ਪਟਿਆਲਾ: ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਲਈ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ
ਦੇਵੀਗੜ੍ਹ, 6 ਨਵੰਬਰ 2024 - ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਪ੍ਰੋਜੈਕਟ 2024-25 ਅਧੀਨ ਬਲਾਕ ਭੁਨਰਹੇੜੀ ਦੇ ਪਿੰਡ ਸਵਾਈ ਸਿੰਘ ਵਾਲਾ ਵਿਖੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ 60ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ.ਗੁਰਪ੍ਰੀਤ ਸਿੰਘ ਸਿੱਧੂ ਨੇ ਕਿਸਾਨਾਂ ਨਾਲ ਝੋਨੇ ਦੀ ਪਰਾਲੀ ਦੇ ਕੁਸ਼ਲ ਪ੍ਰਬੰਧਨ ਲਈ ਵੱਖ ਵੱਖ ਮਸ਼ੀਨਾਂ ਜਿਵੇਂ ਹੈਪੀ ਸੀਡਰ,ਸਮਾਰਟ ਸੀਡਰ,ਸਰਫੇਸ ਸੀਡਰ, ਮਲਚਰ, ਬੇਲਰ,ਸੀਡ ਡਰਿਲ ਆਦਿ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਕਰਕੇ ਬੀਜੀ ਕਣਕ ਵਿੱਚ ਖਾਦ ਪ੍ਰਬੰਧਨ ਅਤੇ ਕਣਕ ਦੇ ਬੀਜ ਨੂੰ ਲਗਾਏ ਜਾਣ ਵਾਲੇ ਜੀਵਾਣੂ ਖਾਦ ਦੇ ਟੀਕੇ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਕਣਕ ਵਿਚ ਨਦੀਨ ਪ੍ਰਬੰਧਨ ਵੇਲੇ ਪਾਣੀ ਦੀ ਮਾਤਰਾ ਅਤੇ ਨੋਜ਼ਲ ਦੀ ਸਹੀ ਚੋਣ ਦੇ ਮਹੱਤਵ ਬਾਰੇ ਦੱਸਿਆ।
ਪ੍ਰੋਫੈਸਰ (ਭੋਜਨ ਵਿਗਿਆਨ) ਡਾ. ਰਜਨੀ ਗੋਇਲ ਨੇ ਘਰੇਲੂ ਪੱਧਰ ਦੇ ਬਣੇ ਉਤਪਾਦਾਂ ਦੀ ਵਰਤੋਂ ਦੇ ਮਹੱਤਵ ਬਾਰੇ ਦੱਸਦਿਆਂ ਕਣਕ ਦੇ ਨਾਲ ਨਾਲ ਤੇਲ ਬੀਜ ਫ਼ਸਲਾਂ, ਦਾਲਾਂ ਅਤੇ ਫਲ਼ਾਂ ਦੀ ਕਾਸ਼ਤ ਨੂੰ ਅਪਣਾਉਣ ਉੱਪਰ ਜ਼ੋਰ ਦਿੱਤਾ। ਉਹਨਾਂ ਤੇਲ ਬੀਜ ਫ਼ਸਲਾਂ, ਦਾਲਾਂ, ਹਲਦੀ, ਗੰਨੇ ਅਤੇ ਫਲ਼ਾਂ ਦੀ ਪ੍ਰੋਸੈਸਿੰਗ ਅਤੇ ਪੈਕਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਉਹਨਾਂ ਨੇ ਭੋਜਨ ਪਦਾਰਥਾਂ ਵਿਚ ਹਾਨੀਕਾਰਕ ਰਸਾਇਣਾਂ ਦੀ ਰਹਿੰਦ-ਖੂੰਹਦ ਦੇ ਮਨੁੱਖੀ ਸਿਹਤ ਉੱਪਰ ਮਾੜੇ ਪ੍ਰਭਾਵਾਂ ਬਾਰੇ ਦੱਸਦਿਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਰਸਾਇਣਾਂ ਦੀ ਸਹੀ ਮਿਕਦਾਰ ਸਹੀ ਸਮੇਂ ਤੇ ਵਰਤੋਂ ਕਰਨ ਸਬੰਧੀ ਪ੍ਰੇਰਿਤ ਕੀਤਾ। ਇੱਕ ਦਹਾਕੇ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਅਗਾਂਹਵਧੂ ਕਿਸਾਨ ਸ. ਜਗੀਰ ਸਿੰਘ ਨੇ ਪਰਾਲੀ ਪ੍ਰਬੰਧਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਇਸ ਮੌਕੇ ਅਜੀਤ ਸਿੰਘ, ਸਾਬਕਾ ਚੇਅਰਮੈਨ, ਮਾਰਕਿਟ ਕਮੇਟੀ, ਮਲਕੀਤ ਸਿੰਘ, ਭਜਨ ਸਿੰਘ, ਸੁਖਦੇਵ ਸਿੰਘ, ਕਰਮਜੀਤ ਸਿੰਘ ਅਤੇ ਜਤਿੰਦਰ ਸਿੰਘ ਵੀ ਹਾਜ਼ਰ ਰਹੇ। ਡਾ. ਰਜਨੀ ਗੋਇਲ ਨੇ ਕੈਂਪ ਵਿੱਚ ਆਏ ਹੋਏ ਸਾਰੇ ਕਿਸਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।