ਮਾਲੇਰਕੋਟਲਾ ਦੇ ਇਤਿਹਾਸਿਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦਾ 100 ਸਾਲਾ ਸਮਾਗਮ ਸਫ਼ਲਤਾਪੂਰਵਕ ਸਮਾਪਤ
- 1 ਕਰੋੜ ਦੀ ਲਾਗਤ ਨਾਲ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਜਲਦ ਹੋਵੇਗਾ ਸ਼ੁਰੂ : ਵਿਧਾਇਕ ਜਮੀਲ ਉਰ ਰਹਿਮਾਨ
- ਕਿਹਾ : ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ 7 ਕਰੋੜ ਦੀ ਲਾਗਤ ਨਾਲ ਲਾਇਬ੍ਰੇਰੀ ਅਤੇ ਕੋਚਿੰਗ ਸੈਂਟਰ ਦਾ ਕੀਤਾ ਜਾਵੇਗਾ ਨਿਰਮਾਣ
- ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੇ 80 ਦੇ ਕਰੀਬ ਪੁਰਾਣੇ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 25 ਅਕਤੂਬਰ 2024 - ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲਣ ਵਾਲੇ ਸਥਾਨਕ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਤੇ ਐਡਮਨਿਸਟਰੇਟਰ ਜਨਾਬ ਸ਼ੋਕਤ ਅਹਿਮਦ ਪਰੇ (ਆਈ.ਏ.ਐਸ) ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਨਿਊ ਰਾਣੀ ਮਹਿਲ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਪੰਜਾਬ ਵਿਧਾਨ ਸਭਾ ‘ਚ ਇੱਕੋ ਇੱਕ ਮੁਸਲਿਮ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਆਗਰਾ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਤੇ ਸਾਬਕਾ ਪ੍ਰਸ਼ਾਸਕ ਡਾ.ਮਨਜ਼ੂਰ ਅਹਿਮਦ (ਆਈ.ਪੀ.ਐਸ) ਨੇ ਕੀਤੀ। ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ. ਡਾ.ਮੁਹੰਮਦ ਅਸਲਮ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅਰਮਾਨ, ਬਿਲਾਲ, ਮੋਇਨ ਦੀਨ ਅਤੇ ਸ਼ੋਏਬ ਨੇ ਕੁਰਾਨ ਸ਼ਰੀਫ ਦੀ ਤਿਲਾਵਤ ਤੇ ਅਨੁਵਾਦ ਨਾਲ ਕੀਤੀ। ਇਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਆਬਿਦਾ ਨੇ ਹਮਦ ਅਤੇ ਸ਼ਾਇਨਾ ਨੇ ਨਾਤ ਪੇਸ਼ ਕੀਤੀ। ਸਕੂਲ ਦੇ ਪ੍ਰਿੰਸੀਪਲ ਜਮੀਲ ਮੁਹੰਮਦ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਮਨਜ਼ੂਰ ਅਹਿਮਦ ਨੇ ਕਿਹਾ ਕਿ ਸਕੂਲ ‘ਚ ਹੋਈ ਪ੍ਰਗਤੀ ਨੂੰ ਵੇਖ ਕੇ ਉਹ ਬੜਾ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਉਰਦੂ ਭਾਸ਼ਾ ਦਾ ਪ੍ਰਸਾਰ ਕਰਨ ਵਾਲੇ ਅਦਾਰੇ ਹੁਣ ਬਹੁਤ ਘੱਟ ਰਹਿ ਗਏ ਹਨ। ਸਾਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀ ਸੁਰੱਖਿਆ ਲਈ ਉਰਦੂ ਭਾਸ਼ਾ ਦੀ ਸੰਭਾਲ ਕਰਨੀ ਪਵੇਗੀ। ਸ਼੍ਰੀ ਮਨਜ਼ੂਰ ਅਹਿਮਦ ਨੇ ਕਿਹਾ ਕਿ ਅੱਜ ਦੁਨੀਆ ‘ਚ ਵਿਗਿਆਨ ਦਾ ਬੋਲ ਬਾਲਾ ਹੈ, ਇਸ ਲਈ ਸਾਨੂੰ ਆਪਣੀ ਪੀੜ੍ਹੀ ਨੂੰ ਸਾਇੰਸ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਲੜਕੀਆਂ ਨੂੰ ਸਿੱਖਿਅਤ ਕਰਨ ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਸਲਾਮੀਆ ਸਕੂਲ ਇੱਕ ਲੰਮਾ ਸਫਰ ਤੈਅ ਕਰਕੇ ਇਸ ਮੁਕਾਮ ਤੇ ਪਹੁੰਚਿਆ ਹੈ, ਇਸ ਦੇ ਲਈ ਇੱਥੋਂ ਦੇ ਰਿਟਾਇਰਡ ਅਧਿਆਪਕਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਹੈਡਮਾਸਟਰ ਸ਼੍ਰੀ ਕਿਫਾਇਤ ਉੱਲ੍ਹਾ ਅਤੇ ਹੈਡ ਮਾਸਟਰ ਮੁਹੰਮਦ ਬਸ਼ੀਰ ਜੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਸ਼ਖਸ਼ੀਅਤਾਂ ਨੇ ਇਸ ਸਕੂਲ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਬਹੁਤ ਸੰਘਰਸ਼ ਕੀਤਾ। ਵਿਧਾਇਕ ਨੇ ਸਕੂਲ ਸਮੇਂ ਦੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਅਤੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਲਦੀ ਹੀ ਇੱਕ ਸਮਾਗਮ ਦਾ ਆਯੋਜਨ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਮਾਨ ਸਨਮਾਨ ਦਿੱਤਾ ਜਾਵੇਗਾ। ਡਾ.ਜਮੀਲ ਉਰ ਰਹਿਮਾਨ ਨੇ ਕਿਹਾ ਕਿ ਸਕੂਲ ਦੇ ਖਸਤਾ ਹਾਲ ਕਮਰਿਆਂ ਦੇ ਵਿੱਦਿਅਕ ਵਿਕਾਸ ਲਈ 1 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਇਸਦੀ ਉਸਾਰੀ ਜਲਦ ਸ਼ੁਰੂ ਹੋ ਜਾਵੇਗੀ। ਮਾਲੇਰਕੋਟਲਾ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਇਮਾਰਤ ਅਤੇ ਲਾਇਬ੍ਰੇਰੀ ਲਈ 7 ਕਰੋੜ ਰੁਪਏ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 10 ਕਰੋੜ ਰੁਪਏ ਦੀ ਲਾਗਤ ਨਾਲ 100 ਵਿੱਘੇ ਜਮੀਨ ‘ਚ ਇੱਕ ਮੁਸਲਿਮ ਕਾਲਜ ਦੀ ਸਥਾਪਨਾ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਆਫ ਐਮੀਨੈਂਸ ਦੀ ਤਰਜ ਤੇ ਪੰਜਾਬ ਵਕਫ ਬੋਰਡ ਵੱਲੋਂ ਇੱਕ ਮੁਸਲਿਮ ਸਕੂਲ ਆਫ ਐਮੀਨੈਂਸ ਦੀ ਵੀ ਸਥਾਪਨਾ ਕੀਤੀ ਜਾਵੇਗੀ, ਜਿਸ ‘ਚ ਵੱਖ ਵੱਖ ਸਕੂਲਾਂ ਦੇ ਮੈਰੀਟੋਰੀਅਸ ਵਿਦਿਆਰਥੀ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਦੇ ਵਿਸ਼ਿਆਂ ਦੀ ਸਿੱਖਿਆ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਹਜ਼ਰਤ ਹਲੀਮਾ ਹਸਪਤਾਲ ਦਾ ਜਲਦੀ ਹੀ ਆਧੁਨਿਕੀਕਰਨ ਕੀਤਾ ਜਾਵੇਗਾ ਤਾਂ ਜੋ ਹਸਪਤਾਲ ਆਪਣੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਵਕਫ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਤੇ ਨਜਾਇਜ਼ ਕਬਜ਼ੇ ਹਨ ਉਨ੍ਹਾਂ ਪ੍ਰਾਪਰਟੀਆਂ ਨੂੰ ਵੀ ਜਲਦ ਹੀ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਨਵੀਂ ਪੀੜੀ ‘ਚ ਨੈਤਿਕ ਗੁਣ ਪੈਦਾ ਕੀਤੇ ਜਾ ਸਕਣ ਅਤੇ ਸਾਡੇ ਵਿਦਿਆਰਥੀ ਦੇਸ਼ ਅਤੇ ਸਮਾਜ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾ ਸਕਣ। ਸਮਾਗਮ ਦੌਰਾਨ ਸਕੂਲ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਹਾਜ਼ਰ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਸੀ.ਈ.ਓ ਡਾ.ਮੁਹੰਮਦ ਅਸਲਮ ਨੇ ਸਕੂਲ ਸਟਾਫ਼ ਅਤੇ 100 ਸਾਲਾ ਸੰਗਠਿਤ ਕਮੇਟੀ ਦੇ ਮੈਂਬਰਾਂ ਨੂੰ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਸਮਗਾਮ ਦੌਰਾਨ ਅਮਜਦ ਅਲੀ ਚੇਅਰਮੈਨ ਹਰਫ ਚੈਰੀਟੇਬਲ ਟਰੱਸਟ, ਸਾਬਕਾ ਮੰਤਰੀ ਚੌਧਰੀ ਅਬਦੁਲ ਗੱਫਾਰ,ਸਾਬਕਾ ਮੰਤਰੀ ਨੁਸਰਤ ਇਕਰਾਮ ਖਾਂ ਬੱਗਾ,ਮੁਹੰਮਦ ਉਵੈਸ (ਐਮ.ਡੀ ਸਟਾਰ ਇੰਪੈਕਟ),ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਮੁਫਤੀ ਏ ਆਜ਼ਮ ਪੰਜਾਬ, ਡਾ.ਮੁਹੰਮਦ ਖਾਲਿਦ, ਆਦਿ ਨੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ।
ਉਪਰੋਕਤ ਸਮਾਗਮ ਦੌਰਾਨ ਸਕੂਲ ਦੇ ਉਨ੍ਹਾਂ 80 ਦੇ ਲਗਭਗ ਪੁਰਾਣੇ ਵਿਦਿਆਰਥੀਆਂ ਜਿਨ੍ਹਾਂ ਨੇ ਜੀਵਨ ਦੇ ਕਿਸੇ ਵੀ ਖੇਤਰ 'ਚ ਵੱਖ-ਵੱਖ ਉਪਲੱਬਧੀਆਂ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਮੰਚ ਦਾ ਸੰਚਾਲਨ ਸ਼੍ਰੀ ਲੈਕਚਰਾਰ ਐਮ.ਅਨਵਾਰ ਅੰਜੁਮ ਅਤੇ ਮੁਹੰਮਦ ਨਜ਼ੀਰ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।
ਇਸ ਮੌਕੇ ਤੇ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦੀ ਸ਼ਰੀਕ ਏ ਹਯਾਤ ਮੈਡਮ ਫਰਿਆਲ ਰਹਿਮਾਨ, ਚੌਧਰੀ ਅਬਦੁਲ ਗਫਾਰ ਸਾਬਕਾ ਮੰਤਰੀ, ਸੀ.ਈ.ਓ ਡਾ.ਮੁਹੰਮਦ ਅਸਲਮ,ਹਾਸ਼ਮ ਸੂਫੀ,ਅਨਵਾਰ ਭਸੌੜ, ਨੌਸ਼ੀਨ ਅਖਤਰ, ਸ਼ਹਿਬਾਜ਼ ਰਾਣਾ, ਸਫੀਆ ਪ੍ਰਵੀਨ, ਐਡਵੋਕੇਟ ਅਬਦੁਲ ਕਾਦਿਰ (ਸਾਰੇ ਮੈਂਬਰ ਪੰਜਾਬ ਵਕਫ ਬੋਰਡ), ਈ.ਡੀ.ਓ ਮੈਡਮ ਅਮੀਨਾ ਤੋਂ ਇਲਾਵਾ ਬੋਰਡ ਵੱਲੋਂ ਸੰਗਠਿਤ ਕਮੇਟੀ ਮੈਂਬਰ ਮੁਹੰਮਦ ਜਮੀਲ ਚੌਹਾਨ,ਜ਼ਹੂਰ ਅਹਿਮਦ ਜ਼ਹੂਰ, ਐਮ.ਅਨਵਾਰ ਅੰਜੁਮ, ਜ਼ਹੂਰ ਅਹਿਮਦ ਚੌਹਾਨ, ਮਾਸਟਰ ਤਾਜ ਉਦ ਦੀਨ, ਮਾਸਟਰ ਅਨਵਾਰ ਆਜਰ, ਸੱਯਦ ਖਤੀਬ ਹੈਦਰ, ਅਬਦੁਲ ਸ਼ਕੂਰ, ਮੈਡਮ ਨਾਦੀਆ ਸਮੇਤ ਐਡਵੋਕੇਟ ਗੁਲਾਮ ਨਬੀ ਮਲਿਕ, ਸਾਬਕਾ ਸੀ.ਈ.ਓ ਜੁਲਫਕਾਰ ਅਲੀ ਮਲਿਕ, ਸਾਕਿਬ ਅਲੀ ਰਾਜਾ ਚੇਅਰਮੈਨ ਜਿਲ੍ਹਾ ਪਲਾਇੰਗ ਬੋਰਡ, ਪ੍ਰਿੰਸੀਪਲ ਡਾਕਟਰ ਮੁਹੰਮਦ ਇਰਫਾਨ ਫਾਰੂਕੀ ਅਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ।