ਯੂਥ ਵੀਰਾਂਗਨਾਂਵਾਂ ਨੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨਾਲ ਮਨਾਈ ਦੀਵਾਲੀ
ਅਸ਼ੋਕ ਵਰਮਾ
ਬਠਿੰਡਾ, 30 ਅਕਤੂਬਰ2024: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਦੀਆਂ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਸਥਾਨਕ ਪਰਸ ਰਾਮ ਨਗਰ ਵਿਖੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਮਿਠਾਈ ਅਤੇ ਹੋਰ ਦੀਵਾਲੀ ਦਾ ਸਮਾਨ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੰਸਥਾ ਵਲੰਟੀਅਰ ਸੁਖਵੀਰ ਕੌਰ ਨੇ ਕਿਹਾ ਕਿ ਅੱਜ ਸਾਡੀ ਸੰਸਥਾ ਦੇ ਮੈਂਬਰਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਦੀਵਾਲੀ ਦੇ ਸ਼ੁੱਭ ਮੌਕੇ ਤੇ ਮਿਠਾਈ ਵੰਡੀ ਗਈ ਹੈ, ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਮਿਠਾਈ ਦੇ ਨਾਲ-ਨਾਲ ਦੀਵੇ ਅਤੇ ਪਟਾਖੇ ਆਦਿ ਵੀ ਦਿੱਤੇ ਗਏ ਹਨ। ਯੂਥ ਵਲੰਟੀਅਰਾਂ ਨੇ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਆਮ ਜਨ ਨੂੰ ਵੀ ਅਪੀਲ ਕੀਤੀ ਕਿ ਉਹ ਖੁਸ਼ੀ ਦੇ ਮੌਕਿਆਂ ਨੂੰ ਜਰੂਰਤਮੰਦ ਬੱਚਿਆਂ ਨਾਲ ਮਿਲ ਕਿ ਮਨਾਉਣ
ਉਨ੍ਹਾਂ ਕਿਹਾ ਕਿ ਇਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਕਈ ਗੁਣਾ ਵਧ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਵੀ ਸਮਾਜ ਪ੍ਰਤੀ ਆਪਣੇਪਣ ਦਾ ਅਹਿਸਾਸ ਹੁੰਦਾ ਹੈ। ਇਸ ਮੌਕੇ ਬੱਚੇ ਮਿਠਾਈ ਅਤੇ ਹੋਰ ਸਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਨਜਰ ਆਏ। ਯੂਥ ਵਲੰਟੀਅਰਾਂ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲ੍ਹੇ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਆਰਥਿਕ ਤੰਗੀ ਕਾਰਨ ਪੜ੍ਹ ਨਹੀਂ ਸਕਦਾ ਤਾਂ ਸਾਡੀ ਸੰਸਥਾ ਉਸ ਬੱਚੇ ਨੂੰ ਪੜ੍ਹਨ ’ਚ ਵੀ ਮੱਦਦ ਕਰਦੀ ਹੈ। ਇਸ ਲਈ ਜਿੰਨ੍ਹਾਂ ਪਰਿਵਾਰਾਂ ਦੇ ਬੱਚੇ ਪੜ੍ਹਨਾ ਚਾਹੁੰਦੇ ਹਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਯੂਥ ਵਲੰਟੀਅਰਾਂ ਅਨੂ, ਪ੍ਰੇਮ, ਕਰਮਜੀਤ, ਵੀਨਾਕਸ਼ੀ, ਨੈਨਸੀ, ਦਿਨੇਸ਼, ਸੰਤੋਸ਼, ਦਿਲੀਸ਼ਾ ਸਿਮਰਨ ਅਤੇ ਹੋਰ ਮੈਂਬਰਾਂ ਹਾਜਰ ਸਨ।