ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਕੈਨੇਡਾ ਵਿਚ ਐੱਮ ਐੱਲ ਏ ਚੁਣੇ ਗਏ
ਲੁਧਿਆਣਾ 30 ਅਕਤੂਬਰ, 2024
ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਿਆਸਤਦਾਨ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਤੇਜਿੰਦਰ ਗਰੇਵਾਲ ਹੁਣੇ ਹੁਣੇ ਹੋਈਆਂ ਸਾਸਕਾਚਵਾਨ ਦੀਆਂ ਅਸੈਂਬਲੀ ਚੋਣਾਂ ਵਿਚ ਐੱਮ ਐੱਲ ਏ ਚੁਣੇ ਗਏ ਹਨ|
ਡਾ. ਗਰੇਵਾਲ ਨੇ ਬੀ ਐੱਸ ਸੀ ਐਗਰੀਕਲਚਰਲ (ਆਨਰਜ਼), ਐੱਮ ਐੱਸ ਸੀ ਅਤੇ ਪੀ ਐੱਚ ਡੀ ਪੀ.ਏ.ਯੂ. ਤੋਂ ਪੌਦਾ ਵਿਗਿਆਨ ਵਿਚ ਕੀਤੀ| ਉਹ 1993 ਤੋਂ 1999 ਤੱਕ ਬਾਇਓਤਕਨਾਲੋਜੀ ਕੇਂਦਰ ਵਿਚ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦੇ ਰਹੇ| 1999 ਵਿਚ ਉਹ ਪਰਿਵਾਰ ਸਮੇਤ ਕੈਨੇਡਾ ਚਲੇ ਗਏ| ਮੌਜੂਦਾ ਸਮੇਂ ਉਹ ਐੱਸ ਜੀ ਐੱਸ ਕੈਨੇਡਾ ਵਿੱਚ ਮੁਖੀ ਅਤੇ ਮੁੱਖ ਵਿਗਿਆਨੀ ਜੀਨ ਵਿਗਿਆਨ ਵਜੋਂ ਕਾਰਜਸ਼ੀਲ ਹਨ| ਇਸ ਤੋਂ ਪਹਿਲਾਂ ਉਹ ਸਾਸਕਾਚਵਾਨ ਯੂਨੀਵਰਸਿਟੀ ਵਿਚ ਖੋਜ ਅਧਿਕਾਰੀ ਅਤੇ ਵਿਗਿਆਨੀ ਦੇ ਤੌਰ ਤੇ ਕੰਮ ਕਰ ਚੁੱਕੇ ਹਨ| ਇਸ ਤੋਂ ਇਲਾਵਾ ਉਹ ਸਾਸਕਾਚਵਾਨ ਇੰਸਟੀਚਿਊਟ ਆਫ ਐਗਰੋਲੋਜਿਸਟਜ਼ ਵਿਖੇ ਵੀ ਕੰਮ ਕਰ ਚੁੱਕੇ ਹਨ| ਬਹੁਤ ਸਾਰੀਆਂ ਕੌਮੀ ਅਤੇ ਕੌਮਾਂਤਰੀ ਪੇਸ਼ੇਵਰ ਸੰਸਥਾਵਾਂ ਨਾਲ ਜੁੜੇ ਹੋਏ ਡਾ. ਤਜਿੰਦਰ ਸਿੰਘ ਗਰੇਵਾਲ ਕੋਲ ਯੂਨੀਵਰਸਿਟੀਆਂ ਵਿਚ ਅਕਾਦਮਿਕ ਮਾਹਿਰ ਵਜੋਂ ਕੰਮ ਕਰਨ ਦੇ ਨਾਲ-ਨਾਲ ਸਰਕਾਰੀ ਅਤੇ ਨਿੱਜੀ ਖੇਤਰ ਦਾ ਵਿਸ਼ਾਲ ਤਜਰਬਾ ਹੈ|
ਖੇਡਾਂ ਪ੍ਰਤੀ ਪ੍ਰੇਮ ਦੇ ਚਲਦੇ ਡਾ. ਗਰੇਵਾਲ ਨੇ 2003 ਵਿਚ ਸਾਸਕਾਟੂਨ ਹਾਕੀ ਕਲੱਬ ਬਣਾਇਆ, ਜਿਸ ਦੇ ਉਹ 2020 ਤੱਕ ਖਜ਼ਾਨਚੀ ਰਹੇ| ਸਾਸਕਾਚਵਾਨ ਵਿਚ ਆਵਾਸੀਆਂ ਦੀ ਸਹਾਇਤਾ ਲਈ ਉਹਨਾਂ ਇੰਟਰ ਕਲਚਰ ਐਸੋਸੀਏਸ਼ਨ ਦੇ ਪ੍ਰਬੰਧਕੀ ਬੋਰਡ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ| ਨਾਲ ਹੀ ਉਹ ਹਾਰਟ ਅਤੇ ਸਟ੍ਰੋਕ ਫਾਊਂਡੇਸ਼ਨ, ਮਾਈਲਜ਼ ਫਾਰ ਸਮਾਈਲਜ਼, ਕਮਿਊਟਰ ਚੈਂਲੇਜ ਫਾਰਮੇਸੀ ਐਂਡ ਨਿਊਟ੍ਰੀਸ਼ਨ ਸਪੀਚ ਕਰਾਫਟ ਪ੍ਰੋਗਰਾਮ ਨਾਲ ਸਾਸਕਾਚਵਾਨ ਯੂਨੀਵਰਸਿਟੀ ਵਿਖੇ ਜੁੜੇ ਰਹੇ|
ਡਾ. ਗਰੇਵਾਲ ਨੇ ਸੂਬੇ ਵਿਚ ਪੰਜਾਬੀ ਸੱਭਿਆਚਾਰਕ ਐਸੋਸੀਏਸ਼ਨ ਦੀ ਸਥਾਪਨਾ ਲਈ ਪ੍ਰਮੁੱਖ ਭੂਮਿਕਾ ਨਿਭਾਈ ਜਿਸਦੇ ਉਹ 2010 ਤੋਂ 2012 ਤੱਕ ਪ੍ਰਧਾਨ ਰਹੇ| ਇਸਦੇ ਨਾਲ-ਨਾਲ ਉਹਨਾਂ ਨੇ ਸਾਸਕਾਟੂਨ ਕੋਆਪਰੇਟਿਵ ਐਸੋਸੀਏਸ਼ਨ ਦੇ ਪ੍ਰਬੰਧਕੀ ਬੋਰਡ ਵਿਚ ਕੰਮ ਕੀਤਾ| 1936 ਤੋਂ ਬਾਅਦ ਉਹ ਇਸ ਸੰਸਥਾ ਨਾਲ ਜੁੜਨ ਵਾਲੇ ਪਹਿਲੇ ਗੈਰ ਗੋਰੇ ਵਿਅਕਤੀ ਸਨ| 2014 ਵਿਚ ਉਹ ਰਾਜਨੀਤੀ ਵਿਚ ਸਰਗਰਮ ਹੋਏ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਸਾਰੇ ਅਹੁਦਿਆਂ ਤੇ ਕੰਮ ਕਰਦੇ ਰਹੇ| ਬੀਤੇ ਦਿਨੀਂ ਹੋਈਆਂ ਚੋਣਾਂ ਵਿਚ ਉਹਨਾਂ ਨੂੰ ਸਾਸਕਾਟੂਨ ਯੂਨੀਵਰਸਿਟੀ ਸਦਰਲੈਂਡ ਦੇ ਐੱਮ ਐੱਲ ਏ ਚੁਣਿਆ ਗਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਡਾ. ਗਰੇਵਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਵਿਚ ਪੰਜਾਬੀ ਭਾਈਚਾਰੇ ਲਈ ਉਹਨਾਂ ਦੇ ਸੁਹਿਰਦ ਯਤਨਾਂ ਦੀ ਕਾਮਨਾ ਕੀਤੀ|