ਵਿਦਿਆਰਥੀਆਂ ਨੇ ਕੀਤਾ ਪੀਏਯੂ ਦਾ ਦੌਰਾ
ਲੁਧਿਆਣਾ, 30 ਅਕਤੂਬਰ, 2024 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਲਗਾਤਾਰ ਯਤਨਾਂ ਤਹਿਤ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਸਥਿਤ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਲਈ ਵਿਦਿਅਕ ਦੌਰੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਨਿਰਦੇਸ਼ਾਂ ਦੇ ਹਿੱਸੇ ਵਜੋਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਡੇਹਲੋਂ (ਲੁਧਿਆਣਾ) ਦੇ 37 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫਤਹਿਗੜ੍ਹ ਪੰਜਤੂਰ (ਮੋਗਾ) ਦੇ 91 ਵਿਦਿਆਰਥੀਆਂ ਨੇ ਸੂਬੇ ਦੀ ਖੇਤੀਬਾੜੀ ਦਾ ਸ਼ਾਨਦਾਰ ਦ੍ਰਿਸ਼ ਦੇਖਣ ਲਈ ਪੀਏਯੂ ਦਾ ਦੌਰਾ ਕੀਤਾ।
ਪੀਏਯੂ ਵਿਖੇ ਸਬਜੀਆਂ ਦੇ ਪ੍ਰਦਰਸ਼ਨੀ ਖੇਤਰ ਦਾ ਦੌਰਾ ਕਰਦੇ ਹੋਏ, ਡਾ: ਹੀਰਾ ਸਿੰਘ, ਸਬਜੀ ਵਿਗਿਆਨੀ ਵਲੋਂ ਵੱਖ-ਵੱਖ ਸਬਜੀਆਂ ਅਤੇ ਘਰੇਲੂ ਬਗੀਚੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕੀਤੀ।ਜਿਸ ਵਿੱਚ ਯੂਨੀਵਰਸਿਟੀ ਵੱਲੋਂ ਸਬਜੀਆਂ ਤੇ ਚੱਲ ਰਹੀਆਂ ਵੱਖ-ਵੱਖ ਖੋਜਾਂ ਅਤੇ ਸਬਜੀਆਂ ਦੀਆਂ ਨਵੀਆਂ ਕਿਸਮਾਂ ਤੋਂ ਵੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ।ਵਿਦਿਆਰਥੀਆਂ ਵੱਲੋਂ ਸਬਜੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਸੰਚਾਰ ਕੇਂਦਰ ਤੋਂ ਇਸ ਦੌਰੇ ਦੇ ਕੋਆਰਡੀਨੇਟਰ ਸ੍ਰੀ ਵਰਿੰਦਰ ਸਿੰਘ ਨੇ ਪੀਏਯੂ ਦੇ ਅਜਾਇਬ ਘਰ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਬਾਰੇ ਜਾਣਕਾਰੀ ਦਿੱਤੀ।ਅੰਤ ਵਿੱਚ ਉਹਨਾਂ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਪੀਏਯੂ ਆਉਣ ਤੇ ਧੰਨਵਾਦ ਕੀਤਾ।
ਇਹ ਦੌਰਾ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਮੁਖੀ ਪਸਾਰ ਸਿੱਖਿਆ ਵਿਭਾਗ ਡਾ. ਕੁਲਦੀਪ ਸਿੰਘ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।