ਲਾਲੜੂ 'ਚ ਅਜੇ ਵੀ ਡੇਢ ਸੌ ਜੀਆਂ ਦਾ ਪਰਿਵਾਰ ਇਕੱਠਿਆਂ ਮਨਾਉਂਦਾ ਹੈ ਦੀਵਾਲੀ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਨਵੰਬਰ 2024: ਅੱਜ ਦੇ ਇਕੱਲਤਾ ਪੀੜਤ ਜੀਵਨ ਵਿੱਚ ਜਦੋਂ ਵਧੇਰੇ ਥਾਈਂ ਕੋਈ ਕਿਸੇ ਨੂੰ ਵੇਖ ਕੇ ਵੀ ਖੁਸ਼ ਨਹੀਂ ,ਉਦੋਂ ਲਾਲੜੂ ਵਿੱਚ ਅਜੇ ਵੀ ਇੱਕ ਮੁਹੱਲਾ ਅਜਿਹਾ ਹੈ ,ਜਿਸ ਦੇ ਸਾਰੇ ਪਰਿਵਾਰਾਂ ਵੱਲੋਂ ਹੁਣ ਵੀ ਇੱਕਜੁੱਟ ਹੋ ਕੇ ਦੀਵਾਲੀ ਮਨਾਈ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਲੜੂ ਦੇ ਧਨੋਰੇ ਵਾਲੇ ਪਰਿਵਾਰ ਵਿੱਚ ਸ਼ਾਮਲ ਲਾਲੜੂ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਸਿੰਘ ਰਾਣਾ ਨੇ ਦੱਸਿਆ ਕਿ ਲਾਲੜੂ ਦੀ ਗਾਦੜਾਂ ਵਾਲੀ ਪੱਤੀ ਵਿੱਚ ਇੱਕ ਪਰਿਵਾਰ ਧਨੋਰੇ ਵਾਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਹ ਪਰਿਵਾਰ ਕਰੀਬ ਡੇਢ ਸੌ ਕੁ ਸਾਲ ਪਹਿਲਾਂ ਧਨੋਰੇ ਤੋਂ ਆ ਕੇ ਲਾਲੜੂ ਵੱਸਿਆ ਸੀ ਤੇ ਉਦੋਂ ਤੋਂ ਹੀ ਇਸ ਪਰਿਵਾਰ ਵਿੱਚ ਇਕੱਠਿਆਂ ਦੀਵਾਲੀ ਮਨਾਈ ਜਾਂਦੀ ਹੈ । ਰਾਜਪੂਤ ਭਾਈਚਾਰੇ ਨਾਲ ਸਬੰਧਤ ਇਸ ਪਰਿਵਾਰ ਵਿੱਚ ਸਾਧਾਰਨ ਕਿਸਾਨ ਤੋਂ ਲੈ ਕੈ ਬੈਂਕ ਤੇ ਐਕਸਾਈਜ਼ ਵਿਭਾਗ 'ਚ ਉੱਚ ਅਧਿਕਾਰੀ ਅਤੇ ਸਿਆਸੀ ਆਗੂ ਤੱਕ ਸ਼ਾਮਲ ਹਨ। ਦੱਸਣਾ ਬਣਦਾ ਹੈ ਇਸ ਖੇਤਰ ਵਿੱਚ ਵਧੇਰੇ ਲੋਕਾਂ ਵੱਲੋਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪੋ-ਆਪਣੇ ਜਠੇਰਿਆਂ (ਬਜ਼ੁਰਗਾਂ ) ਦੀ ਯਾਦ 'ਚ ਮੱਥਾ ਟੇਕਿਆ ਜਾਂਦਾ ਹੈ । ਇਸ ਮੱਥੇ ਦੀ ਤਿਆਰੀ ਲਈ ਲੋਕ ਹਫਤਾ-ਹਫਤਾ ਪਹਿਲਾਂ ਆਪਣੇ ਜਠੇਰਿਆਂ ਲਈ ਬਣਾਏ ਸਥਾਨਾਂ ਦੀ ਸਾਫ-ਸਫਾਈ ਤੇ ਉਸ ਉਤੇ ਪੇਂਟ ਤੱਕ ਕਰਦੇ ਹਨ। ਇਸ ਉਪਰੰਤ ਦੀਵਾਲੀ ਵਾਲੇ ਦਿਨ ਜਾਂ ਕਈ ਵਾਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਨ੍ਹਾਂ ਜਠੇਰਿਆਂ ਨੂੰ ਖਿਚੜੀ -ਦਹੀ ਨਾਲ ਮੱਥਾ ਟੇਕਿਆ ਜਾਂਦਾ ਹੈ।ਬਦਲਦੇ ਸਮੇਂ ਮੁਤਾਬਕ ਲਗਾਤਾਰ ਪੈਸੇ ਤੇ ਜੀਆਂ ਪੱਖੋਂ ਸੰਪੰਨ ਪਰਿਵਾਰ ਇਸ ਤਿਓਹਾਰ ਨੂੰ ਇਕੱਲਿਆਂ ਮਨਾਉਣ ਨੂੰ ਤਰਜੀਹ ਦੇਣ ਲੱਗੇ ਹਨ ਪਰ ਅਜੇ ਵੀ ਇਹ ਧਨੋਰੇ ਵਾਲਾ ਪਰਿਵਾਰ ਇਕੱਠਾ ਹੋ ਕੇ ਆਪਣੇ ਖੇਤ ,ਜਿੱਥੇ ਉਨ੍ਹਾਂ ਜਠੇਰਿਆਂ ਦਾ ਸਾਂਝਾ ਸਥਾਨ ਬਣਾਇਆ ਹੋਇਆ ਹੈ ,ਉੱਥੇ ਹੀ ਖੁਦ ਖਿਚੜੀ ਤਿਆਰ ਕਰ ਕੇ ਮੱਥਾ ਟੇਕਦੇ ਹਨ। ਸੋਹਨ ਸਿੰਘ ਨੇ ਦੱਸਿਆ ਕਿ ਇਸ ਤਿਉਹਾਰ ਨੂੰ ਮਨਾਉਣ ਸਬੰਧੀ ਉਹ ਹਰ ਪਰਿਵਾਰ ਤੋਂ ਸਾਮਾਨ ਇਕੱਤਰ ਕਰਦੇ ਹਨ । ਉਨ੍ਹਾਂ ਦੱਸਿਆ ਕਿ ਅੱਜ ਦੀ ਭੀੜ -ਭਾੜ ਵਾਲੀ ਜਿੰਦਗੀ ਵਿੱਚ ਅਸੀਂ ਇੱਕ ਦਿਨ ਲਈ ਦੀਵਾਲੀ ਮੌਕੇ ਇਕੱਠੇ ਹੁੰਦੇ ਹਾਂ ਤੇ ਜੇ ਅਸੀਂ ਉਦੋ ਵੀ ਇੱਕਜੁੱਟ ਨਾ ਹੋ ਪਾਈਏ ਤਾਂ ਸਾਡਾ ਤਿਓਹਾਰ ਮਨਾਉਣ ਦਾ ਕੀ ਫਾਇਦਾ । ਉਨ੍ਹਾਂ ਸਭਨਾ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਦੀਵਾਲੀ ਮੌਕੇ ਆਪਸੀ ਗਿਲ਼ੇ -ਸ਼ਿਕਵੇ ਭੁਲਾ ਕੇ ਇੱਕ -ਜੁੱਟ ਹੋਣ ਤੇ ਸਭਨਾ ਨੂੰ ਖੁਸ਼ੀਆਂ ਵੰਡਣ।