ਨਗਰ ਨਿਗਮ 31 ਜੁਲਾਈ ਤੱਕ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਕਰ ਲਵੇਗਾ ਮੁਕੰਮਲ: ਸੰਜੀਵ ਅਰੋੜਾ
ਲੁਧਿਆਣਾ, 30 ਜੂਨ, 2024: ਨਗਰ ਨਿਗਮ ਨੇ ਇਸ ਸਨਅਤੀ ਸ਼ਹਿਰ ਦੇ ਫੋਕਲ ਪੁਆਇੰਟ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦੇ ਕੁੱਲ 12 ਕੰਮਾਂ ਵਿੱਚੋਂ 5 ਮੁਕੰਮਲ ਕਰ ਲਏ ਹਨ। ਬਾਕੀ 7 ਕੰਮ ਪ੍ਰਗਤੀ ਅਧੀਨ ਹਨ ਅਤੇ ਇਹ ਕੰਮ ਇਸ ਸਾਲ 31 ਜੁਲਾਈ ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਇਨ੍ਹਾਂ ਕੰਮਾਂ ਸਬੰਧੀ ਸਟੇਟਸ ਰਿਪੋਰਟ ਸਬੰਧਤ ਅਧਿਕਾਰੀਆਂ ਵੱਲੋਂ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੂੰ ਦਿੱਤੀ ਗਈ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਅਰੋੜਾ ਨੇ ਕਿਹਾ ਕਿ ਨਗਰ ਨਿਗਮ ਵੱਲੋਂ 14.12 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ 12 ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਨ੍ਹਾਂ ਕੰਮਾਂ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕੀਤੇ ਗਏ ਹਨ।
ਫੋਕਲ ਪੁਆਇੰਟ (ਫੇਜ਼-1) ਵਿਖੇ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ। ਇੱਥੇ ਫੋਕਲ ਪੁਆਇੰਟ ਮੇਨ ਰੋਡ ਤੋਂ ਆਟੋ ਟੈਕ ਸੀ-72 ਤੱਕ ਸੁਰਪਾਲ ਸਾਈਕਲ ਇੰਡਸਟਰੀ ਰੋਡ 'ਤੇ ਬਿਟੂਮਿਨਸ ਸੜਕ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ 20 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਬਿਟੂਮਿਨਸ ਦਾ ਕੰਮ ਪੈਂਡਿੰਗ ਹੈ। ਕੇ.ਜੇ.ਫੋਰਜਿੰਗ ਤੋਂ ਡਾਕਖਾਨਾ ਰੋਡ ਅਤੇ ਫੋਕਲ ਪੁਆਇੰਟ ਦੇ ਲਿੰਕ ਤੱਕ ਬਿਟੂਮਿਨਸ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।
ਫੋਕਲ ਪੁਆਇੰਟ (ਫੇਜ਼-2) ਵਿੱਚ ਕੇ ਡਬਲਿਊ ਰੋਡ ਤੋਂ ਵਰਧਮਾਨ ਮਿੱਲ ਤੱਕ ਬਿਟੂਮਿਨਸ ਸੜਕ ਅਤੇ ਕੇ ਡਬਲਿਊ ਤੋਂ ਯੂਕੋ ਬੈਂਕ ਤੱਕ ਸੜਕ ਦੇ ਨਿਰਮਾਣ ਦਾ ਕੰਮ 91.51 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ।
ਫੋਕਲ ਪੁਆਇੰਟ (ਫੇਜ਼-3) ਵਿੱਚ ਕਰੀਬ 3.17 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਪੋਸਟ ਆਫਿਸ ਤੋਂ ਪੰਜਾਬ ਬ੍ਰੇਵਰੀਜ ਤੱਕ ਬਿਟੂਮਿਨਸ ਸੜਕ ਦੇ ਨਿਰਮਾਣ ਦਾ ਕੁੱਲ 10 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸੀਵਰੇਜ ਦੇ ਨਵੀਨੀਕਰਨ ਦੇ ਕੰਮ ਕਾਰਨ ਇਹ ਕੰਮ ਪੈਂਡਿੰਗ ਹੈ। ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਹ ਕੰਮ ਤੁਰੰਤ ਮੁਕੰਮਲ ਕਰ ਲਿਆ ਜਾਵੇਗਾ। ਹਾਲਾਂਕਿ ਕੋਕਾ ਕੋਲਾ ਰੋਡ ਅਤੇ ਪੋਸਟ ਆਫਿਸ ਰੋਡ ਤੋਂ ਰੌਕਮੈਨ ਰੋਡ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੈ।
ਐਚਪੀ ਧਰਮ ਕੰਡਾ ਤੋਂ ਰੇਲਵੇ ਲਾਈਨ ਮੇਨ ਫੋਕਲ ਪੁਆਇੰਟ ਰੋਡ ਤੱਕ ਸੜਕ ਬਣਾਉਣ ਦਾ ਇੱਕ ਹੋਰ ਕੰਮ ਵੀ ਚੱਲ ਰਿਹਾ ਹੈ। ਇਸ ਸੜਕ ਦਾ ਕੁੱਲ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸੜਕ ਲਗਭਗ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਜ਼ੋਨ-ਸੀ ਦੇ ਬਿਹਾਰੀ ਚੌਕ ਪਿੰਡ ਜੁਗਰਾਣਾ ਵਿਖੇ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਜਸਪਾਲ ਬਾਂਗੜ ਮੇਨ ਰੋਡ ਦੀ ਮਜ਼ਬੂਤੀ ਦਾ ਕੰਮ ਵੀ ਜਾਰੀ ਹੈ ਅਤੇ ਇਸ ਦਾ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸੂਆ ਰੋਡ 'ਤੇ ਜੀ.ਕੇ.ਕੰਡਾ ਤੋਂ ਬਿਰਦੀ ਕੰਡਾ ਤੱਕ ਇਕ ਹੋਰ ਸੜਕ ਦਾ ਨਿਰਮਾਣ ਵੀ ਚੱਲ ਰਿਹਾ ਹੈ ਅਤੇ ਇਸ ਦਾ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸਿੰਗਲਾ ਸਾਈਕਲ ਸਟੋਰ (ਏਕਤਾ ਮਾਰਕੀਟ ਗੇਟ ਨੰਬਰ 2) ਅਤੇ ਸੁਰਜੀਤ ਪੈਲੇਸ ਰੋਡ ਢੰਡਾਰੀ ਕਲਾਂ ਦੀ ਲਿੰਕ ਆਰਸੀਸੀ ਸੜਕ ਦਾ ਨਿਰਮਾਣ ਵੀ ਚੱਲ ਰਿਹਾ ਹੈ ਅਤੇ ਇਸ ਦਾ 40 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਹ ਸਾਰੇ ਕੰਮ ਲਗਭਗ 3.50 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਹਨ।
ਅਰੋੜਾ ਨੇ ਕਿਹਾ ਕਿ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐਸਆਈਈਸੀ) ਨੇ ਇੱਥੇ ਫੋਕਲ ਪੁਆਇੰਟ ਵਿੱਚ 25.23 ਕਰੋੜ ਰੁਪਏ ਦੀ ਲਾਗਤ ਨਾਲ ਫੇਜ਼ ਪੰਜ, ਛੇ, ਸੱਤ ਅਤੇ ਅੱਠ ਵਿੱਚ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਫੋਕਲ ਪੁਆਇੰਟ ਖੇਤਰਾਂ ਵਿੱਚ ਸੜਕਾਂ ਦਾ ਨਿਰਮਾਣ ਕਈ ਦਹਾਕੇ ਪਹਿਲਾਂ ਹੋਇਆ ਸੀ। ਇਹ ਸੜਕਾਂ ਦਹਾਕਿਆਂ ਤੋਂ ਖਸਤਾ ਹਾਲਤ ਵਿੱਚ ਸਨ, ਜਿਸ ਕਾਰਨ ਇਲਾਕੇ ਵਿੱਚ ਸਥਿਤ ਸਨਅਤਾਂ ਨੂੰ ਖਾਸ ਕਰਕੇ ਬਰਸਾਤ ਦੇ ਮੌਸਮ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਰੋੜਾ ਨੇ ਉਦਯੋਗਿਕ ਸੰਗਠਨਾਂ ਦੇ ਸੰਪਰਕ ਕਰਨ 'ਤੇ ਇਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ ਲਈ ਪਹਿਲਕਦਮੀ ਕੀਤੀ ਸੀ।
ਇਸ ਦੌਰਾਨ ਅਰੋੜਾ ਨੇ ਕਿਹਾ ਕਿ ਨਵੀਆਂ ਬਣੀਆਂ ਸੜਕਾਂ ਫੋਕਲ ਪੁਆਇੰਟ ਨੂੰ ਨਵੀਂ ਜੀਵਨ ਰੇਖਾ ਪ੍ਰਦਾਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਪ੍ਰਗਤੀ 'ਤੇ ਨਜ਼ਰ ਰੱਖਣਗੇ। ਉਨ੍ਹਾਂ ਆਸ ਪ੍ਰਗਟਾਈ ਕਿ 31 ਜੁਲਾਈ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਸਾਰੇ ਉਦਯੋਗਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਨ੍ਹਾਂ ਸੜਕਾਂ ਲਈ ਲੋੜੀਂਦੇ ਫੰਡ ਜਾਰੀ ਕਰਨ ਲਈ ਧੰਨਵਾਦ ਕੀਤਾ।