ਸ਼ਕਤੀ ਪ੍ਰਦਰਸ਼ਨ ਦੌਰਾਨ ਇਕੱਠ ਕਰਨ 'ਚ ਫੇਲ੍ਹ ਰਿਹਾ ਅਕਾਲੀ ਦਲ ਬਠਿੰਡਾ ਸ਼ਹਿਰੀ
ਅਸ਼ੋਕ ਵਰਮਾ
ਬਠਿੰਡਾ ,5ਨਵੰਬਰ 2024:ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕਿਸਾਨੀ ਮਸਲਿਆਂ ਨੂੰ ਲੈ ਕੇ ਹਲਕਾ ਪੱਧਰੀ ਸ਼ਕਤੀ ਪ੍ਰਦਰਸ਼ਨਾਂ ਦੌਰਾਨ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਮੌਜੂਦਗੀ ਵਿੱਚ ਬਠਿੰਡਾ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ਇਕੱਠ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਿਹਾ। ਇਹ ਪ੍ਰੋਗਰਾਮ ਝੋਨੇ ਦੀ ਸਹੀ ਖਰੀਦ ਨਾ ਹੋਣ ,ਲਿਫਟਿੰਗ ਨਾ ਹੋਣ, ਡੀਏਪੀ ਖਾਦ ਦੀ ਕਮੀ, ਮਿਰਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਮੁਆਵਜ਼ਾ, ਫਸਲਾਂ ਤੇ ਪੂਰਨ ਐਮਐਸਪੀ ਦੀ ਗਰੰਟੀ ਅਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਰੱਖਿਆ ਗਿਆ ਸੀ। ਇਸ ਮੌਕੇ ਸ਼ਹਿਰੀ ਅਕਾਲੀ ਦਲ ਦੇ ਮੁੱਖ ਆਗੂ ਤਾਂ ਹਾਜ਼ਰ ਸਨ ਪਰ ਆਮ ਵਰਕਰਾਂ ਨੇ ਇਸ ਧਰਨੇ ਪ੍ਰਦਰਸ਼ਨ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਰੌਚਕ ਪਹਿਲੂ ਇਹ ਵੀ ਹੈ ਕਿ ਜਦੋਂ ਸਰੂਪ ਚੰਦ ਸਿੰਗਲਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਨ ਤਾਂ ਬਠਿੰਡਾ ਵਿੱਚ ਪਾਰਟੀ ਦੇ ਵੱਡੇ ਵੱਡੇ ਇਕੱਠ ਹੁੰਦੇ ਰਹੇ ਹਨ ਪਰ ਪਿਛਲੇ ਕੁੱਝ ਸਮੇਂ ਦੌਰਾਨ ਧਰਨੇ ਪ੍ਰਦਰਸ਼ਨਾਂ ਦਾ ਗਰਾਫ ਹੇਠਾਂ ਵੱਲ ਨੂੰ ਹੀ ਗਿਆ ਹੈ।
ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਗਵਰਨਰ ਦੇਸ਼ ਦੇ ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤੇ ਗਏ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਬਠਿੰਡਾ ਦਿਹਾਤੀ ਅਤੇ ਬਠਿੰਡਾ ਸ਼ਹਿਰੀ ਦੀ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਦੇ ਗੇਟ ਮੂਹਰੇ ਪਾਰਕ ਵਿੱਚ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਤੇ ਕਿਸਾਨ ਵਿਰੋਧੀ ਨੀਤੀਆਂ ਅਪਣਾਉਣ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਜਿੰਮੇਵਾਰ ਦੱਸਿਆ। ਇਸ ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਗਿਆ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਕਾਰ ਸਿੰਘ ਬਰਾੜ ਦਲਜੀਤ ਸਿੰਘ ਬਰਾੜ ਬਲਜੀਤ ਸਿੰਘ ਬੀੜ ਬਹਿਮਨ ਨਿਰਮਲ ਸਿੰਘ ਸੰਧੂ ਰਾਜਵਿੰਦਰ ਸਿੰਘ ਸਿੱਧੂ ਚਮਕੌਰ ਸਿੰਘ ਮਾਨ ਅਤੇ ਵਪਾਰੀ ਆਗੂ ਵਿਨੋਦ ਕੁਮਾਰ ਗਰਗ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਰੁਲ ਰਿਹਾ ਹੈ ਪਰ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਮੁੱਖ ਮੰਤਰੀ ਆਪਣੀ ਮੌਜ ਮਸਤੀ ਵਿੱਚ ਉਲਝੇ ਹੋਏ ਹਨ ਜਦੋਂ ਕਿ ਉਹਨਾਂ ਨੂੰ ਮੰਡੀਆਂ ਵਿੱਚ ਰੁਲ ਰਹੇ ਕਿਸਾਨ ਦੀ ਸਾਰ ਲੈਣੀ ਚਾਹੀਦੀ ਸੀ।
ਇਸ ਮੌਕੇ ਬਬਲੀ ਢਿੱਲੋ ਯਾਦਵਿੰਦਰ ਸਿੰਘ ਆਜ਼ਾਦੀ ਗੁਰਲਾਭ ਸਿੰਘ ਢੇਲਵਾਂ ਅਤੇ ਜਗਸੀਰ ਸਿੰਘ ਜੱਗਾ ਕਲਿਆਣ ਆਦਿ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੇ ਅਨਭਨਾਰ ਵਿੱਚ 80 ਫੀਸਦੀ ਹਿੱਸਾ ਪਾਉਣ ਵਾਲੇ ਕਿਸਾਨ ਦੀ ਸਾਰ ਲੈਣ ਅਤੇ ਫਸਲਾਂ ਤੇ ਐਮਐਸਪੀ ਦੇਣ ਦੇ ਨਾਲ ਝੋਨੇ ਦੀ ਤੁਰੰਤ ਖਰੀਦ ਤੁਰੰਤ ਅਦਾਇਗੀ ਤੁਰੰਤ ਲਿਫਟਿੰਗ ਦੇ ਪ੍ਰਬੰਧ ਕੀਤੇ ਜਾਣ ਇਸ ਦੇ ਨਾਲ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਨੱਥ ਪਾਉਣ ਲਈ ਜਿੰਮੇਵਾਰੀ ਨਿਭਾਈ ਜਾਵੇ। ਇਸ ਮੌਕੇ ਆਗੂਆਂ ਨੇ ਦੋਸ਼ ਲਾਏ ਕਿ ਸਰਕਾਰ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਿਸ ਕਰਕੇ ਅੱਜ ਲੋਕ ਸਰਕਾਰ ਤੋਂ ਨਿਰਾਸ਼ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਯਤਨਸ਼ੀਲ ਹੋਣਗੇ ।