Flood Alert: ਹਰਿਦੁਆਰ 'ਚ ਆਇਆ ਹੜ੍ਹ, ਕਈ ਕਾਰਾਂ ਰੁੜੀਆਂ (ਵੇਖੋ ਵੀਡੀਓ)
ਨਵੀਂ ਦਿੱਲੀ, 30 ਜੂਨ 2024- ਮਾਨਸੂਨ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਲਿਆ ਹੈ ਅਤੇ ਇਸ ਕਾਰਨ ਦੇਸ਼ ਭਰ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਹਰਿਦੁਆਰ ਵਿੱਚ ਇੱਕ ਨਦੀ ਅਚਾਨਕ ਪਾਣੀ ਨਾਲ ਭਰ ਗਈ ਅਤੇ ਉੱਥੇ ਖੜ੍ਹੀਆਂ ਕਈ ਕਾਰਾਂ ਖਿਡੌਣਿਆਂ ਵਾਂਗ ਤੈਰਣ ਲੱਗੀਆਂ। ਇਸ ਘਟਨਾ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। ਹਰਿਦੁਆਰ ਦੇ ਖੱਡਖੜੀ 'ਚ ਮਾਨਸੂਨ ਦੀ ਪਹਿਲੀ ਬਾਰਿਸ਼ 'ਚ ਅੱਠ ਕਾਰਾਂ ਪਾਣੀ 'ਚ ਵਹਿ ਗਈਆਂ।
ਇੱਥੇ ਸੁੱਕੀ ਨਦੀ ਵਿੱਚ ਅਚਾਨਕ ਪਾਣੀ ਆਉਣ ਕਾਰਨ ਕਾਰਾਂ ਤੈਰਦੀਆਂ ਨਜ਼ਰ ਆਈਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦੇ ਕੇ ਇੱਥੇ ਵਾਹਨ ਪਾਰਕ ਕਰਨ ਤੋਂ ਵੀ ਵਰਜਿਆ ਹੈ। ਇਹ ਘਟਨਾ ਹਰਿ ਕੀ ਪਉੜੀ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਪਹਿਲਾਂ ਹੀ ਇੱਥੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਸੀ। ਇਸ ਬਰਸਾਤੀ ਨਦੀ ਵਿੱਚ ਪਾਣੀ ਪਹਾੜੀ ਪਾਸਿਓਂ ਤੇਜ਼ ਵਹਾਅ ਨਾਲ ਆਉਂਦਾ ਹੈ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ।