ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਪ੍ਰਬੰਧਨ ਲਈ ਸੀਨਿਅਰ ਅਧਿਕਾਰੀ ਕਰ ਰਹੇ ਹਨ ਖੇਤਾਂ ਦੇ ਦੌਰੇ
- ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤਕਨੀਕੀ ਜਾਣਕਾਰੀ
ਫਾਜ਼ਿਲਕਾ 30 ਅਕਤੂਬਰ 2024 - ਜ਼ਿਲ੍ਹੇ ਵਿਚ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਦਾ ਮਾਰਗਦਰਸ਼ਨ ਕਰਨ ਅਤੇ ਉਨ੍ਹਾਂ ਨੂੰ ਪਰਾਲੀ ਨੂੰ ਸਾੜਨ ਲਈ ਪ੍ਰੇਰਿਤ ਕਰਨ ਲਈ ਜ਼ਿਲ੍ਹੇ ਦੇ ਸਮੂਹ ਸੀਨਿਅਰ ਅਧਿਕਾਰੀ ਖੇਤਾਂ ਦੇ ਦੌਰੇ ਕਰ ਰਹੇ ਹਨ। ਇਸੇ ਲੜੀ ਵਿਚ ਅਬੋਹਰ ਦੇ ਐਸਡੀਐਮ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਨੇ ਕਿਲਿਆਂਵਾਲੀ, ਪੱਤਰੇਵਾਲਾ, ਪੰਜਕੋਸੀ, ਦਾਨੇਵਾਲਾ ਆਦਿ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਪ੍ਬੰਧਨ ਲਈ ਪ੍ਰੇਰਿਤ ਕੀਤਾ।
ਓਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਨਿਰਦੇਸ਼ਨਾਂ ਵਿਚ ਸਾਰੇ ਸੀਨਿਅਰ ਅਧਿਕਾਰੀ, ਕਲਸਟਰ ਅਤੇ ਨੋਡਲ ਅਫ਼ਸਰ ਜ਼ਿਲ੍ਹੇ ਦਾ ਦੌਰਾ ਕਰ ਰਹੇ ਹਨ।
ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦੇ ਟੀਚੇ ਦੀ ਪੂਰਤੀ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿਚ ਸਹਿਯੋਗ ਕਰਨ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲੀ ਰਹਿੰਦ ਖੂਹੰਦ ਨੂੰ ਖੇਤ ਵਿਚ ਸੰਭਾਲ ਕੇ ਫ਼ਸਲਾਂ ਕਾਸ਼ਤ ਕਰਨ ਨਾਲ ਹੋਣ ਵਾਲੇ ਫਾਇਦਿਆਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਸੁਪਰ ਐੱਸ ਐੱਮ ਐਸ ਲੱਗੀ ਕੰਬਾਈਨ ਨਾਲ ਝੋਨੇਂ ਦੀ ਕਟਾਈ ਕਰਵਾਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੁੰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲਣ ਲਈ ਵਧੇਰੇ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਜੋ ਭਵਿਖ ਦੀ ਖੇਤੀ ਨੂੰ ਹੰਢਣਸਾਰ ਬਣਾਉਣ ਲਈ ਮਿੱਟੀ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਪਰ ਐੱਸ ਐੱਮ ਐੱਸ ਦੀ ਵਰਤੋਂ 2018 ਦੌਰਾਨ ਲਾਜ਼ਮੀ ਕੀਤੀ ਗਈ ਸੀ ਪ੍ਰੰਤੂ ਉਸ ਸਮੇਂ ਕੰਬਾਈਨ ਮਾਲਿਕ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਹੁਣ ਇਸ ਮਸ਼ੀਨ ਦੇ ਫਾਇਦਿਆਂ ਬਾਰੇ ਜਾਣੂ ਹੋਣ ਕਾਰਨ ਕਿਸਾਨਾਂ ਅੰਦਰ ਇਸ ਮਸ਼ੀਨ ਦੀ ਵਰਤੋਂ ਵਿਚ ਦਿਲਚਸਪੀ ਵਧ ਰਹੀ ਹੈ, ਜੋ ਅਗਲੇ ਸਾਲਾਂ ਵਿਚ ਹੋਰ ਵਧੇਗੀ।
ਉਨ੍ਹਾਂ ਦੱਸਿਆ ਕਿ ਸੁਪਰ ਐੱਸ ਐਮ ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਕਰਨ ਨਾਲ ਪਰਾਲੀ ਛੋਟੇ ਛੋਟੇ ਟੁਕੜਿਆਂ ਵਿਚ ਕੱਟ ਕੇ ਖੇਤ ਵਿਚ ਇਕਸਾਰ ਖਿੱਲਰ ਜਾਂਦੀ ਹੈ ਜਿਸ ਨਾਲ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਸੁਪਰ ਐੱਸ ਐੱਮ ਐੱਸ ਲੱਗੀ ਕੰਬਾਈਨ , ਆਮ ਕੰਬਾਈਨ ਨਾਲੋਂ ਡੀਜ਼ਲ ਤੇਲ ਦੀ ਖਪਤ ਵੱਧ ਕਰਦੀ ਹੈ ਪ੍ਰੰਤੂ ਇਸ ਦੀ ਵਰਤੋਂ ਨਾਲ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨਰੀ ਜਿਵੇਂ ਸੁਪਰ ,ਹੈਪੀ,ਸਮਾਰਟ ਸੀਡਰ ਦੀ ਕਾਰਜਕੁਸ਼ਲਤਾ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਪੈਦਾਵਾਰ ਨੂੰ ਚਿਰ ਸਥਾਈ ਬਣਾਉਣ ਲਈ ਫ਼ਸਲੀ ਰਹਿੰਦ ਖੂੰਹਦ ਨੂੰ ਖੇਤ ਵਿਚ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਲਗਾ ਕੇ ਸਾੜਨ ਜਾਂ ਬਾਹਰ ਕਢਣ ਨਾਲ ਮਿੱਟੀ ਦੀ ਸਿਹਤ ਵਿੱਚ ਵਿਗਾੜ ਆਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਕ ਏਕੜ ਦੀ ਪਰਾਲੀ ਨੁੰ ਖੇਤ ਵਿਚ ਸੰਭਾਲਣ ਨਾਲ ਮਿੱਟੀ ਨੂੰ 10 ਕੁਇੰਟਲ ਜੈਵਿਕ ਮਾਦਾ,15 ਕਿਲੋ ਨਾਈਟ੍ਰੋਜਨ,63 ਕਿਲੋ ਪੋਟਾਸ਼ , 7 ਕਿਲੋ ਫਾਸਫੋਰਸ ਅਤੇ 3 ਕਿਲੋ ਸਲਫ਼ਰ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਛੋਟੇ ਖੁਰਾਕੀ ਤੱਤ ਜਾਂਦੇ ਹਨ ਜਿਸ ਨਾਲ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹਮੇਸ਼ਾਂ ਬੀਜ ਨੂੰ ਕੀਟਨਾਸ਼ਕਾਂ ਜਿਵੇਂ 160 ਮਿਲੀ ਲਿਟਰ ਕਲੋਰੋਪਾਈਰੋਫਾਸ ਜਾਂ 80 ਮਿਲੀ ਲਿਟਰ ਇਮਿਡਾਕਲੋਪ੍ਰਿਡ+ ਹੈਕਸਕੋਨਜ਼ੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕਰਨੀ ਚਾਹੀਦੀ ਹੈ।