਸਾਨਾਂ ਨੇ ਕਿਸਾਨ ਜਥੇਬੰਦੀ ਨੂੰ ਸ਼ਿਕਾਇਤ ਕੀਤੀ ਕਿ ਆੜਤੀਆਂ ਵੱਲੋਂ ਉਹਨਾਂ ਨੂੰ 17% ਨਮੀਂ ਵਾਲੀ ਪਰਮਲ ਦਾ ਪੂਰਾ ਰੇਟ ਨਹੀਂ ਦਿੱਤਾ ਜਾ ਰਿਹਾ। ਜਿਸ ਦੀ ਅੱਜ ਸ਼ਿਕਾਇਤ ਕਰਨ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਸਕੱਤਰ ਸੁਰਿੰਦਰ ਸਿੰਘ ਕੋਲ ਦਫਤਰ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਪੂਰਾ ਇੱਕ ਮਹੀਨਾ ਬੀਤ ਗਿਆ ਹੈ ਅਤੇ ਇਕ ਵੀ ਕਿਸਾਨ ਦੀ ਫਸਲ 2230 ਰੁਪਏ ਨੂੰ ਨਹੀਂ ਵਿਕੀ। ਹਰੇਕ ਕਿਸਾਨ ਨੂੰ 6 ਤੋਂ 20% ਜਿਨਸ ਕੱਟ ਕੇ ਪੈਸੇ ਦਿੱਤੇ ਜਾ ਰਹੇ ਹਨ। ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਫਗਵਾੜਾ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਹੋਈ ਮੀਟਿੰਗ ਵਿੱਚ ਵੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਝੂਠੇ ਸਾਬਤ ਹੋਏ ਅੱਜ ਤੱਕ ਜ਼ਮੀਨੀ ਪੱਧਰ ਉੱਤੇ ਕਿਸਾਨਾਂ ਨੂੰ ਪੂਰਾ ਭਾਅ ਨਹੀਂ ਮਿਲਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਆੜਤੀਆਂ,ਮਾਰਕਿਟ ਕਮੇਟੀ ਦੇ ਅਧਿਕਾਰੀਆਂ ਅਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਗੱਲਬਾਤ ਕਰਕੇ ਖਰੀਦ ਪ੍ਰਬੰਧ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਕੋਸ਼ਿਸ਼ ਵੀ ਅਸਫਲ ਰਹੀ। ਸੋ ਕਿਸਾਨਾਂ ਦੀ ਹੋ ਰਹੀ ਇਸ ਲੁੱਟ ਵਿੱਚ ਪੰਜਾਬ ਸਰਕਾਰ ਅਤੇ ਸੈਲਰ ਮਾਲਕ ਜਿੰਮੇਵਾਰ ਹਨ ਪਰ ਖਰੀਦ ਏਜੰਸੀਆਂ ਅਤੇ ਆੜਤੀ ਵਰਗ ਵੀ ਕਿਸਾਨਾਂ ਦੀ ਜੇਬ ਵਿੱਚੋਂ ਮੋਟੀ ਰਕਮ ਕੱਢ ਕੇ ਉੱਪਰ ਨੂੰ ਪਹੁਚਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਰਚੀ ਗਈ ਸਾਜਿਸ਼ ਤਹਿਤ ਸਰਕਾਰੀ ਮੰਡੀਕਰਨ ਸਿਸਟਮ ਨੂੰ ਤੋੜ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੀ ਕਵਾਇਦ ਵੱਲ ਨੂੰ ਤੇਜ਼ੀ ਨਾਲ ਵਧਿਆ ਜਾ ਰਿਹਾ ਹੈ। ਮੀਟਿੰਗ ਅਸਫਲ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਨੇ ਤਹਿਸੀਲਦਾਰ ਡੇਰਾ ਬਾਬਾ ਨਾਨਕ ਅੰਮ੍ਰਿਤਬੀਰ ਸਿੰਘ, ਏ ਐੱਫ ਐੱਸ ਓ ਜਸਮੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ,ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰ ਸਿੰਘ, ਕਿਸਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਅਤੇ ਵੱਖ-ਵੱਖ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਨਾਲ ਲੈ ਕੇ ਮੰਡੀ ਦਾ ਦੌਰਾ ਕਰਕੇ ਪਰਮਲ ਦੀਆਂ ਢੇਰੀਆਂ ਦਾ ਮੁਆਇਸਚਰ ਚੈੱਕ ਕੀਤਾ ਅਤੇ ਸੁੱਕੀਆਂ ਢੇਰੀਆਂ ਦਾ ਕਿਸਾਨਾਂ ਨੂੰ ਪੂਰਾ ਸਰਕਾਰੀ ਭਾਅ ਦਿਵਾਉਣ ਲਈ ਏ ਐੱਫ ਐੱਸ ਓ ਨੂੰ ਪਾਬੰਧ ਕੀਤਾ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਅਸੀਂ ਆੜਤੀ ਅਤੇ ਸਰਕਾਰੀ ਮੰਡੀਕਰਨ ਸਿਸਟਮ ਨੂੰ ਬਚਾਉਣ ਲਈ ਗੰਭੀਰਤਾ ਨਾਲ ਸੰਘਰਸ਼ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਤਨਦੇਹੀ ਨਾਲ ਲੜਦੇ ਰਹਾਂਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੇ ਕੀਤੇ ਵਾਅਦਿਆਂ ਅਨੁਸਾਰ ਖਰੀਦ ਪ੍ਰਬੰਧ ਤੁਰੰਤ ਦਰੁਸਤ ਕਰਨੇ ਚਾਹੀਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੇਚੀ ਜਾਣ ਵਾਲੀ ਫਸਲ ਪੂਰੇ ਸਰਕਾਰੀ ਭਾਅ ਦੇ ਉੱਤੇ ਵਿਕਣੀ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਜੋ ਫਸਲ ਮਜਬੂਰਨ ਕਿਸਾਨ ਘਾਟੇ ਵਿੱਚ ਵੇਚ ਚੁੱਕੇ ਹਨ ਉਹਨਾਂ ਦੀ ਭਰਭਾਈ ਕਰਨ ਲਈ ਤੁਰੰਤ ਯੋਗ ਉਪਰਾਲੇ ਆਰੰਭ ਕਰਨੇ ਚਾਹੀਦੇ ਹਨ।
ਇਸ ਮੌਕੇ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ, ਜਥੇਬੰਦੀ ਦੇ ਸੂਬਾਈ ਆਗੂ ਸਤਿੰਦਰ ਸਿੰਘ ਭਗਠਾਣਾ, ਸ਼ੇਰ ਅਮਰਜੀਤ ਸਿੰਘ ਡੇਰਾ ਬਾਬਾ ਨਾਨਕ, ਲਵਜੀਤ ਸਿੰਘ ਭਡਵਾਂ, ਸੁਖਵਿੰਦਰ ਸਿੰਘ ਜੌੜੀਆਂ ਕਲਾਂ ਸ਼ਾਮਿਲ ਰਹੇ।