ਐਮ ਪੀ ਅੰਮ੍ਰਿਤਪਾਲ ਸਿੰਘ ਬਣਾਏਗਾ ਸਿਆਸੀ ਪਾਰਟੀ: ਪਿਤਾ ਤਰਸੇਮ ਸਿੰਘ ਦਾ ਐਲਾਨ (ਵੀਡੀਓ ਵੀ ਦੇਖੋ)
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 29 ਸਤੰਬਰ, 2024: ਖਡੂਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਜਲਦੀ ਹੀ ਸਿਆਸੀ ਪਾਰਟੀ ਦਾ ਗਠਨ ਕੀਤਾ ਜਾਵੇਗਾ।
ਅੱਜ ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਗਠਨ ਦੇ ਚਾਰ ਸਾਲ ਸੰਪੂਰਨ ਹੋਣ ’ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਹੋਰ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/544060464669641
ਇਸ ਉਪਰੰਤ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ ਹੈ।
ਖਡੂਰ ਸਾਹਿਬ ਹਲਕੇ ਦੇ ਮੈਂਬਰ ਪਾਰਲੀਮੈਂਟ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਹਲਕੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਵਿੱਚ ਇੱਕ ਅਲੱਗ ਹੀ ਚਰਚਾ ਛਿੜ ਗਈ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਅੱਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਨ ਤੋਂ ਬਾਅਦ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਗੱਲ ਕੀਤੀ ਗਈ।
ਉਹਨਾਂ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਅਤੇ ਪੰਜਾਬ ਦੇ ਲੋਕਾਂ ਦੀ ਰਾਏ ਲੈਣ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਸਨੂੰ 92 ਦੇ ਕਰੀਬ ਵਿਧਾਇਕ ਪੰਜਾਬ ਦੇ ਲੋਕਾਂ ਨੇ ਦਿੱਤੇ ਸਨ। ਉਹਨਾਂ ਵਿੱਚੋਂ ਕਿਸੇ ਵੱਲੋਂ ਵੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਜਾ ਰਹੀ ਅਤੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਇਸ ਪਾਰਟੀ ਬਣਨ ਤੋਂ ਬਾਅਦ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਜਾਣਗੀਆਂ ਅਤੇ ਜੋ ਵੀ ਪੰਜਾਬ ਹਿਤੈਸ਼ੀ ਲੋਕ ਹੋਣਗੇ, ਉਹਨਾਂ ਨੂੰ ਇਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਹਾਲੇ ਤੱਕ ਪਾਰਟੀ ਦਾ ਨਾਮ ਤਾਂ ਅਸੀਂ ਨਹੀਂ ਡਿਸਾਈਡ ਕੀਤਾ ਲੇਕਿਨ ਜਲਦ ਹੀ ਪਾਰਟੀ ਦਾ ਨਾਂ ਵੀ ਅਸੀਂ ਜੱਗ ਜਾਹਰ ਕਰਾਂਗੇ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਕਦੀ ਵੀ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕਰ ਸਕਦੀਆਂ ਚਾਹੇ ਉਹ ਬੀਤੇ ਸਮੇਂ ਦੇ ਮੁੱਖ ਮੰਤਰੀ ਹੋਣ ਤੇ ਚਾਹੇ ਮੌਜੂਦਾ ਮੁੱਖ ਮੰਤਰੀ ਹੋਣ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਹੁਦੇ ਤੋਂ ਲਾਹਿਆ ਜਾਂਦਾ ਹੈ ਤਾਂ ਉਹ ਸਿਰਫ ਔਰ ਸਿਰਫ ਦਿੱਲੀ ਦੀ ਸਰਕਾਰ ਵੱਲੋਂ ਹੀ ਅਤੇ ਉਸਦੇ ਫਰਮਾਨ ਤੋਂ ਬਾਅਦ ਹੀ ਲਾਹਿਆ ਜਾ ਸਕਦਾ ਹੈ।