PSPCL ਅਤੇ GNDEC ਲੁਧਿਆਣਾ ਨੇ PSPCL ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ MoU 'ਤੇ ਹਸਤਾਖਰ ਕੀਤੇ: ਈ.ਟੀ.ਓ.
- ਇਹ ਪ੍ਰੋਗਰਾਮ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਦੇ ਹੁਨਰ ਨੂੰ ਵਧਾਏਗਾ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਜੋੜੇਗਾ।
ਲੁਧਿਆਣਾ, 6 ਨਵੰਬਰ, 2024: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ.), ਲੁਧਿਆਣਾ ਨੇ ਪੰਜਾਬ ਦੇ ਊਰਜਾ ਮੰਤਰੀ, ਹਰਭਜਨ ਸਿੰਘ ਈ.ਟੀ.ਓ. ਦੀ ਅਗਵਾਈ ਹੇਠ ਇੱਕ ਸਮਝੌਤਾ ਪੱਤਰ (ਐਮ.ਓ.ਯੂ.) 'ਤੇ ਹਸਤਾਖਰ ਕੀਤੇ ਹਨ। ਇਹ ਸਹਿਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸ਼ੁਰੂ ਕੀਤੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਰੱਖਦਾ ਹੈ।
ਇਸ ਐਮ.ਓ.ਯੂ. ਦਾ ਉਦੇਸ਼ ਸਿਖਲਾਈ ਮੋਡਿਊਲਾਂ ਦੀ ਤਿਆਰੀ ਅਤੇ ਵੰਡ ਸਮੇਤ ਸਮਰੱਥਾ-ਨਿਰਮਾਣ ਪ੍ਰੋਗਰਾਮ ਚਲਾਉਣਾ ਹੈ, ਅਤੇ ਸਰਕਾਰੀ ਏਜੰਸੀਆਂ, ਬਹੁ-ਪੱਖੀ ਏਜੰਸੀਆਂ, ਅਤੇ ਹੋਰ ਹਿੱਸੇਦਾਰਾਂ ਨੂੰ ਵਿਸ਼ੇਸ਼ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ, ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਆਪਸੀ ਹਿੱਤ ਦੇ ਵਿਸ਼ਿਆਂ/ਖੇਤਰਾਂ ਵਿੱਚ ਖੋਜ ਸਹਿਯੋਗ ਦੇ ਵਿਕਾਸ ਅਤੇ ਪ੍ਰਚਾਰ ਲਈ ਸਹਿਯੋਗ ਕਰਨਗੇ, ਜਿਸ ਦੇ ਨਤੀਜੇ ਵਜੋਂ ਅਧਿਕਾਰੀਆਂ ਨੂੰ ਡਿਗਰੀਆਂ/ਡਿਪਲੋਮੇ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਹ ਐਮ.ਓ.ਯੂ. ਅਗਲੇ 3 ਸਾਲਾਂ ਲਈ ਲਾਗੂ ਰਹੇਗਾ।
ਐਮ.ਓ.ਯੂ. ਦੇ ਦਾਇਰੇ ਵਿੱਚ ਨਵੀਨਤਮ ਉਦਯੋਗਿਕ ਵਿਕਾਸ ਅਤੇ ਲੋੜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਵਿਚਕਾਰ ਗੱਲਬਾਤ ਨੂੰ ਵਧਾਉਣਾ ਸ਼ਾਮਲ ਹੈ। ਜੀ.ਐਨ.ਡੀ.ਈ.ਸੀ. ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਨੂੰ ਸਮਰੱਥਾ-ਨਿਰਮਾਣ ਪ੍ਰੋਗਰਾਮ ਪੇਸ਼ ਕਰੇਗਾ, ਜੋ ਉਨ੍ਹਾਂ ਦੇ ਹੁਨਰਾਂ ਨੂੰ ਵਧਾਏਗਾ ਅਤੇ ਖਾਸ ਤੌਰ 'ਤੇ ਸਮਾਰਟ ਗਰਿੱਡ, ਸਮੱਗਰੀ ਚੋਣ, ਫੇਲ੍ਹ ਵਿਸ਼ਲੇਸ਼ਣ ਅਤੇ ਸਮੱਗਰੀ ਦੀ ਵਿਸ਼ੇਸ਼ਤਾ, ਡਾਟਾ ਵਿਸ਼ਲੇਸ਼ਣ, ਅਤੇ ਪਾਵਰ ਵੰਡ ਪ੍ਰਣਾਲੀਆਂ, ਅਤੇ ਹੋਰ ਇੰਜੀਨੀਅਰਿੰਗ ਖੇਤਰਾਂ ਵਿੱਚ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਜੋੜੇਗਾ।
ਸਕੋਪ ਵਿੱਚ ਇਹ ਵੀ ਸ਼ਾਮਲ ਹੈ ਕਿ ਪੀ.ਐਸ.ਪੀ.ਸੀ.ਐਲ. ਖੋਜ ਉਦੇਸ਼ਾਂ ਲਈ ਡਾਟਾ ਅਤੇ ਕੇਸ ਸਟੱਡੀਜ਼ ਪ੍ਰਦਾਨ ਕਰਕੇ ਜੀ.ਐਨ.ਡੀ.ਈ.ਸੀ. ਨੂੰ ਜ਼ਰੂਰੀ ਸਹਿਯੋਗ ਦੇਵੇਗਾ, ਜਿਸ ਨਾਲ ਵਿਦਿਆਰਥੀ ਅਸਲ ਉਦਯੋਗਿਕ ਚੁਣੌਤੀਆਂ ਦਾ ਹੱਲ ਕੱਢ ਸਕਣਗੇ।
ਇਸ ਸਹਿਯੋਗ ਵਿੱਚ ਨਿਯਮਿਤ ਫੈਕਲਟੀ ਐਕਸਚੇਂਜ, ਸਾਂਝੇ ਅਪਲਾਈਡ ਰਿਸਰਚ ਅਧਿਐਨ, ਅਤੇ ਆਪਸੀ ਹਿੱਤਾਂ ਦੇ ਖੇਤਰਾਂ ਵਿੱਚ ਰਣਨੀਤਕ ਨੀਤੀ ਪੇਪਰਾਂ ਦਾ ਵਿਕਾਸ ਸ਼ਾਮਲ ਹੋਵੇਗਾ।
ਦੋਵੇਂ ਧਿਰਾਂ ਆਪਣੇ-ਆਪਣੇ ਪਰਿਸਰਾਂ ਵਿੱਚ ਹੁਨਰ ਵਿਕਾਸ ਅਤੇ ਸਿਖਲਾਈ ਲਈ ਵਰਕਸ਼ਾਪਾਂ, ਸੈਮੀਨਾਰ, ਛੋਟੀ-ਮਿਆਦ ਦੇ ਕੋਰਸ, ਅਤੇ ਸਰਟੀਫਿਕੇਸ਼ਨ ਪ੍ਰੋਗਰਾਮਾਂ ਦੀ ਸਾਂਝੀ ਮੇਜ਼ਬਾਨੀ ਕਰਨਗੀਆਂ।
ਇਸ ਸਮਝੌਤੇ ਵਿੱਚ ਖੋਜ ਅਤੇ ਅਧਿਐਨ ਲਈ ਲਾਇਬ੍ਰੇਰੀਆਂ ਅਤੇ ਈ-ਜਰਨਲਾਂ ਤੱਕ ਆਪਸੀ ਪਹੁੰਚ ਸ਼ਾਮਲ ਹੈ। ਇਹ ਸਿਖਲਾਈ ਪ੍ਰੋਗਰਾਮ ਅਤੇ ਗਤੀਵਿਧੀਆਂ ਪਹਿਲਾਂ ਤੋਂ ਯੋਜਨਾਬੱਧ ਅਤੇ ਰਸਮੀ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਸਮਾਂ-ਸਾਰਣੀ ਆਪਸੀ ਸਹੂਲਤ, ਲੋੜਾਂ, ਅਤੇ ਸਹਿਮਤ ਹਵਾਲੇ ਦੀਆਂ ਸ਼ਰਤਾਂ (ਟੀ.ਓ.ਆਰ.) ਦੇ ਆਧਾਰ 'ਤੇ ਤੈਅ ਕੀਤੀ ਜਾਵੇਗੀ।
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ.), ਲੁਧਿਆਣਾ ਦੀ ਇਸ ਐਮ.ਓ.ਯੂ. ਤਹਿਤ ਕੋਈ ਵਿੱਤੀ ਜ਼ਿੰਮੇਵਾਰੀ ਨਹੀਂ ਹੈ। ਜੀ.ਐਨ.ਡੀ.ਈ.ਸੀ. ਐਮ.ਓ.ਯੂ. ਵਿੱਚ ਦਰਸਾਈਆਂ ਅਕਾਦਮਿਕ ਅਤੇ ਖੋਜ ਗਤੀਵਿਧੀਆਂ ਵਿੱਚ ਹਿੱਸਾ ਲਵੇਗਾ, ਅਤੇ ਕਿਸੇ ਵੀ ਵਿੱਤੀ ਵਿਚਾਰਾਂ ਨੂੰ ਵੱਖਰੇ ਤੌਰ 'ਤੇ ਨਜਿੱਠਿਆ ਜਾਵੇਗਾ।
ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਇੰਜੀ. ਬਲਦੇਵ ਸਿੰਘ ਸਰਾਂ, ਡਾਇਰੈਕਟਰ/ਮਨੁੱਖੀ ਸਰੋਤ ਇੰਜੀ. ਰਵਿੰਦਰ ਸਿੰਘ ਸੈਣੀ, ਜੀ.ਐਨ.ਡੀ.ਈ.ਸੀ. ਲੁਧਿਆਣਾ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਐਮ.ਓ.ਯੂ. 'ਤੇ ਦਸਤਖ਼ਤ ਕਰਨ ਸਮੇਂ ਹਾਜ਼ਰ ਸਨ।
ਇਸ ਦੌਰਾਨ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਆਸ ਪ੍ਰਗਟਾਈ ਕਿ ਇਹ ਐਮ.ਓ.ਯੂ. ਭਵਿੱਖ ਵਿੱਚ ਪੀ.ਐਸ.ਪੀ.ਸੀ.ਐਲ. ਦੀ ਪੇਸ਼ੇਵਰਤਾ ਅਤੇ ਕਾਰਜਕੁਸ਼ਲਤਾ ਨੂੰ ਵਧਾਏਗਾ। ਉਨ੍ਹਾਂ ਨੇ ਐਮ.ਓ.ਯੂ. ਵਿੱਚ ਦਰਸਾਏ ਅਨੁਸਾਰ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੁਨਰਾਂ ਨੂੰ ਸੁਧਾਰਨ ਅਤੇ ਅਤਿ-ਆਧੁਨਿਕ ਤਕਨਾਲੋਜੀਆਂ ਦਾ ਤਜਰਬਾ ਦੇਣ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਪੇਸ਼ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਵਿਸ਼ਵਾਸ ਪ੍ਰਗਟਾਇਆ ਕਿ ਐਮ.ਓ.ਯੂ. ਪੀ.ਐਸ.ਪੀ.ਸੀ.ਐਲ. ਅਤੇ ਰਾਜ ਦੋਵਾਂ ਲਈ ਬਹੁਤ ਲਾਭਦਾਇਕ ਹੋਵੇਗਾ।