ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਦੁਆਰਾ ਸਫ਼ਾਈ ਮੁੰਹਿਮ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 30 ਅਕਤੂਬਰ,2024,ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ MY Bharat ਵਿਸ਼ੇ ਅਧੀਨ ਰਾਸ਼ਟਰੀ ਅਭਿਆਨ ''Ye Diwali My Bharat Wali'' ਤਹਿਤ ਪ੍ਰਿੰਸੀਪਲ ਪ੍ਰੋ. ਡਾ. ਬਲਵਿੰਦਰ ਸਿੰਘ ਵੜੈਚ ਸਰਕਾਰੀ ਕਾਲਜ ਮਾਲੇਰਕੋਟਲਾ ਦੀ ਸਰਪ੍ਰਸਤੀ ਹੇਠ ਕਾਲਜ ਦੇ ਐਨ.ਐਸ.ਐਸ ਵਿਭਾਗ ਦੁਆਰਾ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਨਾਲ ਹੀ ਐਨ.ਐਸ.ਐਸ ਵਲੰਟੀਅਰਜ਼ ਨੂੰ ਟਰੈਫਿਕ ਪੁਆਇੰਟ ਤੇ ਲਿਜਾਇਆ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਨੌਜਵਾਨ ਐਨ.ਐਸ.ਐਸ ਵਲੰਟੀਅਰਜ਼ ਵਿੱਚ ਆਲੇ ਦੁਆਲੇ ਦੀ ਸਫ਼ਾਈ ਪ੍ਰਤੀ ਜ਼ਿੰਮੇਵਾਰੀ ਪੈਦਾ ਕਰਨਾ, ਖਾਸ ਤੌਰ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਆਲੇ ਦੁਆਲੇ ਦੀ ਸਫ਼ਾਈ ਅਤੇ ਵਾਤਾਵਰਣ ਦੀ ਸੁਰੱਖਿਆ ਦੀ ਮਹੱਤਤਾ ਨੂੰ ਸਮਝਾਉਣਾ ਅਤੇ ਵਲੰਟੀਅਰਜ਼ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਕਾਰਜ ਲਈ ਪ੍ਰਿੰਸੀਪਲ ਸਰਕਾਰੀ ਕਾਲਜ ਮਾਲੇਰਕੋਟਲਾ ਬਲਵਿੰਦਰ ਸਿੰਘ ਵੜੈਚ ਜੀ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਜੀ ਨੇ ਵਲੰਟੀਅਰਜ਼ ਦੀ ਅਗਵਾਈ ਕਰਦਿਆਂ ਉਹਨਾਂ ਨੂੰ ਰਵਾਨਾ ਕੀਤਾ।
ਇਸ ਅਭਿਆਨ ਲਈ ਪਹਿਲਾਂ ਵਲੰਟੀਅਰਜ਼ ਨੂੰ ਨੇੜੇ ਅਨਾਜ ਮੰਡੀ ਵਿੱਚ ਲਿਜਾਇਆ ਗਿਆ ਜਿਸ ਵਿੱਚ ਵਲੰਟੀਅਰਜ਼ ਨੇ ਦਾਣਾ ਮੰਡੀ ਅਤੇ ਆਲੇ ਦੁਆਲੇ ਦੀ ਸਫ਼ਾਈ ਕੀਤੀ ਅਤੇ ਨਾਲ ਹੀ ਵਲੰਟੀਅਰਜ਼ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਵਲੰਟੀਅਰਜ਼ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਵਾਉਣ ਲਈ ਟਰੈਫਿਕ ਪੁਆਇੰਟ ਤੇ ਲਿਜਾਇਆ ਗਿਆ ਜਿੱਥੇ ਟਰੈਫਿਕ ਅਧਿਕਾਰੀਆਂ ਨੇ ਵਲੰਟੀਅਰਜ਼ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰੇ ਤਾਂ ਜੋ ਕਿਸੇ ਵੀ ਅਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਵਲੰਟੀਅਰਜ਼ ਨੇ ਟਰੈਫਿਕ ਅਧਿਕਾਰੀਆਂ ਦੀ ਟਰੈਫਿਕ ਨੂੰ ਕੰਟਰੋਲ ਕਰਨ ਵਿੱਚ ਮਦਦ ਵੀ ਕੀਤੀ।
ਇਸ ਸਾਰੇ ਅਭਿਆਨ ਵਿੱਚ ਐਨ.ਐਸ.ਐਸ ਪ੍ਰੋਗਰਾਮ ਅਫਸਰ ਡਾ. ਬਲਜਿੰਦਰ ਕੌਰ, ਪ੍ਰੋ. ਮੁਹੰਮਦ ਸ਼ਾਹਿਦ, ਡਾ. ਵਲੀ ਮੁਹੰਮਦ, ਪ੍ਰੋ. ਸੰਦੀਪ, ਮੈਥ ਵਿਭਾਗ ਤੋਂ ਡਾ. ਪਰਮਜੀਤ ਸਿੰਘ ਢਿੱਲੋਂ, ਪ੍ਰੋ. ਮੁਹੰਮਦ ਅਨਵਰ, ਡਾ. ਰੇਨੂੰ ਸ਼ਰਮਾ ਨੇ ਇਸ ਅਭਿਆਨ ਦੀ ਯੋਗ ਅਗਵਾਈ ਕੀਤੀ।