ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੋਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਿਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 30 ਅਕਤੂਬਰ 2024 :ਮਾਣਯੋਗ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਦੀਆਂ ਹਦਾਇਤਾਂ ਅਨੁਸਾਰ ਤਿਉਹਾਰਾਂ ਮੌਕੇ ਗ੍ਰੀਨ ਪਟਾਕੇ ਹੀ ਨਿਰਧਾਰਿਤ ਸਮੇਂ ਅੰਦਰ ਚਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਿਸੇ ਵੀ ਸਮੇਂ ਜਾ ਕਿਸੇ ਹੋਰ ਦਿਨ ਪਟਾਕੇ ਚਲਾਉਣ 'ਤੇ ਪਾਬੰਦੀ ਲਾਗੂ ਰਹੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਵੱਲੋਂ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਤਿਉਹਾਰਾਂ ਮੌਕੇ ਚਲਾਏ ਜਾਣ ਵਾਲੇ ਗ੍ਰੀਨ ਪਟਾਕਿਆਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ, ਜਿਸ ਤਹਿਤ ਦੀਵਾਲੀ ਮੌਕੇ 31 ਅਕਤੂਬਰ 2024 ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ, ਗੁਰਪੁਰਬ 15 ਨਵੰਬਰ 2024 ਨੂੰ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਹੈ।
ਇਸ ਤੋਂ ਇਲਾਵਾ ਕ੍ਰਿਸਮਸ (25-26 ਦਸੰਬਰ) ਅਤੇ ਨਵੇਂ ਸਾਲ (31 ਦਸੰਬਰ ਅਤੇ 1 ਜਨਵਰੀ) ਦੀ ਪੂਰਵ ਸੰਧਿਆ 'ਤੇ ਰਾਤ 11:55 ਤੋਂ 12:30 ਵਜੇ ਦੇ ਸਮੇਂ ਦੌਰਾਨ ਸਿਰਫ਼ ਗ੍ਰੀਨ ਪਟਾਕੇ ਚਲਾਉਣ/ਵਜਾਉਣ ਅਤੇ ਉਕਤ ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨਾਂ ਵਿਚ ਆਮ ਤੌਰ 'ਤੇ ਪਬਲਿਕ ਵੱਲੋਂ ਪਟਾਕੇ, ਆਤਿਸ਼ਬਾਜ਼ੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਇਸ ਸੰਭਾਵਿਤ ਖ਼ਤਰੇ ਤੋਂ ਬਚਣ ਲਈ ਪਟਾਕੇ, ਆਤਿਸ਼ਬਾਜ਼ੀ ਆਦਿ ਬਨਾਉਣ, ਸਟੋਰ ਕਰਨ ਅਤੇ ਖ਼ਰੀਦਣ-ਵੇਚਣ ਨੂੰ ਨਿਯਮਤ ਕਰਨਾ ਅਤਿ ਜ਼ਰੂਰੀ ਹੈ।