ਛੁੱਟੀ 'ਤੇ ਆਏ 24 ਸਾਲਾ ਫੌਜੀ ਨੇ ਅੱਜ ਜਾਣਾ ਸੀ ਵਾਪਸ ਪਰ ਇਸ ਤੋਂ ਪਹਿਲਾਂ ਹੀ ਵਰਤ ਗਿਆ ਭਾਣਾ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਪੁਲਿਸ ਜਿਲਾ ਅਧੀਨ ਪੈਂਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਮੰਗੀਆਂ ਦੇ 24 ਸਾਲਾ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੀ ਸਾਮ ਭੇਦਭਰੇ ਹਾਲਾਤਾਂ ਵਿੱਚ ਪਿੰਡ ਸ਼ਾਹਪੁਰ ਜਾਜਨ ਦੇ ਸੱਕੀ ਨਾਲੇ ਵਿੱਚੋਂ ਲਾਸ ਮਿਲਣ ਨਾਲ ਇਲਾਕੇ ਅੰਦਰ ਦਹਿਸਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਨਿਸਾਨ ਸਿੰਘ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਗੁਰਪ੍ਰੀਤ ਸਿੰਘ ਜੋ ਕਿ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਤੇ ਇਹ 11 ਸਿੱਖ ਰੈਜੀਮੈਂਟ ਦੇ ਜਵਾਨ ਵਜੋਂ ਲਖਨਊ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ। ਦੋ ਮਹੀਨੇ ਪਹਿਲਾਂ ਉਹ ਛੁੱਟੀ ਲੈ ਕੇ ਘਰ ਆਇਆ ਹੋਇਆ ਸੀ ਤੇ ਇਸ ਨੇ 29 ਜੂਨ ਨੂੰ ਆਪਣੀ ਯੂਨਿਟ ਵਿੱਚ ਹਾਜ਼ਰ ਹੋਣਾ ਸੀ।ਉਨਾਂ ਦੱਸਿਆ ਕਿ 26 ਜੂਨ ਨੂੰ ਇਹ ਆਪਣੇ ਪਿੰਡ ਦੇ ਕਿਸੇ ਨੌਜਵਾਨ ਨਾਲ ਬਾਹਰ ਕਿਸੇ ਕੰਮ ਗਿਆ ਸੀ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤੇ ਸਾਡੇ ਵੱਲੋਂ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਵਿਖੇ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ ਤੇ ਅੱਜ ਸਾਡੇ ਵੱਲੋਂ ਆਪਣੇ ਤੌਰ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਸ਼ਾਹਪੁਰ ਜਾਜਨ ਸੱਕੀ ਨਾਲੇ ਤੇ ਭਾਲ ਕੀਤੀ ਜਾ ਰਹੀ ਸੀ ਤਾਂ ਇਸ ਸੱਕੀ ਨਾਲੇ ਵਿੱਚੋਂ ਅੱਧ ਗਲੀ ਸੜੀ ਲਾਸ ਬਰਾਮਦ ਹੋਈ ਹੈ।
ਪਰਿਵਾਰ ਵੱਲੋਂ ਖਦਸਾ ਜਤਾਇਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੇ ਨਾਲ ਉਹ ਘਰੋਂ ਗਿਆ ਸੀ ਉਸ ਵੱਲੋਂ ਉਸ ਨਾਲ ਕੋਈ ਮੰਦਭਾਗੀ ਘਟਨਾ ਕੀਤੀ ਗਈ ਹੈ।ਪਰਿਵਾਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਹੈ।
ਉਧਰ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਏਐਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜੋ ਪਰਿਵਾਰਕ ਮੈਂਬਰ ਬਿਆਨ ਦਰਜ ਕਰਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਸਾਡੇ ਵੱਲੋਂ ਲਾਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦਾ ਸਿਵਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਇਨਸਾਫ ਦਿੱਤਾ ਜਾਵੇ।