ਪ੍ਰਭ ਆਸਰਾ ਦੇ ਬੱਚਿਆਂ ਨੇ ਸਾਫ਼ ਕੀਤਾ ਪਟਾਖਿਆਂ ਦੀਆਂ ਸਟਾਲਾਂ ਦੁਆਰਾ ਖਿਲਾਰਿਆ ਕੂੜ-ਕਬਾੜ
ਪਟਾਕਿਆਂ ਦੇ ਵਪਾਰੀਆਂ ਨੇ ਮਾਲ ਕਮਾਓ, ਤਿਉਹਾਰ ਮਨਾਉ,ਗੰਦ ਪਾਉ ਤੇ ਘਰ ਨੂੰ ਜਾਓ ਦੀ ਗੱਲ ਤੇ ਕੀਤਾ ਅਮਲ,,
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 05 ਨਵੰਬਰ 2024 : ਉੱਤਰੀ ਭਾਰਤ ਦੀ ਸੱਭ ਤੋਂ ਵੱਡੀ ਥੋਕ ਪਟਾਕਿਆਂ ਦੀ ਮੰਡੀ ਵਜੋਂ ਪ੍ਰਸਿੱਧ ਕੁਰਾਲੀ ਸ਼ਹਿਰ ਦੇ ਬਾਈਪਾਸ ਦੁਆਲੇ ਦੀਵਾਲੀ ਮੌਕੇ ਪਟਾਕੇ ਦੇ ਵਪਾਰੀਆਂ ਵੱਲੋਂ ਕਰੋੜਾਂ ਦੇ ਪਟਾਕੇ, ਆਤਿਸ਼ਬਾਜ਼ੀ ਦਾ ਵਪਾਰ ਕਰਕੇ ਭਾਵੇ ਅਪਣੇ ਘਰ ਭਰ ਲਏ ਪਰੰਤੂ ਇਸ ਦੌਰਾਨ ਲੱਗੀਆਂ ਪਟਾਕਿਆਂ ਦੀਆਂ ਸਟਾਲਾਂ ਹਟਣ ਤੋਂ ਬਾਅਦ ਖਿੱਲਰਿਆ ਕੂੜਾ,ਰਹਿੰਦ ਖੂਹੰਦ ਸਮੇਟਣਾ ਭੁੱਲ ਗਏ। ਜਿਸ ਨੂੰ ਵੇਖ ਕੇ ਇੱਕ ਸਮਾਜ ਦਰਦੀ ਸੱਜਣ ਨੇ ਪ੍ਰਭ ਆਸਰਾ ਦਿਆਂ ਪ੍ਰਬੰਧਕਾਂ ਕੋਲ਼ ਇਸ ਨੂੰ ਸਮੇਟਣ ਤੇ ਸਾਫ਼ ਕਰਵਾਉਣ ਲਈ ਪਹੁੰਚ ਕੀਤੀ। ਜਿਸ ਤੋਂ ਬਾਅਦ ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਕੁੱਝ ਸੇਵਾਦਾਰਾਂ ਅਤੇ ਵੱਡੇ ਬੱਚਿਆਂ ਨਾਲ਼ ਇਸ ਸੇਵਾ ਬਾਬਤ ਗੱਲ ਕੀਤੀ। ਜੋ ਤੁਰੰਤ ਹੀ ਲੋੜੀਂਦਾ ਸਾਮਾਨ ਤੇ ਗੱਡੀ ਲੈ ਕੇ ਇਸ ਸਫ਼ਾਈ ਕਾਰਜ ਵਿੱਚ ਜੁਟ ਗਏ। ਇਸ ਦੌਰਾਨ ਉਨ੍ਹਾਂ ਪਿੰਡ ਪਡਿਆਲਾ ਤੋਂ ਸਿੰਘਪੁਰਾ ਤੱਕ ਸੜਕ (ਬਾਈਪਾਸ) ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ। ਜਿਕਰਯੋਗ ਹੈ ਕਿ ਪ੍ਰਭ ਆਸਰਾ ਵਿਖੇ ਹਰ ਸਾਲ ਦੀਵਾਲੀ ਮੌਕੇ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਜਿਸ ਦਰਮਿਆਨ ਪਟਾਖਿਆਂ ਆਦਿ ਤੋਂ ਹੁੰਦੇ ਪ੍ਰਦੂਸ਼ਣ ਅਤੇ ਸ਼ੋਰ ਬਾਰੇ ਜਾਗਰੂਕਤਾ 'ਤੇ ਉਚੇਚਾ ਧਿਆਨ ਦਿੱਤਾ ਜਾਂਦਾ ਹੈ।