ਸੀ ਪੀ ਆਈ ਐਮ ਐਲ ਵਲੋਂ ਸ਼ਹੀਦ ਗਿਆਨ ਸਿੰਘ ਸੰਘਾ ਦੀ ਬਰਸੀ 20 ਨਵੰਬਰ ਨੂੰ
-19 ਨਵੰਬਰ ਨੂੰ ਹੋਣਗੇ ਚਿੱਤਰਕਲਾ ਮੁਕਾਬਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 17 ਨਵੰਬਰ ,2024
ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕ੍ਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 20 ਨਵੰਬਰ ਨੂੰ ਮਨਾਈ ਜਾ ਰਹੀ 32 ਵੀਂ ਬਰਸੀ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ।ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਪਾਰਟੀ ਵਲੋਂ 11 ਵਜੇ ਕਾਮਰੇਡ ਸੰਘਾ ਦੀ ਯਾਦਗਾਰ ਉੱਤੇ ਝੰਡਾ ਲਹਿਰਾਉਣ ਉਪਰੰਤ ਸਿਆਸੀ ਕਾਨਫਰੰਸ ਆਰੰਭ ਹੋਵੇਗੀ ਜਿਸਨੂੰ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕਾਮਰੇਡ ਅਜਮੇਰ ਸਿੰਘ ਸਮਰਾ,ਕਾਮਰੇਡ ਦਲਜੀਤ ਸਿੰਘ ਐਡਵੋਕੇਟ ਅਤੇ ਹੋਰ ਆਗੂ ਸੰਬੋਧਨ ਕਰਨਗੇ।ਪਾਰਟੀ ਦੇ ਬੁਲਾਰੇ ਸ਼ਹੀਦ ਸੰਘਾ ਦੇ ਸੰਘਰਸ਼ਮਈ ਜੀਵਨ, ਕੌਮੀ ਅਤੇ ਕੌਮਾਂਤਰੀ ਹਾਲਤਾਂ,ਫਾਸ਼ੀਵਾਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਕਿਰਦਾਰ ਬਾਰੇ ਵਿਚਾਰ ਪੇਸ਼ ਕਰਨਗੇ।ਕਾਮਰੇਡ ਸੰਘਾ ਨੂੰ 20 ਨਵੰਬਰ ਨੂੰ ਖਾਲਿਸਤਾਨੀਆਂ ਨੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਸੀ।ਇਸ ਮੌਕੇ ਇਨਕਲਾਬੀ ਗੀਤ, ਕਵਿਤਾਵਾਂ, ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। 19 ਨਵੰਬਰ ਨੂੰ ਸਵੇਰੇ 9 ਵਜੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਜਾਣਗੇ।ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ।ਲੰਗਰ ਅਤੁੱਟ ਵਰਤੇਗਾ।ਇਸ ਬਰਸੀ ਦੀ ਤਿਆਰੀ ਵਜੋਂ ਪਿੰਡਾਂ ਵਿਚ ਮੀਟਿੰਗਾਂ ਕਰਨ,ਪੋਸਟਰ ਲਾਉਣ, ਫੰਡ ਇਕੱਠਾ ਕਰਨ ਦੇ ਕਾਰਜ ਕੀਤੇ ਜਾ ਰਹੇ ਹਨ।