ਡਿਪਟੀ ਕਮਿਸ਼ਨਰ ਨੇ ਕੇਂਦਰੀ ਜੇਲ੍ਹ ਪਟਿਆਲਾ ਦੀਆਂ ਬੰਦੀ ਔਰਤਾਂ ਤੇ ਕਰੈੱਚ ’ਚ ਬੱਚਿਆਂ ਦੀਵਾਲੀ ਮਨਾਈ
-ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਬਾਲੜੀਆਂ ਨਾਲ ਵੀ ਮਨਾਈ ਦੀਵਾਲੀ
ਪਟਿਆਲਾ, 30 ਅਕਤੂਬਰ 2024 - ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਇਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਮਹਿਲਾ ਬੰਦੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮਹਿਲਾਵਾਂ ਜੇਲ੍ਹ ਵਿਖੇ ਆਪਣਾ ਸਮਾਂ ਕੱਟਣ ਤੋਂ ਬਾਅਦ ਸਮਾਜ ਵਿੱਚ ਇੱਕ ਆਮ ਨਾਗਰਿਕ ਵਾਲਾ ਜੀਵਨ ਜਿਉਣਗੀਆਂ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਨਾ ਚਾਹੁੰਦੇ ਹੋਏ ਵੀ ਹੋਈਆਂ ਗ਼ਲਤੀਆਂ ਕਰਕੇ ਉਹ ਜੇਲ੍ਹ ਵਿੱਚ ਹਨ ਪ੍ਰੰਤੂ ਹੁਣ ਉਹ ਪ੍ਰਣ ਕਰਨ ਕੇ ਉਹ ਆਪਣਾ ਅਗਲਾ ਜੀਵਨ ਪੁਰਾਣੀ ਗ਼ਲਤੀਆਂ ਸੁਧਾਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਮਿਠਾਈ ਅਤੇ ਫਲ਼ ਤਕਸੀਮ ਕਰਦਿਆਂ ਕਾਮਨਾ ਕੀਤੀ ਕਿ ਜੇਲ੍ਹ ਦੇ ਕੈਦੀਆਂ ਲਈ ਵੀ ਇਹ ਦੀਵਾਲੀ ਖ਼ੁਸ਼ੀਆਂ ਦੇ ਖੇੜੇ ਲੈ ਕੇ ਆਵੇ। ਉਨ੍ਹਾਂ ਨੇ ਜੇਲ੍ਹ ਵਿਚਲੀ ਕਰੈੱਚ ਵਿੱਚ ਨੰਨੇ ਮੁੰਨੇ ਬੱਚਿਆਂ ਨਾਲ ਦੀਵਾਲੀ ਦੀ ਖ਼ੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਤੋਹਫ਼ੇ ਅਤੇ ਪੜ੍ਹਨ ਲਈ ਕਿਤਾਬਾਂ ਤੇ ਸਟੇਸ਼ਨਰੀ ਆਦਿ ਵੀ ਸੌਂਪੀ। ਇਸ ਮੌਕੇ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਅਤੇ ਰੈੱਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਇਥੇ ਲਹੌਰੀ ਗੇਟ ਵਿਖੇ ਸਥਿਤ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਰਹਿ ਰਹੀਆਂ ਨਵ ਜੰਨਮੀਆਂ ਬਾਲੜੀਆਂ ਅਤੇ ਬਾਲਗ ਲੜਕੀਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਉਨ੍ਹਾਂ ਨੇ ਸਾਰੀਆਂ ਬਾਲੜੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚੀਆਂ ਲਈ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਬੱਚੀਆਂ ਮਿਠਾਈਆਂ, ਤੋਹਫ਼ੇ, ਸਟੇਸ਼ਨਰੀ ਅਤੇ ਹੋਰ ਲੋੜੀਂਦੀਆਂ ਵਸਤਾਂ ਵੀ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦੀ ਪ੍ਰਬੰਧਕ ਉਰਮਿਲਾ ਪੁਰੀ ਨੂੰ ਸੌਂਪੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਸੀ ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ।