ਮੋਹਾਲੀ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ
ਹਰਜਿੰਦਰ ਸਿੰਘ ਭੱਟੀ
- ਸਿਹਤ ਵਿਭਾਗ ਵਲੋਂ ਨਾਗਰਿਕ ਸੁਰੱਖਿਆ ਨੂੰ ਧਿਆਨ ਚ ਰੱਖਦੇ ਐਡਵਾਈਜ਼ਰੀ ਜਾਰੀ
- ਦੀਵਾਲੀ ਮੌਕੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਕਤੂਬਰ, 2024: ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਜ਼ਿਲ੍ਹਾ ਵਾਸੀਆਂ ਨੂੰ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਜ਼ਿਆਦਾ ਆਵਾਜ਼ ਅਤੇ ਧੂਏਂ ਵਾਲੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ, ਬੰਦੀ-ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਦੀਵਾਲੀ ਖੁਸ਼ੀਆਂ ਅਤੇ ਧਾਰਮਿਕ ਰਵਾਇਤਾਂ ਨਾਲ ਜੁੜਿਆ ਤਿਉਹਾਰ ਹੋਣ ਕਰਕੇ ਦੇਸ਼ ਭਰ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਮੌਜੂਦਾ ਸਮੇਂ ਚ ਇਸ ਨੂੰ ਕੇਵਲ ਪਟਾਕਿਆਂ ਨਾਲ ਜੋੜ ਕੇ ਦੇਖਣ ਨਾਲ ਮਨੁੱਖੀ ਜਾਨਾਂ ਅਤੇ ਵਾਤਾਵਰਣ ਸੁਰੱਖਿਆ ਨੂੰ ਖ਼ਤਰਾ ਵੀ ਮਹਿਸੂਸ ਹੋਣ ਲੱਗ ਗਿਆ ਹੈ, ਜਿਸ ਤੇ ਮਾਣਯੋਗ ਹਾਈਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਕੁੱਝ ਪਾਬੰਦੀਆਂ ਵੀ ਲਾਈਆਂ ਗਈਆਂ ਹਨ, ਜਿਨ੍ਹਾਂ ਚ ਪਟਾਕਿਆਂ ਦੀ ਸੀਮਤ ਸਮੇਂ ਲਈ ਵਰਤੋਂ ਅਤੇ ਘੱਟ ਆਵਾਜ਼ ਵਾਲੇ ਤੇ ਖ਼ਾਸ ਰਸਾਇਣਾਂ ਤੋਂ ਰਹਿਤ ਪਟਾਕੇ ਚਲਾਉਣ ਦੀਆਂ ਵਿਸਤ੍ਰਿਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਤਿਉਹਾਰ ਦੀਆਂ ਖੁਸ਼ੀਆਂ ਨੂੰ ਇਨ੍ਹਾਂ ਹਦਾਇਤਾਂ ਦੀ ਰੌਸ਼ਨੀ ਚ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਹਦਾਇਤਾਂ ਮੁਤਾਬਕ ਪੂਰੇ ਰਾਜ ਵਿੱਚ ਲੜੀਵਾਰ ਫਾਇਰ ਪਟਾਕਿਆਂ (ਸੀਰੀਜ਼ ਪਟਾਕੇ ਜਾਂ ਲਾਰੀਆਂ) ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਅਤੇ ਵਰਤੋਂ ਤੇ ਪਾਬੰਦੀ ਹੋਵੇਗੀ। ਸਿਰਫ਼ ਹਰੇ ਪਟਾਕੇ (ਉਹ ਪਟਾਕੇ ਜੋ ਬੇਰੀਅਮ ਸਾਲਟ ਜਾਂ ਐਂਟੀਮੈਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਣ ਦੀ ਵਰਤੋਂ ਨਹੀਂ ਕਰਦੇ) ਨੂੰ ਜ਼ਿਲ੍ਹੇ ਵਿੱਚ ਵਿਕਰੀ ਅਤੇ ਵਰਤੋਂ ਲਈ ਆਗਿਆ ਦਿੱਤੀ ਜਾਵੇਗੀ, ਸਿਰਫ਼ ਇਜਾਜ਼ਤ ਵਾਲੇ ਪਟਾਕਿਆਂ ਲਈ ਵਿਕਰੀ ਲਾਇਸੰਸਸ਼ੁਦਾ ਵਪਾਰੀਆਂ ਦੁਆਰਾ ਕੀਤੀ ਜਾਵੇਗੀ, ਕੋਈ ਵੀ ਲਾਇਸੰਸਧਾਰੀ ਕਿਸੇ ਅਜਿਹੇ ਪਟਾਕੇ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵੇਚ ਨਹੀਂ ਸਕਦਾ ਹੈ, ਜਿਸਦਾ ਡੈਸੀਬਲ ਪੱਧਰ ਮਨਜ਼ੂਰਸ਼ੁਦਾ ਸੀਮਾਵਾਂ ਦੇ ਅੰਦਰ ਨਹੀਂ ਹੈ।
ਇਨ੍ਹਾਂ ਹਦਾਇਤਾਂ ਮੁਤਾਬਕ ਦੀਵਾਲੀ ਵਾਲੇ ਦਿਨ 31 ਅਕਤੂਬਰ ਨੂੰ ਕੇਵਲ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 15 ਨਵੰਬਰ ਨੂੰ ਕੇਵਲ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਸ਼ਾਮ 9 ਵਜੇ ਤੋਂ ਰਾਤ 10 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਕ੍ਰਿਸਮਿਸ ਦਿਵਸ ਵਾਲੇ ਦਿਨ 25 ਅਤੇ 26 ਦਸੰਬਰ ਨੂੰ ਕੇਵਲ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਨਵੇਂ ਸਾਲ ਦੇ ਆਰੰਭ ਤੋਂ 31 ਦਸੰਬਰ 2024 ਤੋਂ 01 ਜਨਵਰੀ 2025 ਨੂੰ ਕੇਵਲ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਫਾਇਰ ਕਰੈਕਰਜ਼/ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿੱਥੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉੱਥੇ ਦੀਵਾਲੀ ਵਾਲੇ ਦਿਨ ਪਟਾਕਿਆਂ ਨਾਲ ਵਾਪਰਨ ਵਾਲੇ ਕਿਸੇ ਵੀ ਹਾਦਸੇ ਨਾਲ ਨਜਿੱਠਣ ਲਈ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਜਾਣਗੀਆਂ।
ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਵਾਤਾਵਰਣ ’ਚ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਟਾਕੇ ਚਲਾਉਣ ਨਾਲ ਆਬੋ-ਹਵਾ ਵਿਗੜਦੀ ਹੈ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ l
ਸੁਰੱਖਿਅਤ ਦੀਵਾਲੀ ਮਨਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਰੇਨੂੰ ਸਿੰਘ ਨੇ ਕਿਹਾ ਜੇ ਪਟਾਕੇ ਚਲਾਉਣੇ ਹੀ ਹਨ ਤਾਂ ਸਾਵਧਾਨੀਆਂ ਵਰਤੀਆਂ ਜਾਣ। ਅੱਖਾਂ ਦਾ ਖ਼ਾਸ ਤੌਰ ’ਤੇ ਖ਼ਿਆਲ ਰਖਣਾ ਜ਼ਰੂਰੀ ਹੈ ਤੇ ਨਾਲ ਹੀ ਪਾਣੀ ਦੀਆਂ ਬਾਲਟੀਆਂ ਅਤੇ ਮਿੱਟੀ ਦੇ ਥੈਲੇ ਅਪਣੀ ਸੁਖਾਲੀ ਪਹੁੰਚ ’ਚ ਰੱਖੇ ਜਾਣ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਆਤਿਸ਼ਬਾਜ਼ੀ ਤੋਂ ਦੂਰ ਰਖਿਆ ਜਾਵੇ ਅਤੇ ਮਾਪਿਆਂ ਦਾ ਬੱਚਿਆਂ ਨਾਲ ਮੌਜੂਦ ਹੋਣਾ ਜ਼ਰੂਰੀ ਹੈ। ਪਟਾਕੇ ਚਲਾਉਂਦੇ ਸਮੇਂ ਰੇਸ਼ਮੀ ਅਤੇ ਢਿੱਲੇ ਕੱਪੜੇ ਨਹੀਂ ਪਾਉਣੇ ਚਾੀਦੇ ਸਗੋਂ ਸੂਤੀ ਕਪੜੇ ਪਾਉਣੇ ਚਾਹੀਦੇ ਹਨ। ਪਟਾਕੇ ਕਦੇ ਵੀ ਹੱਥ ਵਿਚ ਫੜ ਕੇ ਨਹੀਂ ਚਲਾਉਣੇ ਚਾਹੀਦੇ ਅਤੇ ਅਣਚੱਲੇ ਪਟਾਕਿਆਂ ਨੂੰ ਮੁੜ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸੁਰੱਖਿਅਤ ਅਤੇ ਵਾਤਾਵਰਣ ਹਿਤੈਸ਼ੀ ਦੀਵਾਲੀ ਪ੍ਰਤੀ ਵਚਨਬੱਧ ਹੈ। ਦੀਵਾਲੀ ਵਾਲੇ ਦਿਨ ਅਤੇ ਰਾਤ ਸਮੇਂ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਿਹਤ ਸੰਸਥਾਵਾਂ ਵਿਚ ਜਿਥੇ ਐਮਰਜੈਂਸੀ ਸੇਵਾਵਾਂ ਆਮ ਵਾਂਗ ਚਾਲੂ ਰਹਿਣਗੀਆਂ, ਉਥੇ ਡਾਕਟਰਾਂ ਅਤੇ ਹੋਰ ਸਟਾਫ਼ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਤਾਕਿ ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਦੀਵਾਲੀ ਆਪਸੀ ਪ੍ਰੇਮ, ਖ਼ੁਸ਼ੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ, ਇਸ ਲਈ ਸਾਰਿਆਂ ਨੂੰ ਇਹ ਤਿਉਹਾਰ ਇਸੇ ਭਾਵਨਾ ਨਾਲ ਮਿਲ-ਜੁਲ ਕੇ ਮਨਾਉਣਾ ਚਾਹੀਦਾ ਹੈ ਤੇ ਨਾਲ ਹੀ ਅਪਣੀ ਸਿਹਤ ਅਤੇ ਵਾਤਾਵਰਣ ਦਾ ਵੀ ਖ਼ਿਆਲ ਰਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਾਸੀ ਦੀਵਾਲੀ ਵਾਲੇ ਦਿਨ ਅਪਣੇ ਘਰ ਜਾਂ ਆਲੇ ਦੁਆਲੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਏ।