ਪੁਲਿਸ ਭਰਤੀ ਪ੍ਰੀਖਿਆ ਲਈ ਮੁਫਤ ਕੋਚਿੰਗ ਕਲਾਸ ਹੋਵੇਗੀ ਅਰੰਭ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 30 ਜੂਨ 2024 : ਪੁਲਿਸ ਭਰਤੀ ਪ੍ਰੀਖਿਆ ਕੋਚਿੰਗ ਲਈ ਜਿਨ੍ਹਾਂ ਸਿਖਿਆਰਥੀਆਂ ਵਲੋਂ ਆਪਣੀ ਰਜਿਸਟ੍ਰੇਸ਼ਨ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਵਿਖੇ ਕਰਵਾਈ ਗਈ ਹੈ ਉਨ੍ਹਾਂ ਸਭ ਮੈਂਬਰਾਂ ਲਈ ਕੋਚਿੰਗ ਕਲਾਸ ਦੀ ਅਰੰਭਤਾ 01-07-2024 ਦਿਨ ਸੋਮਵਾਰ ਬਾਅਦ ਦੁਪਹਿਰ 03:00 ਵਜੇ ਤੋਂ ਖਾਲਸਾ ਸਕੂਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਵਿਖੇ ਚਲ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਪ੍ਰੋਜੈਕਟ ਇੰਚਾਰਜ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ ਕਿ ਇਸ ਸਬੰਧ ਵਿਚ ਸਮੂਹ ਸਿੱਖਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਭਰਤੀ ਲਈ ਪ੍ਰੀਖਿਆ ਜੁਲਾਈ ਮਹੀਨੇ ਤੋਂ ਹੀ ਅਰੰਭ ਹੋ ਰਹੀ ਹੈ ਜੋ ਕਿ ਅਗੱਸਤ ਮਹੀਨੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਕੋਚਿੰਗ ਕਲਾਸ ਦਾ ਵਕਫਾ ਛੋਟਾ ਰਹੇਗਾ ਮਗਰ ਪ੍ਰੀਖਿਆਰਥੀਆਂ ਨੂੰ ਐਨ ਮੌਕੇ ਸਿਰ ਦਿੱਤੀ ਗਈ ਕੋਚਿੰਗ ਕਾਫੀ ਲਾਹੇਵੰਦ ਰਹੇਗੀ। ਉਨ੍ਹਾਂ ਨੇ ਪਹਿਲਾਂ ਕੋਚਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਅਗਰ ਚਾਹੁੰਣ ਤਾਂ ਉਹ ਵੀ ਦੁਬਾਰਾ ਕਲਾਸ ਵਿਚ ਭਾਗ ਲੈ ਸਕਦੇ ਹਨ। ਉਨ੍ਹਾਂ ਵਲੋਂ ਸਾਰੇ ਨਵੇਂ ਸਿੱਖਿਆਰਥੀਆਂ ਨੂੰ ਬਿਨਾਂ ਕਿਸੇ ਜਰੂਰੀ ਵਜ੍ਹਾ ਦੇ ਕਲਾਸ ਵਿਚੋਂ ਗੈਰਹਾਜ਼ਰ ਨਾ ਹੋਣ ਦੀ ਹਦਾਇਤ ਕੀਤੀ ਕਿਉਂਕਿ ਸਮਾਂ ਘੱਟ ਹੋਣ ਕਾਰਨ ਹਰ ਦਿਨ ਕੀਮਤੀ ਰਹੇਗਾ। ਉਨ੍ਹਾਂ ਕਿਹਾ ਕਿ ਕੋਚਿੰਗ ਸਟਾਫ ਨੂੰ ਵੀ ਜੀਅ ਜਾਨ ਲਾ ਕੇ ਤਿਆਰੀ ਕਰਵਾਉਣ ਲਈ ਬੇਨਤੀ ਕੀਤੀ ਗਈ ਹੈ।
ਅੰਤ ਵਿੱਚ ਉਨਾਂ ਕਿਹਾ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਹਰ ਨੌਜਵਾਨ ਨੂੰ ਦੇਸ਼ ਵਿਚ ਰਹਿ ਕੇ ਆਪਣਾ ਭਵਿੱਖ ਸੰਵਾਰਣ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹੇਗੀ।