← ਪਿਛੇ ਪਰਤੋ
ਬਠਿੰਡਾ ਪੱਟੀ ਗੋਲੀਆਂ ਨੇ ਚੱਟੀ–ਨਸ਼ਾ ਤਸਕਰ ਖਾਣ ਖੱਟੀ
ਅਸ਼ੋਕ ਵਰਮਾ
ਬਠਿੰਡਾ,29 ਜੂਨ 2024: ਸਮਾਜ ਅਤੇ ਮਨੁੱਖਤਾ ਨੂੰ ਹਲੂਣ ਕੇ ਰੱਖ ਦੇਣ ਵਾਲੇ ਤੱਥ ਹਨ ਕਿ ਨਾਸ਼ਤਾ ਵਿੱਚ ਨਸ਼ੇ ਦੀਆਂ 50 ਗੋਲੀਆਂ ਹਨ ਜਦੋਂਕਿ ਲੰਚ ਵਿੱਚ 100 ਅਤੇ ਡਿਨਰ ’ਚ ਸਵਾ ਸੌ ਗੋਲੀਆਂ ਨਾਲ ਹੈ। ਦਿਨ ਭਰ ਦਾ ਇਹ ਮੀਨੂੰ ਇੱਕ ਨਸ਼ੇੜੀ ਨੌਜੁਆਨ ਦਾ ਹੈ ਜੋ ਮੈਡੀਕਲ ਨਸ਼ਿਆਂ ਦੀ ਦਲਦਲ ’ਚ ਫਸਿਆ ਹੋਇਆ ਹੈ। ਇਕੱਲਾ ਇਹੀ ਮੁੰਡਾ ਨਹੀਂ ਬਲਕਿ ਹੁਣ ਤਾਂ ਕੁੜੀਆਂ ਵੀ ਮੈਡੀਕਲ ਨਸ਼ਿਆਂ ਦੀ ਚਾਟ ਤੇ ਲੱਗ ਗਈਆਂ ਹਨ। ਬਠਿੰਡਾ ਪੱਟੀ ’ਚ ਅਜਿਹੇ ਨੌਜੁਆਨਾਂ ਦੀ ਲੰਮੀ ਕਤਾਰ ਹੈ ਜੋ ਹੁਣ ਨਸ਼ੇ ਵਾਲੀਆਂ ਗੋਲੀਆਂ ਖਾਣ ਲੱਗੇ ਹਨ। ਨਸ਼ਿਆਂ ਖਿਲਾਫ ਪੁਲਿਸ ਵੱਲੋਂ ਸਖਤੀ ਕਰਨ ਤੋਂ ਬਾਅਦ ਭੁੱਕੀ ਨਾਂ ਮਿਲਣ ਕਾਰਨ ਗੋਲੀਆਂ ਖਾਣ ਵਾਲਿਆਂ ਦੀ ਗਿਣਤੀ ਵਧੀ ਹੈ। ਬਠਿੰਡਾ ਜਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਪਹਿਲਾਂ ਮੈਡੀਕਲ ਨਸ਼ਿਆਂ ਦੀ ਵਿਕਰੀ ਘੱਟ ਸੀ ਜੋ ਹੁਣ ਕਾਫੀ ਵਧ ਗਈ ਹੈ। ਇੱਕ ਨੌਜੁਆਨ ਨੇ ਰੋਜ਼ਾਨਾ 300 ਗੋਲੀਆਂ ਖਾਣ ਦੀ ਗੱਲ ਦੱਸੀ ਜਦੋਂ ਕਿ ਇੱਕ ਹੋਰ ਦੀ ਸਮਰੱਥਾ 200 ਗੋਲੀਆਂ ਦੀ ਸੀ । ਦੋਵਾਂ ਨੇ ਬਦਨਾਮੀ ਦੇ ਡਰ ਤੋਂ ਇੱਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਕਰਵਾਇਆ ਹੈ । ਉਹ ਦੱਸਦੇ ਹਨ ਕਿ ਉਨ੍ਹਾਂ ਦੇ ਕਈ ਪੁਰਾਣੇ ਸਾਥੀ ਹਾਲੇ ਵੀ ਸ਼ੀਸ਼ੀਆਂ ਪੀਂਦੇ ਹਨ ਪਰ ਉਨ੍ਹਾਂ ਨੇ ਸੁਧਰਨ ਦਾ ਮਨ ਬਣਾਇਆ ਹੈ। ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਤਿਆਗਣ ਵਾਲੇ ਇੱਕ ਲੜਕੇ ਨੇ ਦੱਸਿਆ ਕਿ ਉਸ ਨੂੰ ਇੱਕ ਦਿਨ ’ਚ 150 ਗੋਲੀਆਂ ਖਾ ਜਾਣ ਦਾ ਫਖਰ ਹੁੰਦਾ ਸੀ ਪਰ ਉਸ ਨੇ ਹੁਣ ਨਸ਼ੇ ਤੋਂ ਖਹਿੜਾ ਛੁਡਾ ਲਿਆ ਹੈ। ਰਾਮਾ ਮੰਡੀ ਇਲਾਕੇ ’ਚ ਇੱਕ ਲੜਕੀ ਨੂੰ ਜਦੋਂ ਨਸ਼ੀਲੇ ਕੈਪਸੂਲ ਨਾਂ ਮਿਲੇ ਤਾਂ ਉਹ ਟਿਊਬਾਂ ਨੂੰ ਪੈਂਚਰ ਲਾਉਣ ਵਾਲਾ ਸਲੋਸ਼ਨ ਪੀਣ ਲੱਗੀ ਸੀ ਜਿਸ ਦਾ ਪ੍ਰੀਵਾਰ ਨੇ ਗੁਪਤ ਰੂਪ ’ਚ ਇਲਾਜ ਕਰਵਾਇਆ ਹੈ। ਤਲਵੰਡੀ ਸਾਬੋ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਸ ਨੇ ਖੇਤ ’ਚ ਕੰਮ ਕਰਦਿਆਂ ਨਸ਼ਾ ਕਰਨਾ ਸ਼ੁਰੂ ਕੀਤਾ ਸੀਪਰ ਮਗਰੋਂ ਆਦਤ ਪੈ ਗਈ। ਉਸ ਨੇ ਦੱਸਿਆ ਕਿ ਜਦੋਂ ਹੋਰ ਨਸ਼ਾ ਨਹੀਂ ਮਿਲਦਾ ਸੀ ਤਾਂ ਗੋਲੀਆਂ ਖਾ ਲੈਂਦਾ ਸੀ । ਜਦੋਂ ਇਸ ਨੌਜਵਾਨ ਦੀ ਤਲਬ 50 ਗੋਲੀਆਂ ਤੇ ਪੁੱਜਣ ਬਾਰੇ ਪਤਾ ਲੱਗਿਆ ਤਾਂ ਪ੍ਰੀਵਾਰ ਨੇ ਇਲਾਜ ਕਰਵਾਇਆ। ਹੁਣ ਉਸ ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਹੈ ਤਾਂਜੋ ਮੁੜ ਚੰਦਰੇ ਰਾਹ ਨਾਂ ਪੈ ਸਕੇ। ਇਸ ਤਾਂ ਸਿਰਫ ਮਿਸਾਲਾਂ ਹੀ ਹਨ ਜਦੋਂਕਿ ਬਠਿੰਡਾ ਜਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਮੈਡੀਕਲ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਹਰਿਆਣਾ ਦੀ ਕਾਲਿਆਂ ਵਾਲੀ ਮੰਡੀ ਤੋਂ ਵੀ ਕਾਫੀ ਨਸ਼ਾ ਆਉਂਦਾ ਹੈ। ਸ਼ਾਮ ਵਕਤ ਸਰਸਾ ਹਿਸਾਰ ਵੱਲ ਜਾਣ ਵਾਲੀਆਂ ਰੇਲ ਗੱਡੀਆਂ ਵਿੱਚ ਨਸ਼ੇੜੀਆਂ ਦੀ ਭਰਮਾਰ ਹੁੰਦੀ ਹੈ ਜੋ ਨਸ਼ਾ ਲਿਆਂਉਂਦੇ ਅਤੇ ਵੇਚਦੇ ਵੀ ਹਨ। ਬਠਿੰਡਾ ਪੁਲਿਸ ਵੱਲੋਂ ਫੜੇ ਭੰਡਾਰ ਬਠਿੰਡਾ ਪੁਲਿਸ ਪਿਛਲੇ ਪੰਜ ਸਾਲਾਂ ਦੌਰਾਨ ਮੈਡੀਕਲ ਨਸ਼ਿਆਂ ਦੇ ਵੱਡੇ ਵੱਡੇ ਜਖੀਰੇ ਬਰਾਮਦ ਕਰ ਚੁੱਕੀ ਹੈ ਫਿਰ ਵੀ ਨਸ਼ਾ ਤਸਕਰੀ ਰੁਕੀ ਨਹੀਂ ਹੈ। ਵੀਰਵਾਰ ਨੂੰ ਪੁਲਿਸ ਵੱਲੋਂ ਫੜਿਆ 20 ਲੱਖ 42 ਹਜ਼ਾਰ ਨਸ਼ੀਲੇ ਕੈਪਸੂਲਾਂ ਅਤੇ 3 ਲੱਖ 68 ਹਜ਼ਾਰ 250 ਗੋਲੀਆਂ ਆਦਿ ਦਾ ਜਖੀਰਾ ਦਰਸਾਉਂਦਾ ਹੈ ਕਿ ਸਥਿਤੀ ਕਿਸ ਤਰਫ ਜਾ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਪੁਲਿਸ ਇਸ ਖਿੱਤੇ ’ਚ ਅਜਿਹਾ ਸਮਾਨ ਫੜਦੀ ਰਹਿੰਦੀ ਹੈ। ਪੁਲਿਸ ਨੇ ਜੁਲਾਈ2019 ਵਿੱਚ ਇੱਕ ਵੱਡੇ ਤਸਕਰ ਕੋਲੋਂ 10 ਲੱਖ67 ਹਜਾਰ 800 ਅਤੇ ਅਗਸਤ 2019 ਵਿੱਚ 2ਲੱਖ 34 ਹਜ਼ਾਰ ਗੋਲੀਆਂ ਫੜੀਆਂਸਨ। ਮਾਰਚ 2019 ’ਚ 74 ਹਜ਼ਾਰ 100 ਅਤੇ ਸਤੰਬਰ 2021 ’ਚ 1 ਲੱਖ 51 ਹਜਾਰ 450 ਨਸ਼ੀਲੀਆਂ ਗੋਲੀਆਂ ਫੜੀਆਂ ਸਨ। ਸਮੱਸਿਆ ਪੁਰਾਣੀ ਦਾਅਵੇ ਨਵੇਂ ਪੰਜਾਬ ਪੁਲੀਸ ਨੇ ਸਾਲ 2012 ਦੌਰਾਨ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਐਕਸ਼ਨ ਪਲਾਨ ਬਣਾਇਆ ਸੀ ਜਿਸ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਤਿਵਾਦ ਦੇ ਦੌਰ ਤੋਂ ਵੀ ਭਿਆਨਕ ਬਣਦੀ ਜਾ ਰਹੀ ਹੈ। ਇਸ ਐਕਸ਼ਨ ਪਲਾਨ ਵਿੱਚ ਫਿਕਰ ਜ਼ਾਹਰ ਕੀਤਾ ਗਿਆ ਸੀ ਕਿ ਨਸ਼ਿਆਂ ਦੇ ਕਾਰੋਬਾਰ ਨੇ ਰਾਜ ਦੀ ਸਮਾਜਿਕ ਤੇ ਆਰਥਿਕ ਸਥਿਤੀ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਪੰਜਾਬ ਪੁਲਿਸ ਮੁਤਾਬਕ ਨਸ਼ੇ ਦੇ ਤਸਕਰਾਂ ਲਈ ਪੰਜਾਬ ਕਾਰੋਬਾਰ ਦਾ ਨਵਾਂ ਅੱਡਾ ਬਣ ਰਿਹਾ ਹੈ। ਐਕਸ਼ਨ ਪਲਾਨ ਅਨੁਸਾਰ ਨਵੀਂ ਪੌਦ ਦੀ ਬਰਬਾਦੀ ਦੇ ਮਾਮਲੇ ਵਿੱਚ ਪੰਜਾਬ ’ਤੇ ਸਭ ਤੋਂ ਵੱਧ ਖਤਰਾ ਮੰਡਰਾਅ ਰਿਹਾ ਹੈ। ਪੰਜਾਬ ਪੁਲਿਸ ਨੂੰ ਹੁਣ ਵੀ ਨਸ਼ਿਆਂ ਖਿਲਾਫ ਲੜਾਈ ਲੜਨੀ ਪੈ ਰਹੀ ਹੈ। ਨਸ਼ਾ ਵਿਕਣਾ ਸ਼ਰਮ ਵਾਲੀ ਗੱਲ ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਕਈ ਪਿੰਡ ਅਜਿਹੇ ਹਨ ਜਿੱਥੇ ਡਾਕਟਰ ਤਾਂ ਹੈ ਨਹੀਂ ਪ੍ਰੰਤੂ ਮੈਡੀਕਲ ਸਟੋਰ ਹਨ ਜਿੰਨ੍ਹਾਂ ਚੋਂ ਕਈ ਨਸ਼ਿਆਂ ਦਾ ਕਾਰੋਬਾਰ ਕਰਨ ਲੱਗੇ ਹਨ ਜਿਸ ਕਰਕੇ ਨਸ਼ੀਲੀਆਂ ਗੋਲੀਆਂ ਆਮ ਹੀ ਮਿਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਚਿੰਤਾਜਨਕ ਹੈ ਕਿ ਕੁੜੀਆਂ ਵੀ ਨਸ਼ੇ ਕਰਨ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਾ ਵਿਕਣਾ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਤਾਲੀਮ ਦੇਣ ਲਈ ਖੁਦ ਰੋਲ ਮਾਡਲ ਬਣਕੇ ਦਿਖਾਉਣ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਪੰਜਾਬ ਦੀ ਜੁਆਨੀ ਨਾਲ ਖਿਲਵਾੜ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦਿਵਾਉਣ ਦੀ ਮੰਗ ਵੀ ਕੀਤੀ ਹੈ।
Total Responses : 186