ਪਰਾਲੀ ਪ੍ਰਬੰਧਨ ਸਬੰਧੀ ਰਾਈਆ, ਭਗਤਾ ਭਾਈਕਾ ਤੇ ਬਲਾਹੜ੍ਹ ਵਿੰਝੂ ’ਚ ਜਾਗਰੂਕਤਾ ਕੈਂਪ ਲਾਏ
ਅਸ਼ੋਕ ਵਰਮਾ
ਬਠਿੰਡਾ, 26 ਅਕਤੂਬਰ2024 : ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਇਸ ਦੇ ਮੁਕੰਮਲ ਨਿਪਟਾਰੇ ਲਈ ਜ਼ਿਲ੍ਹੇ ਦੇ ਪਿੰਡ ਰਾਈਆ, ਭਗਤਾ ਭਾਈਕਾ ਤੇ ਬਲਾਹੜ੍ਹ ਵਿੰਝੂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ। ਕੈਂਪਾਂ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧ ਲਈ ਖੇਤੀ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਲਗਾਏ ਗਏ ਕੈਂਪਾਂ ਦੌਰਾਨ ਵੱਖ-ਵੱਖ ਖੇਤੀ ਮਾਹਰਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਨਾਲ ਮੌਸਮ ਤੇ ਮਾੜੇ ਪਾਣੀ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ 3-4 ਸਾਲ ਪਰਾਲੀ ਨੂੰ ਖੇਤ ਵਿੱਚ ਦਬਾਉਣ ਨਾਲ ਜਮੀਨ ਵਿਚਲੀ ਮੱਲੜ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਖੇਤ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ।
ਇਨ੍ਹਾਂ ਕੈਂਪਾਂ ਦੌਰਾਨ ਅਗਾਂਹਵਧੂ ਕਿਸਾਨਾਂ ਵੱਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਆਪੋ-ਆਪਣੇ ਤਜ਼ਰਬੇ ਵੀ ਸਾਂਝੇ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਤੇ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ।ਇਸ ਦੌਰਾਨ ਸੁਖਜਿੰਦਰ ਸਿੰਘ ਸਪੈਸ਼ਲ ਸੁਪਰਵਾਈਜ਼ਰ ਅਤੇ ਪ੍ਰਗਟ ਸਿੰਘ ਨੋਡਲ ਅਫ਼ਸਰ ਵੱਲੋਂ ਬਲਾਕ ਫੂਲ ਦੇ ਪਿੰਡ ਰਾਈਆ ਦੀ ਦਾਣਾ ਮੰਡੀ ਵਿਖੇ ਮੌਜੂਦ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕੀਤਾ ਗਿਆ।
ਇਸੇ ਤਰ੍ਹਾਂ ਹੀ ਭਗਤਾ ਭਾਈਕਾ ਵਿਖੇ ਕਲੱਸਟਰ ਅਫਸਰ ਪਰਮਿੰਦਰ ਸਿੰਘ ਨੇ ਕਿਸਾਨਾਂ ਨਾਲ ਪਰਾਲੀ ਪਰਬੰਧਨ ਸਬੰਧੀ ਮੀਟਿੰਗ ਦੌਰਾਨ ਉੱਨਤ ਕਿਸਾਨ ਐਪ ਬਾਰੇ ਜਾਣਕਾਰੀ ਦਿੱਤੀ ਗਈ। ਪਿੰਡ ਬਲਾਹੜ ਵਿੰਝੂ ਵਿਖੇ ਦੌਰੇ ਦੌਰਾਨ ਕੈਂਪ ਟੀਮ ਵੱਲੋਂ ਕਿਸਾਨ ਨਿਰਮਲ ਸਿੰਘ ਪੁੱਤਰ ਸਾਧੂ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਜਿੱਥੇ ਕਿਸਾਨ ਨਿਰਮਲ ਸਿੰਘ ਦੁਆਰਾ 15 ਏਕੜ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਈਆਂ ਗਈਆਂ ਹਨ।