ਹੈਰੋਇਨ ਸਮੇਤ ਦੋ ਤਸਕਰ ਕਾਬੂ
ਦੀਪਕ ਜੈਨ
ਜਗਰਾਉਂ, 26 ਅਕਤੂਬਰ 2024 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਆਈਪੀਐਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਅੱਜ ਥਾਣਾ ਸਿਟੀ ਜਗਰਾਉਂ ਵੱਲੋਂ ਦੋ ਨਸ਼ਾ ਤਸਕਰਾਂ ਨੂੰ 94 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਏਐਸਆਈ ਰਣਧੀਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਚੈਕਿੰਗ ਬਾਬਤ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਕੋਠੇ ਖਜੂਰਾਂ ਤੋਂ ਅਲੀਗੜ੍ਹ ਨੂੰ ਜਾ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਦੀ ਗੱਡੀ ਅਲੀਗੜ੍ਹ ਰੋਡ ਦੇ ਸ਼ਮਸਾਨ ਘਾਟ ਕੋਠੇ ਖਜੂਰਾਂ ਪਾਸ ਪਹੁੰਚੀ ਤਾਂ ਸ਼ਮਸ਼ਾਨ ਘਾਟ ਦੇ ਅੰਦਰਲੇ ਪਾਸੇ ਦੇ ਬੈਂਚਾਂ ਉੱਤੇ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ ਤਾਂ ਏਐਸਆਈ ਨੇ ਸ਼ਮਸ਼ਾਨ ਘਾਟ ਦੇ ਮੇਨ ਗੇਟ ਰਾਹੀਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਅੰਦਰ ਜਾ ਕੇ ਉਕਤ ਨੌਜਵਾਨਾਂ ਨੂੰ ਇੱਕ ਲਿਫਾਫੇ ਵਿੱਚ ਕੁਝ ਫਰੋਲਦੇ ਹੋਏ ਕਾਬੂ ਕੀਤਾ।
ਉਸ ਲਫਾਫੇ ਵਿੱਚ ਹੈਰੋਇਨ/ ਚਿੱਟਾ ਸਾਫ ਦਿਖਾਈ ਦੇ ਰਿਹਾ ਸੀ। ਫਿਰ ਏਐਸਆਈ ਰਣਧੀਰ ਸਿੰਘ ਵੱਲੋਂ ਕਾਬੂ ਕੀਤੇ ਨੌਜਵਾਨਾਂ ਦਾ ਨਾਮ ਪਤਾ ਪੁੱਛਿਆ ਤਾਂ ਪਹਿਲੇ ਨੌਜਵਾਨ ਨੇ ਆਪਣਾ ਨਾਮ ਜਗਰੂਪ ਸਿੰਘ ਉਰਫ ਜੱਗੂ ਪੁੱਤਰ ਮਲਕ ਸਿੰਘ ਵਾਸੀ ਢੋਲਣ ਅਤੇ ਦੂਸਰੇ ਨੇ ਆਪਣਾ ਨਾਮ ਆਕਾਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਐਤੀਆਣਾ ਦੱਸਿਆ ਏਐਸਆਈ ਨੇ ਬਾਵਰਦੀ ਆਪਣੀ ਪਹਿਚਾਣ ਕਰਾਉਂਦੇ ਹੋਏ ਜਗਰੂਪ ਸਿੰਘ ਉਰਫ ਜਗੂ ਅਤੇ ਆਕਾਸ਼ਦੀਪ ਸਿੰਘ ਦੇ ਕਬਜ਼ੇ ਵਿਚਲਾ ਲਿਫਾਫਾ ਪਾਰਦਰਸ਼ੀ ਵਿਚਲੀ ਹਰੋਇਨ ਦਾ ਵਜਨ ਕੰਪਿਊਟਰ ਕੰਢੇ ਉੱਪਰ ਕੀਤਾ। ਵਜਨ ਕਰਨ ਤੇ ਸਮੇਤ ਲਿਫਾਫਾ ਪਾਰਦਰਸੀ ਹੈਰੋਇਨ ਦਾ ਵਜਨ 94 ਗ੍ਰਾਮ ਹੋਇਆ। ਜਿਸ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਦੋਸ਼ੀਆਂ ਦੇ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।