ਲੰਮੀਂ ਦੀ ਕੀ ਥੰਮ੍ਹੀਂ ਗੱਡਣੀ ਸਾਡੀ ਮਧਰੋ ਸੋਨੇ ਦਾ ਗਹਿਣਾ ਬਣੀ ਮਧਰੇ ਕੱਦ ਦੀ ਮਜ਼ਬੂਰੀ
ਅਸ਼ੋਕ ਵਰਮਾ
ਬਠਿੰਡਾ, 22 ਸਤੰਬਰ 2024: ਕੋਈ ਜਮਾਨਾ ਸੀ ਜਦੋਂ ਪੰਜਾਬ ’ਚ ਜੰਮੀਆਂ ਕੁੜੀਆਂ ਦੇ ਕੱਦ ਲੰਮ ਸਲੰਮੇ ਹੁੰਦੇ ਸਨ ਜਿੰਨ੍ਹਾਂ ਦੀ ਤੁਲਣਾ ਸਰੂ ਨਾਲ ਕੀਤੀ ਜਾਂਦੀ ਸੀ ਪਰ ਹੌਲੀ ਹੌਲੀ ਇਹ ਸਭ ਵਕਤ ਦੀ ਗਰਦਿਸ਼ ’ਚ ਗੁੰਮ ਹੋਕੇ ਰਹਿ ਗਿਆ ਹੈ। ਕੋਈ ਚੰਦਰੀ ਨਜ਼ਰ ਲੱਗੀ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬਣ ਕੁੜੀਆਂ ਹੁਣ ਨਾਂ ਕੇਵਲ ਕੱਦ ਕਾਠ ਦੇ ਮਾਮਲੇ ’ਚ ਮਾਰ ਖਾਣ ਲੱਗੀਆਂ ਹਨ ਬਲਕਿ ਕੌੜੀ ਵੇਲ ਵਾਂਗੂ ਵਧਣ ਦੀ ਗੱਲ ਵੀ ਕਿਤਾਬੀ ਬਣਕੇ ਰਹਿ ਗਈ ਹੈ। ਪੁਰਾਣੇ ਵੇਲਿਆਂ ’ਚ ਕੋਈ ਕੁੜੀ ਮਧਰੀ ਹੁੰਦੀ ਤਾਂ ਇਸ ਨੂੰ ਇੱਕ ਤਰਾਂ ਨਾਲ ਮਿਹਣਾ ਜਿਹਾ ਹੀ ਮੰਨਿਆ ਜਾਂਦਾ ਸੀ ਪਰ ਹੁਣ ਤਾਂ ਲੰਬੇ ਕੱਦਾਂ ਦੀ ਥਾਂ ਮਧਰੇ ਕੱਦ ਵਾਲੀਆਂ ਕੁੜੀਆਂ ਦੀ ਭਰਮਾਰ ਹੋ ਗਈ ਹੈ।
ਇੱਥੇ ਹੀ ਬੱਸ ਨਹੀਂ ਪੰਜਾਬੀ ਕੁੜੀਆਂ ਦੀ ਪਹਿਲਾਂ ਵਾਲੀ ਸਿਹਤ ਵੀ ਨਹੀਂ ਰਹੀ ਅਤੇ ਨਾ ਉਹ ਰਵਾਇਤੀ ਜੁੱਸਾ ਜੋ ਕਦੇ ਪੰਜਾਬਣਾਂ ਦੀ ਸ਼ਾਨ ਹੋਇਆ ਕਰਦਾ ਸੀ। ਇਹ ਨਹੀਂ ਕਿ ਕੁੜੀਆਂ ਦਾ ਕੱਦ ਘਟਿਆ ਹੈ ਸਗੋਂ ਮੁੰਡੇ ਵੀ ਇਸ ਮਾਮਲੇ ’ਚ ਪਛੜੇ ਹਨ ਪਰ ਲੰਬੇ ਕੱਦਾਂ ਵਾਲਿਆਂ ਲਈ ਸਮੱਸਿਆ ਜਿਆਦਾ ਵਧੀ ਹੈ। ਇਸ ਦਾ ਅਸਰ ਪੰਜਾਬ ਸਮਾਜ ਦੇ ਸਮਾਜਿਕ ਢਾਂਚੇ ਤੇ ਵੀ ਪਿਆ ਦੇਖਿਆ ਜਾ ਸਕਦਾ ਹੈ। ਪਹਿਲਾਂ ਜਦੋਂ ਲੜਕੇ ਲੜਕੀ ਦੀ ਸ਼ਾਦੀ ਕਰਨੀ ਹੁੰਦੀ ਸੀ ਤਾਂ ਹੋਰਨਾਂ ਗੱਲਾਂ ਦੇ ਨਾਲ ਨਾਲ ਦੋਵਾਂ ਦਾ ਕੱਦ ਲਾਜਮੀ ਦੇਖਿਆ ਜਾਂਦਾ ਸੀ। ਹੁਣ ਜਦੋਂ ਬਰਾਬਰ ਦਾ ਕੱਣ ਨਹਂੀ ਮਿਲਦਾ ਤਾਂ ਮਜਬੂਰੀ ਵੱਸ ਇਸ ਗੱਲ ਨੂੰ ਅੱਖੋਂ ਪਰੋਖੇ ਕਰਨਾ ਪੈ ਰਿਹਾ ਹੈ ਜਿਸ ਦਾ ਅਸਰ ਅਕਸਰ ਹੀ ਦੇਖਿਆ ਜਾ ਸਕਦਾ ਹੈ।
ਕੁੜੀਆਂ ਦਾ ਕੱਦ ਮਧਰਾ ਹੋ ਰਿਹਾ ਹੈ ਇਸ ਦੀ ਪੁਸ਼ਟੀ ਪਿਛਲੇ ਸਾਲਾਂ ’ਚ ਪੰਜਾਬ ਪੁਲਿਸ ’ਚ ਹੋਈ ਭਰਤੀ ਵੀ ਕਰਦੀ ਹੈ ਜਿਸ ਦੀ ਛਾਣਬੀਣ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਸ ਦੌਰਾਨ ਬਹੁਤੀਆਂ ਕੁੜੀਆਂ ਕੱਦ ਘੱਟ ਹੋਣ ਕਾਰਨ ਪੁਲਿਸ ’ਚ ਭਰਤੀ ਨਾਂ ਹੋ ਸਕੀਆਂ ਜਦੋਂਕਿ ਬਾਹਰ ਹੋਣ ਵਾਲੀਆਂ ਕੁੜੀਆਂ ਦਾ ਅੰਕੜਾ ਵੀ ਵੱਡਾ ਸੀ। ਪੰਜਾਬ ਪੁਲਿਸ ’ਚ ਭਰਤੀ ਹੋਣ ਲਈ ਲੜਕੀਆਂ ਵਾਸਤੇ 5 ਫੁੱਟ 3 ਇੰਚ ਕੱਦ ਦੀ ਸ਼ਰਤ ਰੱਖੀ ਗਈ ਸੀ। ਜਦੋਂ ਕੱਦ ਦੀ ਮਿਣਤੀ ਕੀਤੀ ਤਾਂ ਅਧਿਕਾਰੀ ਵੀ ਦੰਗ ਰਹਿ ਗਏ ਕਿ ਕੱਦਾਵਾਰ ਕੁੜੀਆਂ ਕਿੱਧਰ ਗਈਆਂ। ਬਠਿੰਡਾ ’ਚ ਚੱਲੇ ਭਰਤੀ ਅਮਲ ਦੌਰਾਨ ਕਈ ਬੈਚ ਤਾਂ ਏਦਾਂ ਦੇ ਵੀ ਸਨ ਜਿੰਨ੍ਹਾਂ ਦੌਰਾਨ ਤੀਜਾ ਹਿੱਸਾ ਕੁੜੀਆਂ ਦੇ ਚੁਣੇ ਨਾਂ ਜਾਣ ਦਾ ਕਾਰਨ ਉਨ੍ਹਾਂ ਦਾ ਘੱਟ ਕੱਦ ਸੀ।
ਜਿੰਨ੍ਹਾਂ ਕੁੜੀਆਂ ਦਾ ਕੱਦ ਮਸਾਂ ਪੂਰਾ ਹੋਇਆ ਉਨ੍ਹਾਂ ਲਈ ਉੱਚੀ ਛਾਲ ਪਹਾੜ ਬਣ ਗਈ ਜਦੋਂਕਿ ਕਈ ਤਾਂ ਲੰਬੀ ਛਾਲ ਲਾਉਣ ਵੇਲੇ ਢਹਿ ਢੇਰੀ ਹੋ ਗਈਆਂ। ਇਸੇ ਤਰਾਂ ਭਰਤੀ ਮੌਕੇ 4 ਮਿੰਟਾਂ ’ਚ 8 ਸੌ ਮੀਟਰ ਦੌੜ ਲਾਉਣ ਦੀ ਸ਼ਰਤ ਰੱਖੀ ਗਈ ਸੀ ਪਰ ਵੱਡੀ ਗਿਣਤੀ ਕੁੜੀਆਂ ਦਾ 100 ਮੀਟਰ ਦੌੜਨ ਤੋਂ ਪਹਿਲਾਂ ਹੀ ਦਮ ਪੱਟਿਆ ਜਾਂਦਾ ਰਿਹਾ । ਸਾਲ 2011 ਵਿੱਚ ਮਈ ਮਹੀਨੇ ਦੌਰਾਨ ਗਰਮੀ ਨੂੰ ਦੇਖਦਿਆਂ ਸਰੀਰਕ ਪ੍ਰੀਖਿਆ ਦਾ ਸਮਾਂ ਸਵੇਰ ਦਾ ਸੀ। ਇਸ ਮੌਕੇ ਕਈ ਕੁੜੀਆਂ ਦੌੜ ਲਾਉਣ ਵੇਲੇ ਡਿੱਗ ਪਈਆਂ । ਬੇਰੁਜ਼ਗਾਰੀ ਦੇ ਇਸ ਦੌਰ ’ਚ ਵੱਡੀ ਗਿਣਤੀ ਕੁੜੀਆਂ ਦਾ ਪੱਕੇ ਰੁਜ਼ਗਾਰ ਦਾ ਸਪਨਾ ਇਸ ਕਾਰਨ ਟੁੱਟ ਗਿਆ ਕਿ ਉਹ ਸਿਹਤ ਪੱਖੋਂ ਵੀ ਮਾਰ ਖਾ ਗਈਆਂ ਅਤੇ ਕੱਦ ਵੀ ਮਧਰਾ ਸੀ।
ਪੁਰਾਤਨ ਜੁੱਸਾ ਖਤਮ ਹੋਇਆ
ਪੁਲਿਸ ਭਰਤੀ ਨਾਲ ਜੁੜੇ ਰਹੇ ਇੱਕ ਸੇਵਾਮੁਕਤ ਅਧਿਕਾਰੀ ਨੇ ਦੱਸਿਆ ਕਿ ਪੰਜਾਬੀ ਕੁੜੀਆਂ ਦਾ ਸਰੀਰਕ ਜੁੱਸਾ ਪਹਿਲਾਂ ਵਾਲਾ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਅੱਖੀਂ ਦੇਖਿਆ ਬਿਰਤਾਂਤ ਹੈ ਕਿ ਪੁਲਿਸ ਭਰਤੀ ਦੌਰਾਨ ਲੜਕੀਆਂ ਨੂੰ ਸਭ ਤੋਂ ਵੱਡੀ ਮਾਰ ਕੱਦ ’ਚੋਂ ਪਈ ਹੈ । ਉਨ੍ਹਾਂ ਕਿਹਾ ਕਿ ਸਰੂ ਵਰਗੇ ਕੱਦ ਦੀ ਹੁਣ ਗੱਲ ਹੀ ਕੀਤੀ ਜਾਂਦੀ ਹੈ ਪਰ ਲੰਬੀਆਂ ਕੁੜੀਆਂ ਦੇਖਣ ਨੂੰ ਘੱਟ ਮਿਲਦੀਆਂ ਹਨ।
ਮਧਰੇ ਕੱਦ ਦਾ ਖੇਡ੍ਹਾਂ ਤੇ ਅਸਰ
ਜਾਣਕਾਰੀ ਮੁਤਾਬਕ ਕੱਦ ਨਾਲ ਸਬੰਧ ਰੱਖਣ ਵਾਲੀਆਂ ਖੇਡ੍ਹਾਂ ਵਾਲੀਬਾਲ,ਫੁੱਟਬਾਲ,ਖੋਹ-ਖੋਹ, ਬਾਸਕਿਟਬਾਲ, ਕਬੱਡੀ ਤੇ ਅਥਲੈਟਿਕਸ ’ਚ ਲੜਕੀਆਂ ਦੀ ਹਿੱਸੇਦਾਰੀ ਅੱਧੀ ਰਹਿ ਗਈ ਹੈ। ਲੜਕੀਆਂ ਨੇ ਪੰਜਾਬ ਦੀਆਂ ਰਵਾਇਤੀ ਖੇਡਾਂ ਕੋਟਲਾ ਛਪਾਕੀ, ਖੋ-ਖੋ, ਛੋਟੀ ਦੌੜ ਅਤੇ ਰੱਸੀ ਟੱਪਣਾ ਆਦਿ ਖੇਡਣੀਆਂ ਬੰਦ ਕਰ ਦਿੱਤੀਆਂ ਹਨ। ਕੁੜੀਆਂ ਖੇਡ੍ਹ ਦੇ ਮੈਦਾਨ ’ਚ ਜਾ ਕੇ ਖੇਡਣ ਦੀ ਬਜਾਏ ਕੰਪਿਊਟਰ ਗੇਮਾਂ, ਚੈਟਿੰਗ ਜਾਂ ਇੰਟਰਨੈੱਟ ਖੇਡਾਂ ’ਚ ਵਧੇਰੇ ਰੁਚੀ ਰੱਖਣ ਲੱਗੀਆਂ ਹਨ। ਸ਼ਹਿਰੀ ਕੁੜੀਆਂ ਨੂੰ ਪੌਸ਼ਟਿਕ ਭੋਜਨ ਤੋਂ ਹੀ ਪ੍ਰਹੇਜ਼ ਹੈ ਅਤੇ ਨੂਡਲ, ਬਰਗਰ, ਪੀਜ਼ਾ, ਡੋਸਾ ਅਤੇ ਇਡਲੀ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਸਿਹਤ ਮਾਹਿਰਾਂ ਵੱਲੋਂ ਹਾਨੀਕਾਰਕ ਦੱਸੇ ਜਾਂਦੇ ਹਨ।
ਵਰਜਿਸ਼ ਘਟਣ ਕਾਰਨ ਖੁਰੀ ਸਿਹਤ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਸਿਹਤ ਮਾਹਿਰ ਡਾਕਟਰ ਅਜੀਤ ਪਾਲ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਖੁਰਾਕ ਖਾਣ ਦੇ ਨਾਲ ਨਾਲ ਦੁੱਧ ਰਿੜਕਣ,ਪੱਠੇ ਕੁਤਰਨ ਤੇ ਹੋਰ ਘਰੇਲੂ ਕੰਮ ਧੰਦਿਆਂ ਕਾਰਨ ਸਰੀਰਕ ਵਰਜਿਸ਼ ਵੀ ਹੁੰਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਇਹੋ ਕਾਰਨ ਸੀ ਕਿ ਪੰਜਾਬੀ ਕੁੜੀਆਂ ਉੱਚੇ ਲੰਮੇ ਕੱਦ ਅਤੇ ਭਰਵੇਂ ਜੁੱਸੇ ਵਾਲੀਆਂ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬਣ ਕੁੜੀਆਂ ਦੀ ਗਿਣਤੀ ਮਧਰੀ ਵਜੋਂ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਮਸਾਲੇਦਾਰ ਖਾਣਿਆਂ ਤੇ ਫਾਸਟ ਫੂਡ ਨੇ ਕੁੜੀਆਂ ਦੀ ਸਿਹਤ ਨੂੰ ਵੱਡਾ ਖੋਰਾ ਲਾਇਆ ਹੈ।